ਬੱਸ ਸਟੈਂਡ ਨੇੜੇ ਅੱਗ ਦੀ ਭੇਟ ਚੜ੍ਹਿਆ ਮਜ਼ਦੂਰ ਦਾ ਘਰ

Sunday, Apr 26, 2026 - 05:50 PM (IST)

ਬੱਸ ਸਟੈਂਡ ਨੇੜੇ ਅੱਗ ਦੀ ਭੇਟ ਚੜ੍ਹਿਆ ਮਜ਼ਦੂਰ ਦਾ ਘਰ

ਲਹਿਰਾਗਾਗਾ (ਦੀਪੂ)- ਸਥਾਨਕ ਸ਼ਹਿਰ ਲਹਿਰਾਗਾਗਾ ਦੇ ਬੱਸ ਸਟੈਂਡ ਦੀ ਬੈਕ ਸਾਈਡ ਵਾਰਡ ਨੰਬਰ 15 ਵਿਖੇ ਦੁਪਹਿਰੇ ਲੱਗਭਗ 3 ਵਜੇ ਨਛੱਤਰ ਸਿੰਘ ਉਰਫ ਟੇਕਾ ਸਿੰਘ ਪੁੱਤਰ ਜਗਾ ਸਿੰਘ ਦੇ ਘਰ ’ਚ ਭਿਆਨਕ ਅੱਗ ਲੱਗਣ ਕਾਰਨ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ।

ਜਾਣਕਾਰੀ ਮੁਤਾਬਕ ਘਰ ਦੇ ਮਾਲਕ ਨਛੱਤਰ ਸਿੰਘ ਦੇ ਪੁੱਤਰ ਹੰਸਾ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਸਾਰਾ ਪਰਿਵਾਰ ਘਰ ਦੇ ਕਿਸੇ ਮਸਲੇ ਵਿਚ ਘਰ ਨੂੰ ਜਿੰਦਰਾ ਲਗਾ ਕੇ ਸ਼ਹਿਰ ਤੋਂ ਬਾਹਰ ਗਿਆ ਹੋਇਆ ਸੀ। ਜਦੋਂ ਵਾਪਸ ਆਇਆ ਤਾਂ ਉਨ੍ਹਾਂ ਦੇਖਿਆ ਕਿ ਉਨ੍ਹਾਂ ਦੇ ਘਰ ਨੂੰ ਅੱਗ ਲੱਗੀ ਹੋਈ ਸੀ ਤੇ ਆਲੇ-ਦੁਆਲੇ ਦੇ ਗੁਆਂਢੀਆਂ ਨੇ ਅੱਗ ਨੂੰ ਬੁਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਅੱਗ ਜ਼ਿਆਦਾ ਹੋਣ ਕਾਰਨ ਅੱਗ ’ਤੇ ਕਾਬੂ ਨਾ ਪਾਇਆ ਜਾ ਸਕਿਆ। ਅੱਗ ਨੂੰ ਲੈ ਕੇ ਸ਼ਹਿਰ ਵਿਚ ਇਹ ਪਹਿਲੀ ਘਟਨਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ, ਜਿਸ ਵਿਚ ਵੀ ਦੁਕਾਨਦਾਰਾਂ ਦਾ ਲੱਖਾਂ ਦਾ ਨੁਕਸਾਨ ਹੋ ਚੁੱਕਿਆ ਹੈ। ਇਸ ਦੌਰਾਨ ਮੌਕੇ ’ਤੇ ਪੁੱਜੇ ਲੋਕਾਂ ਨੇ ਕਿਹਾ ਕਿ ਸ਼ਹਿਰ ਵਿਚ ਇਹੋ ਜਿਹੀਆਂ ਘਟਨਾਵਾਂ ਬਹੁਤ ਵਾਰ ਹੋ ਚੁੱਕੀਆਂ ਹਨ ਪਰ ਪ੍ਰਸ਼ਾਸਨ ਦੇ ਕੰਨ ’ਤੇ ਜੂੰ ਨਹੀਂ ਸਰਕ ਰਹੀ, ਅੱਗ ਬੁਝਾਊ ਦਸਤਾ ਨਾ ਹੋਣ ਕਾਰਨ ਇਹੋ ਜਿਹੀਆਂ ਘਟਨਾਵਾਂ ਵਾਰ-ਵਾਰ ਹੋ ਰਹੀਆਂ ਹਨ। ਘਰ ਵਿਚ ਲੱਗੀ ਅੱਗ ਨੂੰ ਬੁਝਾਉਣ ਲਈ ਕਿਤੋਂ ਵੀ ਕੋਈ ਵੀ ਫਾਇਰ ਬ੍ਰਿਗੇਡ ਨਹੀਂ ਆਈ। ਨਗਰ ਕੌਂਸਲ ਵਿਚ ਖੜ੍ਹੀ ਸੀਵਰੇਜ ਨੂੰ ਸਾਫ ਕਰਨ ਵਾਲੀ ਮਸ਼ੀਨ ਨੇ ਆ ਕੇ ਖਾਨਾਪੂਰਤੀ ਕੀਤੀ। ਉਨ੍ਹਾਂ ਮੰਗ ਕੀਤੀ ਕਿ ਸ਼ਹਿਰ ਵਿਚ ਫਾਇਰ ਬ੍ਰਿਗੇਡ ਦਾ ਪੁਖ਼ਤਾ ਪ੍ਰਬੰਧ ਕੀਤਾ ਜਾਵੇ।


author

Anmol Tagra

Content Editor

Related News