ਭੂਪੇਸ਼ ਬਘੇਲ ਨੂੰ ਮਿਲ ਕੇ ਬੋਲੇ ਡਾ. ਗਾਂਧੀ, ਨਿੱਜ ਦੀ ਬਜਾਏ ਦੇਸ਼, ਕਾਂਗਰਸ ਲਈ ਇਕਜੁੱਟ ਹੋਣ ਦੀ ਲੋੜ
Monday, Jul 13, 2026 - 01:45 PM (IST)
ਪਟਿਆਲਾ (ਰਾਜੇਸ਼ ਪੰਜੌਲਾ) : ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਬਾਗੀ ਸੁਰ ਅਪਣਾਉਣ ਤੋਂ ਬਾਅਦ ਪੰਜਾਬ ਦੌਰੇ ’ਤੇ ਆਏ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ, ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਪਾਰਟੀ ਦੇ ਵੱਖ-ਵੱਖ ਲੀਡਰਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀ ਰਾਏ ਲੈ ਰਹੇ ਹਨ, ਜਿਸ ਤਹਿਤ ਹੀ ਪਟਿਆਲਾ ਦੇ ਐੱਮ. ਪੀ. ਡਾ. ਧਰਮਵੀਰ ਗਾਂਧੀ ਭੂਪੇਸ਼ ਬਘੇਲ ਨੂੰ ਮਿਲੇ। ਇਸ ਦੌਰਾਨ ਉਨ੍ਹਾਂ ਆਪਣੀ ਬੇਬਾਕ ਰਾਏ ਪਾਰਟੀ ਦੇ ਇੰਚਾਰਜ ਸਾਹਮਣੇ ਰੱਖੀ।
ਉਨ੍ਹਾਂ ਕਿਹਾ ਕਿ ਮੌਜੂਦਾ ਸਮਾਂ ਨਿੱਜੀ ਹਿੱਤਾਂ ਦੀ ਬਜਾਏ ਦੇਸ਼, ਕਾਂਗਰਸ, ਪੰਜਾਬ ਅਤੇ ਲੋਕਤੰਤਰ ਨੂੰ ਬਚਾਉਣ ਲਈ ਇਕਜੁੱਟ ਹੋਣ ਦਾ ਹੈ। ਉਹ ਕਾਂਗਰਸ ਪਾਰਟੀ ’ਚ ਐੱਮ. ਪੀ. ਬਣਨ ਜਾਂ ਮੰਤਰੀ ਬਣਨ ਲਈ ਨਹੀਂ ਆਏ ਸਨ, ਉਹ ਰਾਹੁਲ ਗਾਂਧੀ ਦੀਆਂ ਨੀਤੀਆਂ ਅਤੇ ਰਾਹੁਲ ਗਾਂਧੀ ਦੀ ਨਿਡਰਤਾ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਪਾਰਟੀ ਵਿਚ ਆਏ ਸਨ। ਆਪਣੇ ਲੰਬੇ ਜਨਤਕ ਜੀਵਨ ਦੌਰਾਨ ਉਨ੍ਹਾਂ ਜੋ ਵੀ ਕਮਾਈ ਕੀਤੀ, ਉਹ ਸਾਰੀ ਕਾਂਗਰਸ ਦੀ ਝੋਲੀ ਵਿਚ ਪਾ ਦਿੱਤੀ ਕਿਉਂਕਿ ਅੱਜ ਦੇਸ਼ ਨੂੰ ਕਾਂਗਰਸ ਪਾਰਟੀ ਦੀ ਜ਼ਰੂਰਤ ਹੈ।
ਡਾ. ਗਾਂਧੀ ਨੇ ਕਿਹਾ ਕਿ ਪੰਜਾਬ ਦੇ ਲੋਕ ਸੂਬੇ ’ਚ ਭਾਜਪਾ ਦੇ ਪੈਰ ਨਹੀਂ ਲੱਗਣ ਦੇਣਾ ਚਾਹੁੰਦੇ ਅਤੇ ਆਮ ਆਦਮੀ ਪਾਰਟੀ ਨੂੰ ਭਜਾਉਣਾ ਚਾਹੁੰਦੇ ਹਨ, ਇਸ ਲਈ ਉਹ ਕਾਂਗਰਸ ਵੱਲ ਦੇਖ ਰਹੇ ਹਨ। ਅਜਿਹੇ ’ਚ ਕਾਂਗਰਸ ਦੇ ਹਰ ਲੀਡਰ ਅਤੇ ਵਰਕਰ ਦਾ ਫਰਜ਼ ਬਣਦਾ ਹੈ ਕਿ ਉਹ ਪੰਜਾਬੀਆਂ ਦੀਆਂ ਭਾਵਨਾਵਾਂ ਅਨੁਸਾਰ ਇਕਜੁੱਟ ਹੋਣ ਅਤੇ 2027 ਵਿਚ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਲੜਾਈ ਲੜਨ।
