ਨਾਜ਼ੀਆ ਪ੍ਰਵੀਨ ਨੂੰ ਇਨਸਾਫ ਦਿਵਾਉਣ ਲਈ ਡੀ.ਸੀ. ਦਫਤਰ ਲੁਧਿਆਣਾ ਦਾ ਘਿਰਾਓ ਕਰ ਦਿੱਤਾ ਮੰਗ ਪੱਤਰ

Friday, Apr 17, 2026 - 06:02 PM (IST)

ਨਾਜ਼ੀਆ ਪ੍ਰਵੀਨ ਨੂੰ ਇਨਸਾਫ ਦਿਵਾਉਣ ਲਈ ਡੀ.ਸੀ. ਦਫਤਰ ਲੁਧਿਆਣਾ ਦਾ ਘਿਰਾਓ ਕਰ ਦਿੱਤਾ ਮੰਗ ਪੱਤਰ

ਮਹਿਲ ਕਲਾਂ (ਲਕਸ਼ਦੀਪ ਗਿੱਲ): ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰੈੱਸ ਮੀਡੀਆ ਇੰਚਾਰਜ ਡਾ. ਮਿੱਠੂ ਮੁਹੰਮਦ ਮਹਿਲ ਕਲਾਂ ਦੀ ਨੂੰਹ ਨਾਜ਼ੀਆ ਪ੍ਰਵੀਨ (25), ਪਤਨੀ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਲੀ ਮਹਿਲ ਕਲਾਂ, ਦੀ ਮੌਤ ਮਾਮਲੇ ਵਿਚ ਇਨਸਾਫ ਲਈ ਵੱਖ-ਵੱਖ ਜਥੇਬੰਦੀਆਂ ਵੱਲੋਂ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਤਿੱਖਾ ਸੰਘਰਸ਼ ਕੀਤਾ ਜਾ ਰਿਹਾ ਹੈ। ਵੱਖ-ਵੱਖ ਜਥੇਬੰਦੀਆਂ ਦਾ ਵੱਡਾ ਵਫ਼ਦ ਲੁਧਿਆਣਾ ਦੇ ਡੀ.ਸੀ. ਦਫਤਰ ਦੇ ਪਾਰਕ ਵਿੱਚ ਇਕੱਤਰ ਹੋ ਕੇ, ਡਿਪਟੀ ਕਮਿਸ਼ਨਰ ਦਾ ਘਿਰਾਓ ਕਰਕੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ।  ਆਗੂਆਂ ਨੇ ਕਿਹਾ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਪੰਜਾਬ ਪੱਧਰ ਦਾ ਵੱਡਾ ਇਕੱਠ ਕੀਤਾ ਜਾਵੇਗਾ ਅਤੇ ਲੁਧਿਆਣੇ ਦੀਆਂ ਸੜਕਾਂ ਜਾਮ ਕੀਤੀਆਂ ਜਾਣਗੀਆਂ,ਜਿਸ ਦੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ।

ਜਾਣਕਾਰੀ ਅਨੁਸਾਰ ਨਾਜ਼ੀਆ ਪ੍ਰਵੀਨ ਗਰਭਵਤੀ ਸੀ ਤੇ ਉਹ ਆਪਣੇ ਪੇਕੇ ਸ਼ਹਿਰ ਮਾਲੇਰਕੋਟਲਾ ਵਿਖੇ ਗਈ ਹੋਈ ਸੀ, ਜਿੱਥੇ ਪਿੰਡ ਚੀਮੇ ਚੌਹਾਣੇ ਦੀ ਸਟਾਫ ਨਰਸ ਕੁਲਵਿੰਦਰ ਕੌਰ ਕੋਲ ਉਸ ਦਾ ਇਲਾਜ ਚੱਲ ਰਿਹਾ ਸੀ। ਨਾਜ਼ੀਆ ਪ੍ਰਵੀਨ ਦੇ ਪਲੇਟਲੈਟ ਸੈੱਲ ਘਟਣ 'ਤੇ ਉਸ ਨੂੰ ਲੁਧਿਆਣਾ ਦੇ ਸ਼ਿਮਲਾਪੁਰੀ ਸਥਿਤ ਹਸਪਤਾਲ ਵਿਚ ਚੈੱਕ ਅੱਪ ਲਈ ਲਿਆਂਦਾ ਗਿਆ। ਪਰਿਵਾਰ ਦਾ ਦੋਸ਼ ਹੈ ਕਿ ਉਕਤ ਹਸਪਤਾਲ ਵਿਚ ਪਰਿਵਾਰ ਨੂੰ ਡਰਾ ਕੇ ਸਮੇਂ ਤੋਂ ਪਹਿਲਾਂ ਨਾਜ਼ੀਆ ਦੀ ਡਿਲੀਵਰੀ ਕਰਵਾ ਦਿੱਤੀ ਗਈ, ਜਿਸ ਮਗਰੋਂ ਉਸ ਦੀ ਮੌਤ ਹੋ ਗਈ। ਪਰਿਵਾਰ ਅਤੇ ਜਥੇਬੰਦੀਆਂ ਨੇ ਇਸਨੂੰ ਸਿੱਧਾ ਮੈਡੀਕਲ ਲਾਪਰਵਾਹੀ ਕਰਾਰ ਦਿੱਤਾ ਹੈ।

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ. 295) ਦੇ ਸੂਬਾ ਪ੍ਰਧਾਨ ਡਾ. ਜਸਵਿੰਦਰ ਸਿੰਘ ਕਾਲਖ ਨੇ ਕਿਹਾ ਕਿ ਇਹ ਮੌਤ ਕੁਦਰਤੀ ਨਹੀਂ, ਸਗੋਂ ਡਾਕਟਰੀ ਲਾਪਰਵਾਹੀ ਦਾ ਨਤੀਜਾ ਹੈ। ਉਨ੍ਹਾਂ ਨੇ ਇਸ ਮਾਮਲੇ ਨੂੰ “ਕਤਲ ਵਰਗਾ ਗੰਭੀਰ ਅਪਰਾਧ” ਕਰਾਰ ਦਿੰਦਿਆਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਦੋਸ਼ੀ ਅਜੇ ਵੀ ਗਿ੍ਰਫ਼ਤਾਰੀ ਤੋਂ ਬਾਹਰ ਹਨ ਅਤੇ ਹਸਪਤਾਲ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਮਾਮਲਾ ਦਰਜ ਹੋਣ ਦੇ ਬਾਵਜੂਦ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਾ ਹੋਣਾ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਨੂੰ ਦਰਸਾਉਂਦਾ ਹੈ। 
 


author

Anmol Tagra

Content Editor

Related News