ਟ੍ਰੈਫਿਕ ਪੁਲਸ ਨੇ ਪ੍ਰਾਈਵੇਟ ਸਕੂਲਾਂ ਦੀਆਂ 14 ਬੱਸਾਂ ਦੇ ਕੱਟੇ ਚਲਾਨ

Wednesday, Jul 15, 2026 - 06:02 PM (IST)

ਟ੍ਰੈਫਿਕ ਪੁਲਸ ਨੇ ਪ੍ਰਾਈਵੇਟ ਸਕੂਲਾਂ ਦੀਆਂ 14 ਬੱਸਾਂ ਦੇ ਕੱਟੇ ਚਲਾਨ

ਦੇਵੀਗੜ੍ਹ (ਨੌਗਾਵਾਂ) : ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦੇਵੀਗੜ੍ਹ ਟ੍ਰੈਫਿਕ ਪੁਲਸ ਦੇ ਇੰਚਾਰਜ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਆਪਣੀ ਟੀਮ ਸਮੇਤ ਸਰਕਲ ਦੇਵੀਗੜ੍ਹ ਅਧੀਨ ਆਉਂਦੇ ਪ੍ਰਾਈਵੇਟ ਸਕੂਲਾਂ ਦੀਆਂ ਬੱਸਾਂ ਦੀ ਚੈਕਿੰਗ ਕੀਤੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ 14 ਸਕੂਲੀ ਬੱਸਾਂ ਦੇ ਚਲਾਨ ਕੀਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟ੍ਰੈਫਿਕ ਇੰਚਾਰਜ ਸਰਕਲ ਦੇਵੀਗੜ੍ਹ ਬਲਵਿੰਦਰ ਸਿੰਘ ਨੇ ਦੱਸਿਆ ਕਿ ਆਪਣੀ ਟੀਮ ਸਮੇਤ ਉਨ੍ਹਾਂ ਦੇਵੀਗੜ੍ਹ ਅਤੇ ਆਸ-ਪਾਸ ਦੇ ਇਲਾਕੇ ’ਚ ਚੱਲ ਰਹੇ ਪ੍ਰਾਈਵੇਟ ਸਕੂਲਾਂ ਦੀਆਂ ਬੱਸਾਂ ਦੀ ਅਚਨਚੇਤ ਚੈਕਿੰਗ ਕੀਤੀ। ਚੈਕਿੰਗ ਦੌਰਾਨ ਪਾਇਆ ਗਿਆ ਕਿ ਕਈ ਬੱਸਾਂ ’ਚ ਨਿਯਮਾਂ ਦੀ ਖੁੱਲ੍ਹੇਆਮ ਉਲੰਘਣਾ ਕੀਤੀ ਜਾ ਰਹੀ ਸੀ। ਕੁਝ ਬੱਸਾਂ ’ਚ ਫਸਟ-ਏਡ ਬਾਕਸ, ਅੱਗ ਬੁਝਾਉਣ ਵਾਲੇ ਯੰਤਰ, ਓਵਰ ਲੋਡਿੰਗ, ਸਕੂਲ ਨੇਮ ਪਲੇਟ ਦੀ ਅਣਹੋਂਦ, ਡਰਾਈਵਰਾਂ ਵੱਲੋਂ ਸਕੂਲ ਵਰਦੀ ਨਾ ਪਾਉਣਾ, ਸਕੂਲ ਕਲਰ ਵੈਨ, ਬਿਨਾਂ ਰੂਟ ਅਤੇ ਬਿਨਾਂ ਕੈਮਰੇ ਆਦਿ ਵਰਗੀਆਂ ਕਮੀਆਂ ਪਾਈਆਂ ਗਈਆਂ।

ਟ੍ਰੈਫਿਕ ਇੰਚਾਰਜ ਨੇ ਦੱਸਿਆ ਕਿ ਸਕੂਲ ਬੱਸਾਂ ’ਚ ਬੱਚਿਆਂ ਦੀ ਸੁਰੱਖਿਆ ਸਭ ਤੋਂ ਪਹਿਲਾਂ ਹੈ। ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਰ ਸਕੂਲ ਬੱਸ ’ਚ ਸਪੀਡ ਗਵਰਨਰ, ਸੀ. ਸੀ. ਟੀ. ਵੀ. ਕੈਮਰਾ, ਮਹਿਲਾ ਅਟੈਂਡੈਂਟ ਅਤੇ ਸੁਰੱਖਿਆ ਸਬੰਧੀ ਸਾਰੇ ਪ੍ਰਬੰਧ ਹੋਣੇ ਲਾਜ਼ਮੀ ਹਨ ਪਰ ਅਫ਼ਸੋਸ ਦੀ ਗੱਲ ਹੈ ਕਿ ਪ੍ਰਾਈਵੇਟ ਸਕੂਲ ਅਤੇ ਬੱਸ ਮਾਲਕ ਇਨ੍ਹਾਂ ਨਿਯਮਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕੁੱਲ 14 ਬੱਸਾਂ ਦੇ ਚਲਾਨ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਕੂਲ ਪ੍ਰਬੰਧਕਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਇਕ ਹਫ਼ਤੇ ਦੇ ਅੰਦਰ-ਅੰਦਰ ਸਾਰੀਆਂ ਕਮੀਆਂ ਦੂਰ ਕਰਨ। ਜੇਕਰ ਦੁਬਾਰਾ ਕਿਸੇ ਬੱਸ ’ਚ ਕੋਈ ਕਮੀ ਪਾਈ ਗਈ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਹੈੱਡ ਕਾਂਸਟੇਬਲ ਬਿਕਰਮਜੀਤ ਸਿੰਘ ਵੀ ਮੌਜੂਦ ਸਨ।


author

Gurminder Singh

Content Editor

Related News