ਜ਼ਿਲੇ ਦੀਆਂ 15 ਹਜ਼ਾਰ ਵਿਧਵਾ ਔਰਤਾਂ 4 ਮਹੀਨਿਆਂ ਤੋਂ ਪੈਨਸ਼ਨ ਨਾ ਮਿਲਣ ਕਾਰਣ ''ਪ੍ਰੇਸ਼ਾਨ''

02/22/2020 12:56:47 PM

ਮੋਗਾ (ਗੋਪੀ ਰਾਊਕੇ): ਵਿਧਵਾ ਔਰਤਾਂ ਦੀ ਜ਼ਿੰਦਗੀ ਸਿਰਾਂ ਦੇ ਸਾਈਂ ਨਾ ਹੋਣ ਕਰ ਕੇ ਵਿਰਾਨ ਹੈ। ਹਰ ਪੈਰ 'ਤੇ ਇਨ੍ਹਾਂ ਔਰਤਾਂ ਨੂੰ ਇਕੱਲਿਆਂ ਹੀ ਜ਼ਿੰਦਗੀ ਦਾ ਸਫਰ ਮੁਕਾਉਣਾ ਪੈਂਦਾ ਹੈ। ਅਨੇਕਾਂ ਔਖੀਆਂ ਮੁਸੀਬਤਾਂ 'ਚੋਂ ਲੰਘ ਰਹੀਆਂ ਇਨ੍ਹਾਂ ਔਰਤਾਂ ਨੂੰ ਸਮੇਂ ਦੀਆਂ ਸਰਕਾਰਾਂ ਨੇ ਭਾਵੇਂ ਅਨੇਕਾਂ ਭਲਾਈ ਸਕੀਮਾਂ ਮੁਹੱਈਆ ਕਰਵਾਉਣ ਦੇ ਵੱਡੇ ਦਾਅਵੇ ਕੀਤੇ ਹਨ ਪਰ ਜ਼ਮੀਨੀ ਹਕੀਕਤ ਇਨ੍ਹਾਂ ਦਾਅਵਿਆਂ ਨਾਲ ਰੱਤੀ ਭਰ ਵੀ ਮੇਲ ਖਾਂਦੀ ਨਜ਼ਰ ਨਹੀਂ ਆ ਰਹੀ ਹੈ ਕਿਉਂਕਿ ਸਰਕਾਰ ਨੇ ਇਨ੍ਹਾਂ ਵਿਧਵਾ ਔਰਤਾਂ ਨੂੰ ਹੋਰ ਸਹੂਲਤਾਂ ਤਾਂ ਕੀ ਮੁਹੱਈਆ ਕਰਵਾਉਣੀਆਂ ਹਨ, ਸਗੋਂ ਇਨ੍ਹਾਂ ਨੂੰ ਸਰਕਾਰ ਵੱਲੋਂ ਮਿਲਦੀ 750 ਰੁਪਏ ਦੀ ਪੈਨਸ਼ਨ ਹਾਸਲ ਕਰਨ ਲਈ ਹੀ 'ਸਰਕਾਰੇ ਦਰਬਾਰੇ' ਦੇ ਅਨੇਕਾਂ ਚੱਕਰ ਕੱਟਣੇ ਪੈਂਦੇ ਹਨ, ਜਿਸ ਕਰ ਕੇ ਵਿਧਵਾਂ ਔਰਤਾਂ ਨੂੰ ਕਾਫੀ ਮੁਸ਼ਕਲਾਂ ਪੇਸ਼ ਆਉਂਦੀਆਂ ਹਨ।

'ਜਗ ਬਾਣੀ' ਵੱਲੋਂ ਹਾਸਲ ਕੀਤੇ ਗਏ ਵੇਰਵਿਆਂ ਅਨੁਸਾਰ ਪੰਜਾਬ 'ਚ ਪਿਛਲੇ 4 ਮਹੀਨਿਆਂ ਤੋਂ ਵਿਧਵਾ ਔਰਤਾਂ ਨੂੰ ਪੈਨਸ਼ਨਾਂ ਨਹੀਂ ਮਿਲ ਰਹੀਆਂ ਹਨ। ਪਤਾ ਲੱਗਾ ਹੈ ਕਿ ਸਰਕਾਰ ਨੇ ਹੋਰ ਦਿੱਤੀਆਂ ਜਾਣ ਵਾਲੀਆਂ ਪੈਨਸ਼ਨਾਂ ਤਾਂ ਲਾਭਪਾਤਰੀਆਂ ਨੂੰ ਵੰਡ ਦਿੱਤੀਆਂ ਹਨ ਪਰ ਵਿਧਵਾ ਔਰਤਾਂ ਦੇ ਖਾਤਿਆਂ 'ਚ ਪੈਨਸ਼ਨਾਂ ਹਾਲੇ ਤੱਕ ਨਹੀਂ ਆਈਆਂ ਹਨ, ਜਿਸ ਕਰ ਕੇ ਉਨ੍ਹਾਂ ਦਾ ਸਮੁੱਚਾ ਘਰੇਲੂ 'ਤਾਣਾ-ਬਾਣਾ' ਉਲਝ ਕੇ ਰਹਿ ਗਿਆ ਹੈ। ਪੰਜਾਬ ਦੇ ਦਿਲ ਵਜੋਂ ਜਾਣੇ ਜਾਂਦੇ ਮੋਗਾ ਜ਼ਿਲੇ 'ਚ 15 ਹਜ਼ਾਰ ਦੇ ਲਗਭਗ ਵਿਧਵਾ ਔਰਤਾਂ ਨੂੰ ਪੈਨਸ਼ਨਾਂ ਨਹੀਂ ਮਿਲੀਆਂ। ਪਿੰਡ ਭਿੰਡਰ ਕਲਾਂ ਦੀ ਵਿਧਵਾ ਔਰਤ ਜਸਵਿੰਦਰ ਕੌਰ ਦਾ ਕਹਿਣਾ ਸੀ ਕਿ ਪਿੰਡ 'ਚ ਵਿਧਵਾ ਔਰਤਾਂ ਨੂੰ ਪੈਨਸ਼ਨਾਂ ਨਹੀਂ ਮਿਲੀਆਂ ਹਨ। ਬੈਂਕ ਖਾਤਿਆਂ 'ਚ ਪੈਨਸ਼ਨਾਂ ਨਾ ਆਉਣ ਦੇ ਕਾਰਣ ਜਦੋਂ ਬੈਂਕ ਮੁਲਾਜ਼ਮਾਂ ਨੂੰ ਪੁੱਛੇ ਜਾਂਦੇ ਹਨ ਤਾਂ ਉਹ ਮੁਲਾਜ਼ਮ ਦੱਸਦੇ ਹਨ ਕਿ ਖਜ਼ਾਨੇ 'ਚੋਂ ਪੈਨਸ਼ਨਾਂ ਨਹੀਂ ਆਈਆਂ। ਉਨ੍ਹਾਂ ਕਿਹਾ ਕਿ ਬੁਢਾਪਾ ਅਤੇ ਹੋਰ ਲਾਭਪਾਤਰੀਆਂ ਦੀਆਂ ਪੈਨਸ਼ਨਾਂ ਆਉਣ ਕਰ ਕੇ ਸਥਿਤੀ 'ਭੰਬਲ-ਭੂਸੇ' ਵਾਲੀ ਬਣੀ ਹੋਈ ਹੈ। ਕਾਫੀ ਲੰਮੇ ਸਮੇਂ ਮਗਰੋਂ ਅਜਿਹੀ ਮੁਸ਼ਕਲ ਦੇਖਣ ਨੂੰ ਮਿਲੀ ਹੈ, ਜਦਕਿ ਪਹਿਲਾਂ ਸਮੇਂ ਸਿਰ ਪੈਨਸ਼ਨਾਂ ਆ ਜਾਂਦੀਆਂ ਸਨ। ਪੰਜਾਬ ਸਰਕਾਰ ਦੇ ਭਲਾਈ ਵਿਭਾਗ ਨੂੰ ਤੁਰੰਤ ਵਿਧਵਾ ਔਰਤਾਂ ਨੂੰ ਪੈਨਸ਼ਨਾਂ ਦੀ ਬਣਦੀ ਰਾਸ਼ੀ ਜਾਰੀ ਕਰਨੀ ਚਾਹੀਦੀ ਹੈ।

ਅਕਤੂਬਰ ਮਹੀਨੇ ਮਗਰੋਂ ਨਹੀਂ ਮਿਲੀਆਂ ਪੈਨਸ਼ਨਾਂ
ਸਮਾਜ ਭਲਾਈ ਦਫਤਰ ਤੋਂ ਇਕੱਤਰ ਵੇਰਵਿਆਂ ਅਨੁਸਾਰ ਅਕਤੂਬਰ ਮਹੀਨੇ ਮਗਰੋਂ ਨਵੰਬਰ, ਦਸੰਬਰ, ਜਨਵਰੀ ਅਤੇ ਫਰਵਰੀ ਮਹੀਨੇ ਦੀ ਪੈਨਸ਼ਨ ਨਹੀਂ ਮਿਲੀ ਹੈ। ਦੱਸਣਾ ਬਣਦਾ ਹੈ ਕਿ ਪਿਛਲੇ ਸਾਲ ਵੀ ਵਿਧਵਾ ਔਰਤਾਂ ਨੂੰ ਦੋ ਮਹੀਨੇ ਦੀ ਪੈਨਸ਼ਨ ਨਹੀਂ ਮਿਲੀ ਸੀ ਅਤੇ ਇਹ ਮਾਮਲਾ ਪਿਛਲੇ ਵਰ੍ਹੇ ਵੀ ਮੀਡੀਆ 'ਚ ਪ੍ਰਕਾਸ਼ਿਤ ਹੋਣ ਮਗਰੋਂ ਹੀ ਵੱਡੇ ਪੱਧਰ 'ਤੇ ਉਜਾਗਰ ਹੋਇਆ ਸੀ।

ਰੋਜ਼ਾਨਾ ਦਫਤਰ ਦੇ 'ਗੇੜੇ' ਕੱਢ ਰਹੀਆਂ ਨੇ ਵਿਧਵਾ ਔਰਤਾਂ
ਜ਼ਿਲੇ ਭਰ ਦੀਆਂ ਵਿਧਵਾ ਔਰਤਾਂ ਚਾਰ ਮਹੀਨਿਆਂ ਤੋਂ ਪੈਨਸ਼ਨ ਨਾ ਮਿਲਣ ਦੇ ਕਾਰਣਾਂ ਦਾ ਪਤਾ ਲਾਉਣ ਲਈ ਰੋਜ਼ਾਨਾ ਸਮਾਜ ਭਲਾਈ ਦਫਤਰ ਮੋਗਾ ਦੇ 'ਗੇੜੇ' ਕੱਢ ਰਹੀਆਂ ਹਨ। ਦਫ਼ਤਰ ਵਿਖੇ ਦੁੱਖੜੇ ਫਰੋਲਦਿਆਂ ਅੰਗਰੇਜ਼ ਕੌਰ, ਬਲਜਿੰਦਰ ਕੌਰ ਆਦਿ ਨੇ ਦੱਸਿਆ ਕਿ ਉਨ੍ਹਾਂ ਦਾ ਸਮੁੱਚਾ ਘਰੇਲੂ ਕੰਮਕਾਰ ਹੀ ਰੁਕ ਗਿਆ ਹੈ ਕਿਉਂਕਿ ਉਹ ਪੈਨਸ਼ਨਾਂ ਨਾਲ ਹੀ ਆਪਣੀ ਜ਼ਿੰਦਗੀ ਦਾ ਨਿਰਬਾਹ ਕਰਦੀਆਂ ਹਨ। ਪਹਿਲਾਂ ਹੀ ਸਿਰਾਂ ਦੇ ਸਾਈਂਆਂ ਦੇ ਅੱਧ-ਵਿਚਕਾਰ ਸਾਨੂੰ ਛੱਡ ਕੇ ਚਲੇ ਜਾਣ ਮਗਰੋਂ ਅਨੇਕਾਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਹੁਣ ਜਦੋਂ ਸਰਕਾਰ ਨੇ ਸਮੇਂ ਸਿਰ ਪੈਨਸ਼ਨ ਨਹੀਂ ਦਿੱਤੀ ਤਾਂ ਮੁਸ਼ਕਲਾਂ ਹੋਰ ਵੀ ਵਧੇਰੇ ਹੋ ਗਈਆਂ ਹਨ।
ਪੰਜਾਬ ਸਰਕਾਰ ਨੇ ਆਪਣੇ ਚੋਣ ਵਾਅਦੇ ਅਨੁਸਾਰ ਪੈਨਸ਼ਨਾਂ 'ਚ ਵਾਧਾ ਤਾਂ ਕੀ ਕਰਨਾ, ਸਗੋਂ ਪਹਿਲਾਂ ਵਾਲੀਆਂ ਪੈਨਸ਼ਨਾਂ ਵੀ ਸਮੇਂ ਸਿਰ ਨਹੀਂ ਜਾਰੀ ਕੀਤੀਆਂ ਜਾਂਦੀਆਂ। ਸਰਕਾਰ ਆਮ ਲੋਕਾਂ ਦੀ ਭਲਾਈ ਲਈ ਸੁਹਿਰਦ ਨਹੀਂ ਹੈ। ਪੰਜਾਬ ਸਰਕਾਰ ਤੁਰੰਤ ਵਿਧਵਾ ਔਰਤਾਂ ਦੀ ਪੈਨਸ਼ਨ ਜਾਰੀ ਕਰੇ। ਜੇਕਰ ਪੰਜਾਬ ਸਰਕਾਰ ਨੇ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਅਕਾਲੀ ਦਲ ਇਸ ਮਾਮਲੇ ਨੂੰ ਜ਼ੋਰਦਾਰ ਢੰਗ ਨਾਲ ਉਠਾਏਗਾ। –ਅਕਾਲੀ ਦਲ ਦੇ ਇੰਚਾਰਜ ਬਰਜਿੰਦਰ ਸਿੰਘ ਬਰਾੜ

ਸਮਾਜ ਭਲਾਈ ਅਫਸਰ ਦਾ ਪੱਖ
ਇਸ ਮਾਮਲੇ ਸਬੰਧੀ ਜਦੋਂ ਸਮਾਜ ਭਲਾਈ ਅਫਸਰ ਰਾਜਕਿਰਨ ਕੌਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ 15 ਹਜ਼ਾਰ ਵਿਧਵਾ ਔਰਤਾਂ ਨੂੰ 4 ਮਹੀਨਿਆਂ ਤੋਂ ਪੈਨਸ਼ਨ ਨਹੀਂ ਮਿਲੀ ਹੈ। ਪੈਨਸ਼ਨ ਕਦੋਂ ਆ ਰਹੀ ਹੈ, ਸਬੰੰਧੀ ਪੁੱਛੇ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਇਸ ਸਬੰਧੀ ਕੋਈ ਪੱਕਾ ਪਤਾ ਨਹੀਂ ਹੈ।

ਅਗਲੇ ਹਫਤੇ ਤੱਕ ਜਾਰੀ ਹੋਵੇਗੀ ਵਿਧਵਾ ਔਰਤਾਂ ਦੀ ਪੈਨਸ਼ਨ : ਡੀ. ਸੀ.
ਇਸ ਮਾਮਲੇ ਸਬੰਧੀ ਜਦੋਂ ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜ਼ਿਲੇ ਭਰ ਦੀਆਂ 15 ਹਜ਼ਾਰ ਔਰਤਾਂ ਨੂੰ ਪੈਨਸ਼ਨਾਂ ਸਬੰਧੀ ਫੰਡ ਅਗਲੇ ਹਫਤੇ ਤੱਕ ਜਾਰੀ ਹੋ ਰਹੇ ਹਨ। ਇਸ ਸਬੰਧੀ ਸਮਾਜ ਭਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਅੱਗੇ ਤੋਂ ਹਰ ਮਹੀਨੇ ਪੈਨਸ਼ਨਾਂ ਦੀ ਰਾਸ਼ੀ ਜਾਰੀ ਹੋ ਜਾਇਆ ਕਰੇਗੀ।


Shyna

Content Editor

Related News