ਖੜ੍ਹੀ ਫ਼ਸਲ ਨੂੰ ਅੱਗ ਲੱਗਣ ਕਾਰਨ ਤਿੰਨ ਏਕੜ ਕਣਕ ਸੜੀ, ਕਿਸਾਨ ਨੂੰ ਲੱਖਾਂ ਦਾ ਨੁਕਸਾਨ

Saturday, Apr 18, 2026 - 01:26 PM (IST)

ਖੜ੍ਹੀ ਫ਼ਸਲ ਨੂੰ ਅੱਗ ਲੱਗਣ ਕਾਰਨ ਤਿੰਨ ਏਕੜ ਕਣਕ ਸੜੀ, ਕਿਸਾਨ ਨੂੰ ਲੱਖਾਂ ਦਾ ਨੁਕਸਾਨ

ਤਪਾ ਮੰਡੀ (ਸ਼ਾਮ, ਗਰਗ) : ਪਿੰਡ ਦਰਾਜ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਨੇੜੇ ਇਕ ਦੁਖਦਾਈ ਘਟਨਾ 'ਚ ਕਿਸਾਨ ਜਗਸੀਰ ਸਿੰਘ ਪੁੱਤਰ ਛੋਟਾ ਸਿੰਘ ਦੀ ਤਿੰਨ ਏਕੜ ਖੜ੍ਹੀ ਕਣਕ ਦੀ ਫ਼ਸਲ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਈ। ਜਾਣਕਾਰੀ ਮੁਤਾਬਕ ਜਗਸੀਰ ਸਿੰਘ ਨੇ ਕਰੀਬ 83 ਹਜ਼ਾਰ ਰੁਪਏ ਜ਼ਮੀਨ ਠੇਕੇ ‘ਤੇ ਲੈ ਕੇ ਕਣਕ ਦੀ ਬਿਜਾਈ ਕੀਤੀ ਸੀ ਅਤੇ ਅੱਜ ਉਹ ਆਪਣੇ ਖੇਤਾਂ ਵਿੱਚ ਕਟਾਈ ਕਰਵਾ ਰਿਹਾ ਸੀ। ਕਿਸਾਨ ਅਨੁਸਾਰ ਕਟਾਈ ਦੌਰਾਨ ਅਚਾਨਕ ਖੇਤਾਂ ਵਿੱਚੋਂ ਲੰਘ ਰਹੀ ਬਿਜਲੀ ਦੀ ਤਾਰ ਵਿੱਚੋਂ ਚੰਗਿਆੜੀਆਂ ਨਿਕਲਣ ਕਾਰਨ ਖੜ੍ਹੀ ਫ਼ਸਲ ਨੂੰ ਅੱਗ ਲੱਗ ਗਈ। ਅੱਗ ਨੇ ਕੁੱਝ ਹੀ ਸਮੇਂ 'ਚ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਤਿੰਨ ਏਕੜ 'ਚ ਖੜ੍ਹੀ ਕਣਕ ਨੂੰ ਆਪਣੀ ਲਪੇਟ 'ਚ ਲੈ ਲਿਆ।

ਕੰਬਾਈਨ ਦੇ ਚਾਲਕ ਨੇ ਵੀ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਗੁਰਦੁਆਰਾ ਸਾਹਿਬ 'ਚ ਅਨਾਊਂਸਮੈਂਟ ਕਰਵਾਈ ਗਈ, ਜਿਸ ਤੋਂ ਬਾਅਦ ਪਿੰਡ ਦੇ ਕਿਸਾਨ ਵੱਡੀ ਗਿਣਤੀ 'ਚ ਮੌਕੇ ‘ਤੇ ਪਹੁੰਚ ਗਏ। ਉਨ੍ਗਾਂ ਨੇ ਆਪਣੇ ਸਾਧਨਾਂ ਨਾਲ ਅੱਗ ‘ਤੇ ਕਾਬੂ ਪਾਉਣ ਲਈ ਜ਼ੋਰ ਲਾਇਆ ਪਰ ਤਦ ਤੱਕ ਵੱਡਾ ਨੁਕਸਾਨ ਹੋ ਚੁੱਕਾ ਸੀ। ਇਸ ਮੌਕੇ ਫਾਇਰ ਮੈਨ ਗੁਰਵਿੰਦਰ ਸਿੰਘ,ਰਾਜਦੀਪ ਸਿੰਘ ਅਤੇ ਚਾਲਕ ਹਰਪਾਲ ਸਿੰਘ ਦੀ ਅਗਵਾਈ ‘ਚ ਪੁੱਜੀ ਫਾਇਰ ਬ੍ਰਿਗੇਡ ਦੀ ਗੱਡੀ ਵੀ ਪਹੁੰਚ ਗਈ ਸੀ, ਪਰ ਦਰਾਜ ਰੇਲਵੇ ਫਾਟਕ ਬੰਦ ਹੋਣ ਕਾਰਨ ਕੁੱਝ ਲੇਟ ਜ਼ਰੂਰ ਹੋ ਗਈ।

ਅੱਗ 'ਤੇ ਉਸ ਤੋਂ ਪਹਿਲਾਂ ਹੀ ਕਾਬੂ ਪਾ ਲਿਆ ਗਿਆ। ਕਿਸਾਨਾਂ ਸਰਪੰਚ ਗੁਰਜੰਟ ਸਿੰਘ ਧਾਲੀਵਾਲ, ਸੁਖਪਾਲ ਸਿੰਘ,ਬੂਟਾ ਸਿੰਘ,ਬਲਵਿੰਦਰ ਸਿੰਘ, ਬੰਤ ਸਿੰਘ, ਗੁਰਜੰਟ ਸਿੰਘ ਸਾਬਕਾ ਪੰਚ, ਮਹਿੰਦਰ ਸਿੰਘ, ਪਰਮਜੀਤ ਸਿੰਘ, ਸੁਖਪ੍ਰੀਤ ਸਿੰਘ ਮੁਤਾਬਕ ਇਸ ਅੱਗ ਕਾਰਨ ਕਿਸਾਨ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ, ਜਿਸ ਨਾਲ ਪ੍ਰਭਾਵਿਤ ਕਿਸਾਨ ਨੂੰ ਭਾਰੀ ਆਰਥਿਕ ਝਟਕਾ ਲੱਗਿਆ ਹੈ। ਮੌਕੇ ‘ਤੇ ਮੌਜੂਦ ਕਿਸਾਨਾਂ ਅਤੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪ੍ਰਭਾਵਿਤ ਕਿਸਾਨ ਨੂੰ ਤੁਰੰਤ ਮਾਲੀ ਮਦਦ ਦਿੱਤੀ ਜਾਵੇ ਅਤੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ।


author

Babita

Content Editor

Related News