ATM ਕਾਰਡ ਬਦਲ ਕੇ 41 ਹਜ਼ਾਰ ਦੀ ਠੱਗੀ, ਸੀਸੀਟੀਵੀ ''ਚ ਕੈਦ ਹੋਈ ਵਾਰਦਾਤ
Monday, Jul 13, 2026 - 02:50 PM (IST)
ਫ਼ਤਿਹਗੜ੍ਹ ਸਾਹਿਬ (ਬਿਪਨ): ਬੱਸੀ ਪਠਾਣਾ ਵਿਖੇ ਇਕ ਬੇਹੱਦ ਹੈਰਾਨੀਜਨਕ ਅਤੇ ਚਿੰਤਾਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਚੋਰਾਂ ਵੱਲੋਂ ਚਲਾਕੀ ਨਾਲ ਏਟੀਐਮ ਕਾਰਡ ਬਦਲ ਕੇ ਇਕ ਵਿਅਕਤੀ ਨਾਲ ਹਜ਼ਾਰਾਂ ਰੁਪਏ ਦੀ ਠੱਗੀ ਮਾਰੀ ਗਈ। ਇਹ ਸਾਰੀ ਘਟਨਾ ਉੱਥੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਵੀ ਕੈਦ ਹੋ ਗਈ ਹੈ। ਪੀੜਤ ਦੀ ਪਛਾਣ ਹੀਰਾ ਲਾਲ ਵਜੋਂ ਹੋਈ ਹੈ, ਜੋ ਬਸੀ ਪਠਾਣਾ ਦੇ ਰਹਿਣ ਵਾਲੇ ਹਨ ਅਤੇ ਸਾਊਂਡ ਦਾ ਕੰਮ ਕਰਦੇ ਹਨ।
ਹੀਰਾ ਲਾਲ ਨੇ ਦੱਸਿਆ ਕਿ ਦੁੱਧ ਦੇ ਪੈਸੇ ਦੇਣ ਲਈ ਏ.ਟੀ.ਐੱਮ. ਵਿਚੋਂ ਨਕਦੀ ਕਢਵਾਉਣ ਗਏ ਸਨ। ਜਦੋਂ ਉਹ ਪੈਸੇ ਕਢਵਾਉਣ ਦੀ ਪ੍ਰਕਿਰਿਆ ਕਰ ਰਹੇ ਸਨ, ਤਾਂ ਇਕ ਟੋਪੀ ਵਾਲਾ ਅਣਪਛਾਤਾ ਵਿਅਕਤੀ ਆ ਕੇ ਉਨ੍ਹਾਂ ਦੇ ਬਿਲਕੁਲ ਪਿੱਛੇ ਖੜਾ ਹੋ ਗਿਆ। ਹੀਰਾ ਲਾਲ ਵੱਲੋਂ ਉਸ ਨੂੰ ਪਿੱਛੇ ਹਟਣ ਲਈ ਵੀ ਕਿਹਾ ਗਿਆ, ਪਰ ਉਹ ਵਿਅਕਤੀ ਆਪਣੀ ਜਗ੍ਹਾ ਤੋਂ ਟੱਸ ਤੋਂ ਮੱਸ ਨਾ ਹੋਇਆ। ਜਿਵੇਂ ਹੀ ਹੀਰਾ ਲਾਲ ਨੇ ਪੈਸੇ ਕਢਵਾਉਣ ਲਈ ਆਪਣਾ ਗੁਪਤ ਪਿੰਨ ਨੰਬਰ ਭਰਿਆ ਅਤੇ ਮਸ਼ੀਨ ਵਿਚੋਂ ਪੈਸੇ ਬਾਹਰ ਨਿਕਲੇ, ਤੁਰੰਤ ਹੀ ਉਸ ਟੋਪੀ ਵਾਲੇ ਵਿਅਕਤੀ ਦਾ ਦੂਜਾ ਸਾਥੀ ਵੀ ਅੰਦਰ ਦਾਖਲ ਹੋ ਗਿਆ। ਦੋਵਾਂ ਠੱਗਾਂ ਨੇ ਅੱਖ ਦੇ ਫੋਰ ਵਿਚ ਹੀਰਾ ਲਾਲ ਦਾ ਅਸਲੀ ਏਟੀਐਮ ਕਾਰਡ ਆਪਣੇ ਕੋਲ ਰੱਖ ਲਿਆ ਅਤੇ ਉਨ੍ਹਾਂ ਨੂੰ ਧੋਖੇ ਨਾਲ ਕੋਈ ਹੋਰ ਕਾਰਡ ਫੜਾ ਦਿੱਤਾ। ਇਸ ਤੋਂ ਬਾਅਦ, ਮੁਲਜ਼ਮਾਂ ਨੇ ਹੀਰਾ ਲਾਲ ਦੇ ਖਾਤੇ ਵਿਚੋਂ ਵੱਖ ਵੱਖ ਥਾਵਾਂ ਤੋਂ ਕੁੱਲ 41,300 ਰੁਪਏ ਦੀ ਰਕਮ ਉਡਾ ਲਈ। ਪੀੜਤ ਨੇ ਦੱਸਿਆ ਕਿ ਉਕਤ ਮੁਲਜ਼ਮ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਸਨ। ਪੀੜਤ ਵੱਲੋਂ ਇਸ ਦੀ ਸ਼ਿਕਾਇਤ ਪੁਲਸ ਨੂੰ ਦੇ ਦਿੱਤੀ ਗਈ ਹੈ।
ਦੂਜੇ ਪਾਸੇ, ਪੁਲਸ ਚੌਂਕੀ ਸਿਟੀ ਬਸੀ ਪਠਾਣਾ ਦੇ ਇੰਚਾਰਜ ਜਗਦੀਪ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਪੁਲਸ ਵੱਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਦੇ ਅਧਾਰ 'ਤੇ ਚੋਰਾਂ ਦੀ ਭਾਲ ਜਾਰੀ ਹੈ।
