ਪਾਤੜਾਂ ਨਗਰ ਕੌਂਸਲ ਚੋਣਾਂ ''ਚ ਪ੍ਰਸ਼ਾਸਨ ਨੇ ਲਾਈ ''ਮੁਲਤਵੀ ਦੀ ਹੈਟ੍ਰਿਕ'', ਤੀਜੀ ਵਾਰ ਪ੍ਰਕਿਰਿਆ ਟਾਲੀ

Friday, Jun 26, 2026 - 01:35 PM (IST)

ਪਾਤੜਾਂ ਨਗਰ ਕੌਂਸਲ ਚੋਣਾਂ ''ਚ ਪ੍ਰਸ਼ਾਸਨ ਨੇ ਲਾਈ ''ਮੁਲਤਵੀ ਦੀ ਹੈਟ੍ਰਿਕ'', ਤੀਜੀ ਵਾਰ ਪ੍ਰਕਿਰਿਆ ਟਾਲੀ

ਪਾਤੜਾਂ (ਸੁਖਦੀਪ ਸਿੰਘ ਮਾਨ) : ਸਥਾਨਕ ਨਗਰ ਕੌਂਸਲ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਅੱਜ ਉਸ ਵੇਲੇ ਮੁੜ ਵਿਵਾਦਾਂ ਦੇ ਘੇਰੇ ਵਿਚ ਆ ਗਈ ਜਦੋਂ ਪ੍ਰਸ਼ਾਸਨ ਵੱਲੋਂ ਐਨ ਮੌਕੇ 'ਤੇ ਇਸ ਚੋਣ ਪ੍ਰਕਿਰਿਆ ਨੂੰ ਤੀਜੀ ਵਾਰ ਮੁਲਤਵੀ ਕਰ ਦਿੱਤਾ। ਪਾਤੜਾਂ ਦੇ ਸਿਆਸੀ ਹਲਕਿਆਂ ਵਿਚ ਇਸ ਨੂੰ 'ਲੋਕਤੰਤਰ ਦਾ ਮਜ਼ਾਕ' ਕਰਾਰ ਦਿੱਤਾ ਜਾ ਰਿਹਾ ਹੈ, ਕਿਉਂਕਿ ਇਹ ਲਗਾਤਾਰ ਤੀਜੀ ਵਾਰ ਹੈ ਜਦੋਂ ਚੋਣ ਨੂੰ ਸਿਰੇ ਚੜ੍ਹਨ ਤੋਂ ਪਹਿਲਾਂ ਹੀ ਅੱਧ-ਵਾਟੇ ਰੋਕ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਮਾਨਯੋਗ ਹਾਈਕੋਰਟ ਵੱਲੋਂ ਇਸ ਚੋਣ ਪ੍ਰਕਿਰਿਆ ਵਿਚ ਪਾਰਦਰਸ਼ਤਾ ਲਿਆਉਣ ਲਈ ਸਖ਼ਤ ਹੁਕਮ ਜਾਰੀ ਕੀਤੇ ਗਏ ਸਨ। ਅਦਾਲਤ ਨੇ ਸਾਫ਼ ਨਿਰਦੇਸ਼ ਦਿੱਤੇ ਸਨ ਕਿ ਚੋਣ ਹਾਲ ਦੇ ਅੰਦਰ ਸੀ. ਸੀ. ਟੀ. ਵੀ. ਕੈਮਰੇ ਲਗਾਏ ਜਾਣ ਅਤੇ ਇਸ ਦੀ ਸਾਰੀ ਵੀਡੀਓ ਰਿਕਾਰਡਿੰਗ ਨੂੰ 6 ਮਹੀਨਿਆਂ ਤੱਕ ਸੁਰੱਖਿਅਤ ਰੱਖਿਆ ਜਾਵੇ ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਜਿਵੇਂ ਹੀ ਕੈਮਰਿਆਂ ਦੀ ਤੀਜੀ ਅੱਖ ਦਾ ਪਹਿਰਾ ਬੈਠਿਆ, ਪ੍ਰਸ਼ਾਸਨ ਨੇ ਚੋਣ ਹੀ ਮੁਲਤਵੀ ਕਰਨ ਦਾ ਨਵਾਂ ਪੈਂਤੜਾ ਖੇਡ ਦਿੱਤਾ।

ਸਿਆਸੀ ਹਲਕਿਆਂ 'ਚ ਚਰਚਾ: ਬਹੁਮਤ ਦੇ ਦਾਅਵੇ ਖੋਖਲੇ?

ਐਨ ਮੌਕੇ 'ਤੇ ਚੋਣ ਟਾਲੇ ਜਾਣ ਤੋਂ ਬਾਅਦ ਹੁਣ ਇਹ ਸਵਾਲ ਗੰਭੀਰ ਰੂਪ ਧਾਰਨ ਕਰ ਗਿਆ ਹੈ ਕਿ ਜੇਕਰ ਸੱਤਾਧਾਰੀ ਧਿਰ ਜਾਂ ਸਬੰਧਤ ਧੜੇ ਕੋਲ ਬਹੁਮਤ ਪੂਰਾ ਹੈ ਅਤੇ ਨੀਅਤ ਸਾਫ਼ ਹੈ ਤਾਂ ਕੈਮਰੇ ਦੇ ਸਾਹਮਣੇ ਵੋਟਾਂ ਪਵਾਉਣ ਤੋਂ ਇੰਨੀ ਘਬਰਾਹਟ ਕਿਉਂ? ਕੀ ਪ੍ਰਸ਼ਾਸਨ ਵੱਲੋਂ ਕਿਸੇ ਖ਼ਾਸ ਸਿਆਸੀ ਦਬਾਅ ਹੇਠ ਇਹ ਫ਼ੈਸਲਾ ਲਿਆ ਗਿਆ ਹੈ? ਪਾਤੜਾਂ ਸ਼ਹਿਰ ਦੇ ਲੋਕਾਂ ਅਤੇ ਸਿਆਸੀ ਮਾਹਿਰਾਂ ਵਿੱਚ ਹੁਣ ਇਹ ਵੱਡੀ ਚਰਚਾ ਛਿੜ ਗਈ ਹੈ ਕਿ ਅਖ਼ੀਰ ਸਰਕਾਰ ਅਤੇ ਪ੍ਰਸ਼ਾਸਨ ਕਦੋਂ ਤੱਕ ਚੋਣਾਂ ਕਰਵਾਉਣ ਤੋਂ ਭੱਜਦੇ ਰਹਿਣਗੇ ਅਤੇ ਲੋਕਤੰਤਰੀ ਪ੍ਰਣਾਲੀ ਨੂੰ ਇਸੇ ਤਰ੍ਹਾਂ ਲਟਕਾ ਕੇ ਰੱਖਿਆ ਜਾਵੇਗਾ।


author

Gurminder Singh

Content Editor

Related News