ਆਨਲਾਈਨ ਹਾਜ਼ਰੀ ਪ੍ਰਣਾਲੀ ਅਧਿਆਪਕਾਂ ਲਈ ਬਣੀ ਮੁਸ਼ਕਲਾਂ ਦਾ ਕਾਰਣ

Thursday, Apr 09, 2026 - 06:20 PM (IST)

ਆਨਲਾਈਨ ਹਾਜ਼ਰੀ ਪ੍ਰਣਾਲੀ ਅਧਿਆਪਕਾਂ ਲਈ ਬਣੀ ਮੁਸ਼ਕਲਾਂ ਦਾ ਕਾਰਣ

ਭਵਾਨੀਗੜ੍ਹ (ਵਿਕਾਸ ਮਿੱਤਲ) : ਸੂਬੇ ਦੇ ਸਰਕਾਰੀ ਸਕੂਲਾਂ ਵਿਚ ਐੱਮ ਸਟਾਰ ਈ-ਪੰਜਾਬ ਰਾਹੀਂ ਲਾਗੂ ਕੀਤੀ ਗਈ ਆਨਲਾਈਨ ਹਾਜ਼ਰੀ ਪ੍ਰਣਾਲੀ ਅਧਿਆਪਕਾਂ ਲਈ ਮੁਸ਼ਕਲਾਂ ਦਾ ਕਾਰਣ ਬਣ ਰਹੀ ਹੈ। ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਤੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਦੱਸਿਆ ਕਿ ਨਿਯਤ ਸਮੇਂ ‘ਤੇ ਐਪ ਰਾਹੀਂ ਹਾਜ਼ਰੀ ਲਗਾਉਣ ਦੌਰਾਨ ਅਕਸਰ ਸਰਵਰ ਬਿਜ਼ੀ ਹੋ ਜਾਂਦਾ ਹੈ ਜਿਸ ਕਾਰਣ ਹਾਜ਼ਰੀ ਦਰਜ ਨਹੀਂ ਹੋ ਪਾਉਂਦੀ। ਪਿੰਡਾਂ ਵਿਚ ਹੌਲੀ ਇੰਟਰਨੈੱਟ ਜਾਂ ਨੈੱਟਵਰਕ ਦੀ ਘਾਟ ਕਾਰਣ ਵੀ ਅਧਿਆਪਕਾਂ ਨੂੰ ਸਮੇਂ ਸਿਰ ਹਾਜ਼ਰੀ ਲਗਾਉਣ ਵਿਚ ਦਿੱਕਤਾਂ ਆ ਰਹੀਆਂ ਹਨ। ਕਈ ਵਾਰ ਕਲਾਕ ਇਨ ਕਰਨ ਤੋਂ ਬਾਅਦ ਵੀ ਸਿਸਟਮ ਆਪਣੇ ਆਪ ਹੀ ਕਲਾਕ ਆਊਟ ਕਰ ਦਿੰਦਾ ਹੈ ਜਿਸ ਨਾਲ ਅਧਿਆਪਕ ਮਾਨਸਿਕ ਤਣਾਅ ਦਾ ਸਾਹਮਣਾ ਕਰ ਰਹੇ ਹਨ। 

ਅਧਿਆਪਕ ਆਗੂਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਈ-ਪੰਜਾਬ, ਆਈਐੱਚਆਰਐੱਮਐੱਸ, ਦੀਕਸ਼ਾ, ਪੰਜਾਬ ਐਡੂਕੇਅਰ ਅਤੇ ਹੋਰ ਐਪਾਂ ਰਾਹੀਂ ਵੱਖ-ਵੱਖ ਕਿਸਮ ਦੀ ਜਾਣਕਾਰੀ ਮੰਗੀ ਜਾਂਦੀ ਹੈ ਤੇ ਅਕਸਰ ਗੂਗਲ ਸ਼ੀਟਾਂ ਭਰਨ ਦੇ ਹੁਕਮ ਵੀ ਦਿੱਤੇ ਜਾਂਦੇ ਹਨ। ਇਸ ਕਾਰਣ ਅਧਿਆਪਕਾਂ ਦਾ ਵੱਡਾ ਸਮਾਂ ਮੋਬਾਈਲ ਜਾਂ ਕੰਪਿਊਟਰ ਸਕਰੀਨ ਸਾਹਮਣੇ ਹੀ ਲੰਘ ਜਾਂਦਾ ਹੈ ਤੇ ਉਹ ਆਪਣੇ ਅਸਲ ਕੰਮ ਪੜ੍ਹਾਉਣ ਤੋਂ ਦੂਰ ਹੋ ਰਹੇ ਹਨ ਜਿਸਦਾ ਸਿੱਧਾ ਅਸਰ ਵਿਦਿਆਰਥੀਆਂ ਦੀ ਪੜ੍ਹਾਈ ‘ਤੇ ਪੈਂਦਾ ਹੈ। ਡੀਟੀਐੱਫ ਦੇ ਆਗੂਆਂ ਨੇ ਕਿਹਾ ਕਿ ਉਹ ਤਕਨੀਕ ਦੇ ਵਿਰੋਧੀ ਨਹੀਂ ਹਨ ਪਰ ਇਸਦੀ ਅਤਿ ਵਰਤੋਂ ਅਧਿਆਪਕਾਂ ਨੂੰ ਵਿਦਿਆਰਥੀਆਂ ਤੋਂ ਦੂਰ ਕਰ ਰਹੀ ਹੈ। ਉਨ੍ਹਾਂ ਵਿਭਾਗ ਤੋਂ ਮੰਗ ਕੀਤੀ ਕਿ ਸਕੂਲਾਂ ਵਿਚ ਡਾਟਾ ਐਂਟਰੀ ਓਪਰੇਟਰ ਦੀ ਵਿਵਸਥਾ ਕੀਤੀ ਜਾਵੇ ਤੇ ਅਧਿਆਪਕਾਂ ਨੂੰ ਬੇਵਜ੍ਹਾ ਐਪਾਂ ਅਤੇ ਗੂਗਲ ਸ਼ੀਟਾਂ ਤੋਂ ਮੁਕਤ ਕਰਕੇ ਉਨ੍ਹਾਂ ਨੂੰ ਪੜ੍ਹਾਈ ‘ਤੇ ਧਿਆਨ ਦੇਣ ਲਈ ਸਮਾਂ ਦਿੱਤਾ ਜਾਵੇ।
 


author

Gurminder Singh

Content Editor

Related News