ਸੋਨੇ ਦੀ ਗਹਿਣਿਆਂ ਦੀ ਥਾਂ ਫੜਾ ਗਿਆ ਛੁਹਾਰੇ! ਜੋਤਸ਼ੀ ਬਣੇ ਠੱਗ ਦਾ ਹੈਰਾਨ ਕਰਦਾ ਕਾਰਾ
Sunday, Apr 26, 2026 - 05:34 PM (IST)
ਭਵਾਨੀਗੜ੍ਹ (ਵਿਕਾਸ ਮਿੱਤਲ)- ਨੇੜਲੇ ਪਿੰਡ ਬਾਸੀਅਰਕ ਵਿਚ ਇਕ ਹੈਰਾਨ ਕਰਨ ਵਾਲੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਚਲਾਕ ਨੌਸਰਬਾਜ ਪਿੰਡ ਦੇ ਇਕ ਗਰੀਬ ਪਤੀ ਪਤਨੀ ਨੂੰ ਆਪਣੇ ਜਾਲ ਵਿਚ ਫਸਾ ਕੇ ਸਾਢੇ ਪੰਜ ਤੋਲੇ ਸੋਨਾ ਲੈ ਕੇ ਰਫੂਚੱਕਰ ਹੋ ਗਿਆ। ਪਰਿਵਾਰ ਦੀ ਸ਼ਿਕਾਇਤ 'ਤੇ ਭਵਾਨੀਗੜ੍ਹ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਇਸ ਸਬੰਧੀ ਪਿੰਡ ਦੇ ਗੁਲਾਬ ਸਿੰਘ ਪੁੱਤਰ ਜੰਗ ਸਿੰਘ ਨੇ ਦੱਸਿਆ ਕਿ ਮੁਕੇਸ਼ ਕੁਮਾਰ ਸ਼ਰਮਾ ਨਾਂ ਦੇ ਵਿਅਕਤੀ ਨੇ ਉਨ੍ਹਾਂ ਦੇ ਪਿੰਡ ਵਿਚ ਕਿਰਾਏ ਦੀ ਦੁਕਾਨ 'ਚ ਜੋਤਿਸ਼ ਕੇਂਦਰ ਖੋਲ੍ਹਿਆ ਸੀ। ਮੁਕੇਸ਼ ਕੁਮਾਰ ਖ਼ੁਦ ਨੂੰ ਜੋਤਿਸ਼ ਵਿੱਦਿਆ ਦਾ ਮਾਹਿਰ ਦੱਸਦਾ ਸੀ। ਸ਼ਿਕਾਇਤਕਰਤਾ ਮੁਤਾਬਿਕ ਉਕਤ ਮੁਕੇਸ਼ ਨੇ ਘਰੇਲੂ ਸਮੱਸਿਆਵਾਂ ਦੂਰ ਕਰਨ ਦਾ ਲਾਲਚ ਦੇ ਕੇ ਉਨ੍ਹਾਂ ਨੂੰ ਹਵਨ ਯੱਗ ਕਰਵਾਉਣ ਲਈ ਮਜਬੂਰ ਕੀਤਾ। ਗੁਲਾਬ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ 17 ਸਤੰਬਰ ਨੂੰ ਉਕਤ ਨੌਸਰਬਾਜ ਪੂਜਾ ਕਰਨ ਦੇ ਬਹਾਨੇ ਉਸ ਦੇ ਉਸ ਦੀ ਪਤਨੀ ਕੋਲੋਂ 5.5 ਤੋਲੇ ਸੋਨੇ ਦੇ ਗਹਿਣੇ ਇਕ ਪੋਟਲੀ ਵਿਚ ਬੰਨ੍ਹ ਕੇ ਲੈ ਗਿਆ ਅਤੇ ਦੋ-ਤਿੰਨ ਦਿਨਾਂ ਬਾਅਦ ਉਕਤ ਨੌਸਰਬਾਜ ਵਿਅਕਤੀ ਨੇ ਬੜੀ ਚਲਾਕੀ ਨਾਲ ਗਹਿਣਿਆਂ ਵਾਲੀ ਪੋਟਲੀ ਬਦਲ ਕੇ ਉਸ ਵਿਚ ਛੁਹਾਰੇ ਰੱਖ ਦਿੱਤੇ ਅਤੇ ਅਸਲੀ ਸੋਨਾ ਲੈ ਕੇ ਫਰਾਰ ਹੋ ਗਿਆ।
ਗੁਲਾਬ ਸਿੰਘ ਨੇ ਦੱਸਿਆ ਕਿ ਬਾਅਦ ਵਿਚ ਉਕਤ ਵਿਅਕਤੀ ਦਾ ਮੋਬਾਇਲ ਫੋਨ ਬੰਦ ਆਉਣ ਲੱਗ ਪਿਆ ਤੇ ਉਹ ਆਪਣੀ ਦੁਕਾਨ ਵੀ ਛੱਡ ਕੇ ਚਲਾ ਗਿਆ। ਇਸ ਤੋਂ ਬਾਅਦ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਤੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ। ਪੁਲਸ ਵੱਲੋਂ ਮਾਮਲਾ ਦਰਜ ਕਰਕੇ ਨੌਸਰਬਾਜ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ। ਘਟਨਾ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਅੰਧਵਿਸ਼ਵਾਸ ਅਤੇ ਡਰ ਦਾ ਫਾਇਦਾ ਚੁੱਕ ਕੇ ਸ਼ਾਤਿਰ ਠੱਗ ਭੋਲੇ ਭਾਲੇ ਲੋਕਾਂ ਨੂੰ ਕਿਸ ਤਰ੍ਹਾਂ ਨਿਸ਼ਾਨਾ ਬਣਾ ਕੇ ਕੰਗਾਲ ਕਰ ਰਹੇ ਹਨ।
