ਪਖਾਨੇ ’ਚੋਂ ਮਿਲੇ ਸੈਨੇਟਰੀ ਪੈਡ ; ਅਧਿਆਪਕਾ ਨੇ ਲੁਹਾਏ ਵਿਦਿਆਰਥਣਾਂ ਦੇ ਕੱਪਡ਼ੇ

11/04/2018 6:41:14 AM

ਅਬੋਹਰ, (ਰਹੇਜਾ,  ਸਨੀਲ)– ਸੈਨੇਟਰੀ ਪੈਡ  ਪਖਾਨੇ ’ਚੋਂ ਮਿਲਣ ’ਤੇ ਭਡ਼ਕੀ ਇਕ ਅਧਿਆਪਕਾ ਵੱਲੋਂ ਇਕ ਦਰਜਨ ਤੋਂ ਵੱਧ ਵਿਦਿਆਰਥਣਾਂ ਦੇ ਕੱਪਡ਼ੇ ਲਾਹ ਕੇ ਜਾਂਚ ਕਰਨ ਦੀ ਘਟਨਾ ਦਾ ਬੱਚਿਆਂ  ਦੇ ਮਾਪਿਆਂ ਨੇ ਵਿਰੋਧ ਕੀਤਾ। ਪਿੰਡ ਵਾਸੀਆਂ ਦਾ ਰੋਸ ਵਧਦਾ ਵੇਖ ਅਬੋਹਰ ਦੀ ਉਪਮੰਡਲ ਮੈਜਿਸਟ੍ਰੇਟ ਜਾਂਚ ਕਰਨ ਲਈ ਪਿੰਡ ਪਹੁੰਚ ਗਈ। ਪ੍ਰਬੰਧਕੀ ਜਾਂਚ ਪੂਰੀ ਹੋਣ ਤੱਕ ਕਥਿਤ ਰੂਪ ਤੋਂ ਵਿਦਿਆਰਥਣਾਂ ਦੇ ਕੱਪਡ਼ੇ ਲਾਹੁਣ ਵਾਲੀ ਅਧਿਆਪਕਾ ਨੂੰ ਸਕੂਲ ’ਚ ਨਾ  ਦਾਖਲ ਹੋਣ ਦੇਣ ਲਈ ਉੱਚ ਅਧਿਕਾਰੀਆਂ ਨੂੰ ਲਿਖਣ ਦੀ ਗੱਲ ਉਪਮੰਡਲ ਮੈਜਿਸਟ੍ਰੇਟ ਨੇ ਕਹੀ ਹੈ। 
ਘਟਨਾ ਅਬੋਹਰ ਉਪਮੰਡਲ ਦੇ ਪਿੰਡ ਕੁੰਡਲ ’ਚ 2 ਦਿਨ ਪਹਿਲਾਂ ਦੀ ਹੈ। ਇਸ ਸਕੂਲ ’ਚ 5ਵੀਂ ਤੋਂ 8ਵੀਂ ਜਮਾਤ ਤੱਕ ਪਡ਼੍ਹਨ ਵਾਲੀਆਂ ਕਰੀਬ ਡੇਢ ਦਰਜਨ ਵਿਦਿਆਰਥਣਾਂ ਇਕ ਅਧਿਆਪਕਾ ਦੇ ਗੁੱਸੇ ਦਾ ਸ਼ਿਕਾਰ ਬਣ ਗਈਅਾਂ। ਵਜ੍ਹਾ ਇਹ ਸੀ ਕਿ ਸਕੂਲ ਦੇ ਪਖਾਨੇ ’ਚ ਕੁਝ ਸੈਨੇਟਰੀ ਪੈਡ ਪਾਏ ਗਏ। ਉਪਰੋਕਤ ਅਧਿਆਪਕਾ ਨੇ ਇਹ ਪਤਾ ਲਾਉਣ ਲਈ ਕਿ ਸੈਨੇਟਰੀ ਪੈਡ ਨੂੰ ਵਰਤੋਂ ’ਚ ਲੈਣ ਵਾਲੀ ਲਡ਼ਕੀ ਕੌਣ ਹੈ,  ਇਕ-ਇਕ ਕਰ ਕੇ ਕਰੀਬ ਡੇਢ ਦਰਜਨ ਲਡ਼ਕੀਆਂ ਦੇ ਸਕੂਲ ’ਚ ਹੀ ਕੱਪਡ਼ੇ ਉਤਰਵਾ ਲਏ। ਗੁੱਸੇ ਅਤੇ ਸ਼ਰਮ ਤੋਂ ਭਡ਼ਕੀਆਂ ਕਰੀਬ 10 ਤੋਂ 13 ਸਾਲ ਦੀਆਂ ਇਨ੍ਹਾਂ ਵਿਦਿਆਰਥਣਾਂ ਨੇ ਸਾਰੀ ਗੱਲ ਆਪਣੇ ਪਰਿਵਾਰਾਂ ਦੀਆਂ ਅੌਰਤਾਂ ਨੂੰ ਦੱਸੀ। ਅੱਜ ਸਵੇਰੇ ਵਿਦਿਆਰਥਣਾਂ ਆਪਣੇ ਪਰਿਵਾਰਾਂ ਦੀਆਂ ਅੌਰਤਾਂ ਅਤੇ ਵੱਡੇ ਬਜ਼ੁਰਗਾਂ ਨੂੰ ਨਾਲ ਲੈ ਕੇ ਸਕੂਲ ਪੁੱਜੀਆਂ, ਜਿਥੇ ਪਿੰਡ ਦੀਆਂ ਅੌਰਤਾਂ ਨੇ ਮਾਸਟਰਨੀ  ਖਿਲਾਫ ਹੰਗਾਮਾ ਖਡ਼੍ਹਾ ਕਰ ਦਿੱਤਾ।
ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਉਪਮੰਡਲ ਮੈਜਿਸਟ੍ਰੇਟ ਪੂਨਮ ਸਿੰਘ, ਸਰਕਾਰੀ ਹਸਪਤਾਲ ਦੀ ਮੈਡੀਕਲ ਅਫਸਰ ਡਾ. ਸ਼ੈਲੀ ਅਤੇ ਸਬ-ਡਵੀਜ਼ਨ ਪੁਲਸ ਵੂਮੈਨ ਸੈੱਲ ਦੀ ਇੰਚਾਰਜ ਸੁਨੀਤਾ ਰਾਣੀ ਪੁਲਸ ਫੋਰਸ ਦੇ ਨਾਲ ਜਾਂਚ ਕਰਨ ਲਈ ਪਿੰਡ ਵਿਚ ਪੁੱਜੀ। ਉਪਮੰਡਲ ਮੈਜਿਸਟ੍ਰੇਟ ਨੇ ਪਿੰਡ ’ਚ ਪੁੱਜ ਕੇ ਵਿਦਿਆਰਥਣਾਂ ਅਤੇ ਉਨ੍ਹਾਂ  ਦੇ  ਪਰਿਵਾਰਾਂ ਦੀਆਂ ਅੌਰਤਾਂ ਨਾਲ ਗੱਲ  ਕਰ ਕੇ ਘਟਨਾ ਦੀ ਜਾਣਕਾਰੀ ਲਈ। 
ਮਾਮਲਾ ਗੰਭੀਰ, ਕੀਤਾ ਜਾਵੇਗਾ  ਕਮੇਟੀ ਦਾ ਗਠਨ, ਇਕ ਹਫਤੇ ’ਚ ਦੇਵੇਗੀ ਰਿਪੋਰਟ
ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਪੂਨਮ ਸਿੰਘ ਨੇ ਕਿਹਾ ਕਿ ਮਾਮਲਾ ਬੇਹੱਦ ਗੰਭੀਰ ਹੈ ਅਤੇ ਇਸ ਮਾਮਲੇ ’ਚ ਅੱਜ ਹੀ ਇਕ ਜਾਂਚ ਕਮੇਟੀ ਬਣਾਈ ਜਾਵੇਗੀ।
 ਇਹ ਕਮੇਟੀ ਇਕ ਹਫਤੇ ’ਚ ਰਿਪੋਰਟ ਦੇਵੇਗੀ, ਨਾਲ ਹੀ ਉਨ੍ਹਾਂ ਕਿਹਾ ਕਿ ਰਿਪੋਰਟ ਆਉਣ ਤੱਕ ਬੱਚਿਆਂ ਦੇ ਨਾਲ ਕਥਿਤ ਰੂਪ ਤੋਂ ਮਾੜਾ ਵਿਵਹਾਰ  ਕਰਨ ਦੇ ਦੋਸ਼ਾਂ ਦੇ ਘੇਰੇ ’ਚ ਆਉਣ ਵਾਲੀ ਮਾਸਟਰਨੀ ਨੂੰ ਸਕੂਲ ਤੋਂ ਫਾਰਗ ਕਰਨ ਲਈ ਉੱਚ ਅਧਿਕਾਰੀਆਂ ਨੂੰ ਲਿਖਿਆ ਜਾ ਰਿਹਾ ਹੈ। ਜਦ  ਉਕਤ ਅਧਿਆਪਕਾ  ਦੋਸ਼ੀ  ਪਾਈ ਗਈ ਤਾਂ  ਉਸ   ਖਿਲਾਫ  ਸਖਤ ਕਾਰਵਾਈ ਕੀਤੀ  ਜਾਵੇਗੀ।
ਅਧਿਆਪਕਾ ਨੇ  ਦੋਸ਼ ਨਕਾਰੇ
ਜਾਂਚ  ਦੇ ਘੇਰੇ ’ਚ ਆਉਣ ਵਾਲੀ ਜੋਤੀ ਨਾਮਕ ਮਾਸਟਰਨੀ ਤੋਂ ਉਸ ਦਾ ਪੱਖ ਜਾਣਨਾ ਚਾਹਿਆ ਤਾਂ ਉਸ   ਨੇ ਵਿਦਿਆਰਥਣਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਘਟਨਾ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ। ਸਕੂਲ ਦੀ ਮੁੱਖ ਅਧਿਆਪਕਾ ਪਰਮਜੀਤ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਨੇ ਉਨ੍ਹਾਂ ਨੂੰ ਇਸ ਬਾਰੇ ਕੋਈ ਸ਼ਿਕਾਇਤ ਨਹੀਂ ਦਿੱਤੀ।  


Related News