ਵਿਰੋਧੀਆਂ ਦਾ ਮਹਿਲਾ ਵਿਰੋਧੀ ਚਿਹਰਾ ਹੋਇਆ ਨੰਗਾ, ਨਾਰੀ ਸ਼ਕਤੀ ਆਪਣੇ ਅਪਮਾਨ ਦਾ ਬਦਲਾ ਲਵੇਗੀ : ਢਿੱਲੋਂ

Wednesday, Apr 22, 2026 - 03:44 PM (IST)

ਵਿਰੋਧੀਆਂ ਦਾ ਮਹਿਲਾ ਵਿਰੋਧੀ ਚਿਹਰਾ ਹੋਇਆ ਨੰਗਾ, ਨਾਰੀ ਸ਼ਕਤੀ ਆਪਣੇ ਅਪਮਾਨ ਦਾ ਬਦਲਾ ਲਵੇਗੀ : ਢਿੱਲੋਂ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਬਰਨਾਲਾ ਵਿਖੇ ਇਕ ਵਿਸ਼ੇਸ਼ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿਰੋਧੀ ਪਾਰਟੀਆਂ 'ਤੇ ਤਿੱਖੇ ਸਿਆਸੀ ਹਮਲੇ ਕੀਤੇ। ਉਨ੍ਹਾਂ ਨੇ ਸੰਸਦ ਦੇ ਵਿਸ਼ੇਸ਼ ਸੈਸ਼ਨ ਦੌਰਾਨ ਮਹਿਲਾਵਾਂ ਨੂੰ 33 ਫੀਸਦੀ ਰਾਖਵਾਂਕਰਨ ਦੇਣ ਸਬੰਧੀ ਸੰਵਿਧਾਨ ਦੀ 131ਵੀਂ ਸੋਧ ਅਤੇ ਨਵੀਂ ਡੀਲਿਮੀਟੇਸ਼ਨ (ਹੱਦਬੰਦੀ) ਪ੍ਰਕਿਰਿਆ ਦੇ ਵਿਰੋਧ ਨੂੰ ਮੰਦਭਾਗਾ ਅਤੇ ਦੇਸ਼ ਦੀ ਅੱਧੀ ਆਬਾਦੀ ਦਾ ਅਪਮਾਨ ਕਰਾਰ ਦਿੱਤਾ।

ਵਿਰੋਧੀ ਪਾਰਟੀਆਂ ਦੀ ਮਾਨਸਿਕਤਾ 'ਤੇ ਸਵਾਲ

ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਕਾਂਗਰਸ, ਸਮਾਜਵਾਦੀ ਪਾਰਟੀ (ਸਪਾ), ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਅਤੇ ਡੀ.ਐੱਮ.ਕੇ. ਵਰਗੀਆਂ ਪਾਰਟੀਆਂ ਨੇ ਇਸ ਅਹਿਮ ਬਿੱਲ ਦਾ ਵਿਰੋਧ ਕਰਕੇ ਸਾਬਤ ਕਰ ਦਿੱਤਾ ਹੈ ਕਿ ਉਹ ਮਹਿਲਾ ਵਿਰੋਧੀ ਮਾਨਸਿਕਤਾ ਨਾਲ ਗ੍ਰਸਤ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ 50 ਫੀਸਦੀ ਆਬਾਦੀ ਨੂੰ ਉਨ੍ਹਾਂ ਦਾ ਬਣਦਾ ਹੱਕ ਦੇਣ ਦੀ ਬਜਾਏ, ਇਹ ਪਾਰਟੀਆਂ ਸੌੜੀ ਰਾਜਨੀਤੀ ਕਰ ਰਹੀਆਂ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਚਾਰਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਔਰਤਾਂ ਨੂੰ ਨੀਤੀ ਘੜਨ ਦੀ ਪ੍ਰਕਿਰਿਆ ਵਿਚ ਹਿੱਸੇਦਾਰ ਬਣਾਉਣਾ ਕੋਈ ਅਹਿਸਾਨ ਨਹੀਂ ਹੈ, ਸਗੋਂ ਇਹ ਉਨ੍ਹਾਂ ਦਾ ਕੁਦਰਤੀ ਅਤੇ ਸੰਵਿਧਾਨਕ ਅਧਿਕਾਰ ਹੈ। ਜਦੋਂ 'ਨਾਰੀ ਸ਼ਕਤੀ ਬੰਧਨ ਐਕਟ' ਲਿਆਂਦਾ ਗਿਆ ਸੀ, ਉਦੋਂ ਇਨ੍ਹਾਂ ਪਾਰਟੀਆਂ ਨੇ ਚੋਣਾਂ ਦੇ ਡਰੋਂ ਮਜਬੂਰੀ ਵਿੱਚ ਸਮਰਥਨ ਦਿੱਤਾ ਸੀ ਪਰ ਅੱਜ ਜਦੋਂ ਇਸ ਨੂੰ ਅਮਲੀ ਰੂਪ ਦੇਣ ਦਾ ਸਮਾਂ ਆਇਆ ਤਾਂ ਇਹ ਤਕਨੀਕੀ ਬਹਾਨੇ ਬਣਾ ਕੇ ਇਸ ਦਾ ਵਿਰੋਧ ਕਰ ਰਹੇ ਹਨ।

ਸੀਟਾਂ ਜਾਣ ਦੇ ਡਰੋਂ ਬਿੱਲ ਦਾ ਵਿਰੋਧ

ਢਿੱਲੋਂ ਨੇ ਦਾਅਵਾ ਕੀਤਾ ਕਿ ਵਿਰੋਧੀ ਆਗੂਆਂ ਨੂੰ ਇਸ ਗੱਲ ਦਾ ਡਰ ਸਤਾ ਰਿਹਾ ਹੈ ਕਿ ਜੇਕਰ ਮਹਿਲਾ ਰਾਖਵਾਂਕਰਨ ਲਾਗੂ ਹੋ ਗਿਆ ਅਤੇ ਹੱਦਬੰਦੀ ਹੋ ਗਈ ਤਾਂ ਉਨ੍ਹਾਂ ਦੀਆਂ ਆਪਣੀਆਂ ਸੁਰੱਖਿਅਤ ਸੀਟਾਂ ਮਹਿਲਾਵਾਂ ਲਈ ਰਾਖਵੀਆਂ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਆਪਣੀ ਸਿਆਸੀ ਹੋਂਦ ਨੂੰ ਬਚਾਉਣ ਲਈ ਇਹ ਆਗੂ ਦੇਸ਼ ਦੀਆਂ ਕਰੋੜਾਂ ਧੀਆਂ ਅਤੇ ਭੈਣਾਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੇ ਹਨ।

ਦੱਖਣੀ ਭਾਰਤ ਅਤੇ ਹੱਦਬੰਦੀ ਬਾਰੇ ਫੈਲਾਇਆ ਜਾ ਰਿਹਾ ਭਰਮ

ਦੱਖਣੀ ਭਾਰਤ ਦੇ ਰਾਜਾਂ ਬਾਰੇ ਗੱਲ ਕਰਦਿਆਂ ਢਿੱਲੋਂ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੇਸ਼ ਨੂੰ ਵੰਡਣ ਦੀ ਰਾਜਨੀਤੀ ਕਰ ਰਹੀਆਂ ਹਨ। ਉਹ ਦੱਖਣੀ ਰਾਜਾਂ ਵਿਚ ਇਹ ਡਰ ਪੈਦਾ ਕਰ ਰਹੇ ਹਨ ਕਿ ਹੱਦਬੰਦੀ ਨਾਲ ਉਨ੍ਹਾਂ ਦੀ ਨੁਮਾਇੰਦਗੀ ਘੱਟ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਸੱਚਾਈ ਇਸ ਦੇ ਬਿਲਕੁਲ ਉਲਟ ਹੈ। ਹੱਦਬੰਦੀ ਤੋਂ ਬਾਅਦ ਦੱਖਣੀ ਭਾਰਤ ਦੀ ਨੁਮਾਇੰਦਗੀ ਨਾ ਸਿਰਫ ਸੁਰੱਖਿਅਤ ਰਹੇਗੀ, ਸਗੋਂ ਇਸ ਵਿੱਚ ਹੋਰ ਵੀ ਵਾਧਾ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਸਮਾਜਵਾਦੀ ਪਾਰਟੀ ਵਰਗੀਆਂ ਜਥੇਬੰਦੀਆਂ ਧਰਮ ਦੇ ਅਧਾਰ 'ਤੇ ਕੋਟੇ ਦੀ ਮੰਗ ਕਰਕੇ ਸੰਵਿਧਾਨ ਦੀ ਉਲੰਘਣਾ ਕਰ ਰਹੀਆਂ ਹਨ, ਕਿਉਂਕਿ ਭਾਰਤੀ ਸੰਵਿਧਾਨ ਵਿੱਚ ਧਰਮ ਅਧਾਰਿਤ ਰਾਖਵੇਂਕਰਨ ਦੀ ਕੋਈ ਥਾਂ ਨਹੀਂ ਹੈ।

ਭਾਜਪਾ ਨਾਰੀ ਸਸ਼ਕਤੀਕਰਨ ਲਈ ਵਚਨਬੱਧ

ਕੇਵਲ ਸਿੰਘ ਢਿੱਲੋਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨਾਰੀ ਸਸ਼ਕਤੀਕਰਨ ਅਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਅੱਜ ਦੀ ਔਰਤ ਜਾਗਰੂਕ ਹੋ ਚੁੱਕੀ ਹੈ ਅਤੇ ਉਹ ਸਭ ਸਮਝਦੀ ਹੈ ਕਿ ਕੌਣ ਉਸ ਦੇ ਹੱਕ ਵਿੱਚ ਹੈ ਅਤੇ ਕੌਣ ਵਿਰੋਧ ਵਿੱਚ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਦੇਸ਼ ਦੀਆਂ ਮਹਿਲਾਵਾਂ ਇਨ੍ਹਾਂ ਅਹੰਕਾਰੀ ਅਤੇ ਮਹਿਲਾ ਵਿਰੋਧੀ ਤਾਕਤਾਂ ਨੂੰ ਕਰਾਰਾ ਜਵਾਬ ਦੇਣਗੀਆਂ। ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਚੇਅਰਮੈਨ ਅਸ਼ੋਕ ਮਿੱਤਲ, ਜੀਵਨ ਬਾਂਸਲ ਧਨੌਲਾ, ਜਰਨਲ ਸਕੱਤਰ ਨਰਿੰਦਰ ਗਰਗ ਨੀਟਾ, ਬਲਾਕ ਪ੍ਰਧਾਨ ਪੁਨੀਤ ਕੌਸ਼ਲ ਮੋਨੂੰ, ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਗੁਰਜਿੰਦਰ ਸਿੰਘ ਪੱਪੀ ਜਾਗਲ ਅਤੇ ਭਾਜਪਾ ਦੇ ਹੋਰ ਸਥਾਨਕ ਆਗੂ ਅਤੇ ਵਰਕਰ ਵੀ ਮੌਜੂਦ ਸਨ।


author

Gurminder Singh

Content Editor

Related News