ਫਤਿਹਗੜ੍ਹ ਸਾਹਿਬ ''ਚ ਵੱਡਾ ਹਾਦਸਾ: ਸਲਫਾਸ ਦੀ ਜ਼ਹਿਰੀਲੀ ਗੈਸ ਚੜ੍ਹਨ ਨਾਲ 2 ਜਵਾਕਾਂ ਦੀ ਮੌਤ, 3 ਦੀ ਹਾਲਤ ਗੰਭੀਰ

Wednesday, Jul 22, 2026 - 11:31 PM (IST)

ਫਤਿਹਗੜ੍ਹ ਸਾਹਿਬ ''ਚ ਵੱਡਾ ਹਾਦਸਾ: ਸਲਫਾਸ ਦੀ ਜ਼ਹਿਰੀਲੀ ਗੈਸ ਚੜ੍ਹਨ ਨਾਲ 2 ਜਵਾਕਾਂ ਦੀ ਮੌਤ, 3 ਦੀ ਹਾਲਤ ਗੰਭੀਰ

ਫਤਿਹਗੜ੍ਹ ਸਾਹਿਬ (ਵਿਪਨ) : ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਖਨਿਆਣ ਤੋਂ ਇੱਕ ਬੇਹੱਦ ਦਰਦਨਾਕ ਅਤੇ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਘਰ ਦੇ ਸਟੋਰ ਵਿੱਚ ਕਣਕ ਨੂੰ ਸੁਰੱਖਿਅਤ ਰੱਖਣ ਲਈ ਢੋਲ ਵਿੱਚ ਰੱਖੀਆਂ ਗਈਆਂ ਸਲਫਾਸ ਦੀਆਂ ਗੋਲੀਆਂ ਵਿੱਚੋਂ ਨਿਕਲੀ ਜ਼ਹਿਰੀਲੀ ਗੈਸ ਨੇ ਇੱਕੋ ਪਰਿਵਾਰ ਦੀਆਂ ਖੁਸ਼ੀਆਂ ਉਜਾੜ ਦਿੱਤੀਆਂ। ਇਸ ਹਾਦਸੇ ਵਿੱਚ 2 ਮਾਸੂਮ ਬੱਚਿਆਂ ਦੀ ਮੌਤ ਹੋ ਗਈ, ਜਦਕਿ 2 ਬੱਚੀਆਂ ਅਤੇ ਇੱਕ ਔਰਤ ਦੀ ਹਾਲਤ ਗੰਭੀਰ ਬਣੀ ਹੋਈ ਹੈ। ਤਿੰਨਾਂ ਨੂੰ ਇਲਾਜ ਲਈ ਚੰਡੀਗੜ੍ਹ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਹ ਜ਼ਿੰਦਗੀ ਅਤੇ ਮੌਤ ਵਿਚਾਲੇ ਜੰਗ ਲੜ ਰਹੇ ਹਨ।

PunjabKesari

ਜਾਣਕਾਰੀ ਅਨੁਸਾਰ ਪਿੰਡ ਖਨਿਆਣ ਵਿੱਚ ਦੋ ਸਕੇ ਭਰਾ ਆਪੋ-ਆਪਣੇ ਪਰਿਵਾਰਾਂ ਸਮੇਤ ਇੱਕ ਹੀ ਘਰ ਵਿੱਚ ਰਹਿੰਦੇ ਹਨ। ਕੁਝ ਦਿਨ ਪਹਿਲਾਂ ਪਰਿਵਾਰ ਨੇ ਸਟੋਰ ਵਿੱਚ ਰੱਖੀ ਕਣਕ ਨੂੰ ਕੀੜਿਆਂ ਤੋਂ ਬਚਾਉਣ ਲਈ ਅਨਾਜ ਦੇ ਢੋਲ ਵਿੱਚ ਸਲਫਾਸ ਦੀਆਂ ਗੋਲੀਆਂ ਰੱਖੀਆਂ ਸਨ। ਜਿਸ ਸਟੋਰ ਵਿੱਚ ਕਣਕ ਰੱਖੀ ਹੋਈ ਸੀ, ਉਸ ਦਾ ਇੱਕ ਦਰਵਾਜ਼ਾ ਸਿੱਧਾ ਉਸ ਬੈੱਡਰੂਮ ਵਿੱਚ ਖੁੱਲ੍ਹਦਾ ਸੀ, ਜਿੱਥੇ ਦੋਵੇਂ ਪਰਿਵਾਰ ਆਪਣੇ ਬੱਚਿਆਂ ਸਮੇਤ ਸੌਂਦੇ ਸਨ।

ਇਹ ਵੀ ਪੜ੍ਹੋ : ਪੰਜਾਬ ਦੇ ਟੋਲ ਪਲਾਜ਼ਿਆਂ 'ਤੇ ਨਹੀਂ ਲੱਗਿਆ ਟੈਕਸ, ਬਿਨਾਂ ਪਰਚੀ ਕਟਾਏ ਲੰਘੇ ਵਾਹਨ

ਦੱਸਿਆ ਜਾ ਰਿਹਾ ਹੈ ਕਿ 20 ਜੁਲਾਈ ਦੀ ਰਾਤ ਅਚਾਨਕ ਪਰਿਵਾਰ ਦੇ ਬੱਚਿਆਂ ਦੀ ਤਬੀਅਤ ਵਿਗੜਣ ਲੱਗੀ। ਸਭ ਤੋਂ ਪਹਿਲਾਂ ਸਿਰਫ਼ 13 ਦਿਨਾਂ ਦੀ ਮਾਸੂਮ ਬੱਚੀ ਹਰਸੀਰਤ ਕੌਰ ਦੀ ਹਾਲਤ ਨਾਜ਼ੁਕ ਹੋ ਗਈ ਅਤੇ ਕੁਝ ਹੀ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਪਰਿਵਾਰ ਇਸ ਸਦਮੇ ਤੋਂ ਸੰਭਲ ਵੀ ਨਹੀਂ ਸਕਿਆ ਸੀ ਕਿ ਕਰੀਬ ਚਾਰ ਸਾਲਾ ਮਨਰਾਜ ਸਿੰਘ ਦੀ ਤਬੀਅਤ ਵੀ ਵਿਗੜ ਗਈ। ਉਸ ਨੂੰ ਲਗਾਤਾਰ ਉਲਟੀਆਂ ਆਉਣ ਲੱਗੀਆਂ। ਪਰਿਵਾਰਕ ਮੈਂਬਰ ਉਸ ਨੂੰ ਇਲਾਜ ਲਈ ਹਸਪਤਾਲ ਲੈ ਗਏ ਅਤੇ ਦਵਾਈ ਦਿਵਾ ਕੇ ਵਾਪਸ ਘਰ ਲੈ ਆਏ, ਪਰ ਉਸ ਦੀ ਹਾਲਤ ਵਿੱਚ ਕੋਈ ਸੁਧਾਰ ਨਾ ਆਇਆ। ਬੁੱਧਵਾਰ ਸਵੇਰੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਮਨਰਾਜ ਸਿੰਘ ਨੇ ਵੀ ਦਮ ਤੋੜ ਦਿੱਤਾ।

ਇਸ ਹਾਦਸੇ ਵਿੱਚ ਪਰਿਵਾਰ ਦੀਆਂ 13 ਸਾਲਾ ਅਤੇ 8 ਸਾਲਾ ਦੋ ਬੱਚੀਆਂ ਅਤੇ ਇੱਕ ਔਰਤ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ। ਤਿੰਨਾਂ ਨੂੰ ਬਿਹਤਰ ਇਲਾਜ ਲਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News