'ਸਤਲੁਜ' ਫ਼ਿਲਮ ਦੀ ਟੀਮ ਨੂੰ ਪਏ ਘਾਟੇ ਮਗਰੋਂ ਪੰਜਾਬੀਆਂ ਦੀ ਪਹਿਲਕਦਮੀ! ਭੇਜਿਆ ਜਾਵੇਗਾ ਗੋਲਕ ਦਾ ਪੈਸਾ

Saturday, Jul 18, 2026 - 01:35 PM (IST)

'ਸਤਲੁਜ' ਫ਼ਿਲਮ ਦੀ ਟੀਮ ਨੂੰ ਪਏ ਘਾਟੇ ਮਗਰੋਂ ਪੰਜਾਬੀਆਂ ਦੀ ਪਹਿਲਕਦਮੀ! ਭੇਜਿਆ ਜਾਵੇਗਾ ਗੋਲਕ ਦਾ ਪੈਸਾ

ਨਾਭਾ (ਰਾਹੁਲ ਖ਼ੁਰਾਨਾ): ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੇ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਅਧਾਰਤ ਫ਼ਿਲਮ 'ਸਤਲੁਜ' ਇਸ ਵੇਲੇ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਫ਼ਿਲਮ ਪਹਿਲਾਂ ਸੈਂਸਰ ਬੋਰਡ ਤੋਂ ਪ੍ਰਵਾਨਗੀ ਨਾ ਮਿਲਣ ਕਾਰਨ ਸਿਨੇਮਾਘਰਾਂ ਵਿਚ ਰਿਲੀਜ਼ ਨਹੀਂ ਹੋ ਸਕੀ ਸੀ ਤੇ ਫ਼ਿਰ ਅਚਾਨਕ ਓਟੀਟੀ ਪਲੇਟਫ਼ਾਰਮ 'ਤੇ ਰਿਲੀਜ਼ ਹੋਣ ਮਗਰੋਂ 2 ਦਿਨ ਬਾਅਦ ਹੀ ਉੱਥੋਂ ਵੀ ਹਟਾ ਦਿੱਤੀ ਗਈ ਸੀ। ਫ਼ਿਲਮ ਰਿਲੀਜ਼ ਨਾ ਹੋਣ ਕਾਰਨ ਨਿਰਮਾਤਾਵਾਂ ਨੂੰ ਪਏ ਘਾਟੇ ਨੂੰ ਵੇਖਦਿਆਂ ਨਾਭਾ ਬਲਾਕ ਦੇ ਪਿੰਡ ਥੂਹੀ ਦੇ ਭਰਵੇਂ ਇਕੱਠ ਵਿਚ ਪਿੰਡ ਵਾਸੀਆਂ ਨੇ ਸਤਲੁਜ ਫਿਲਮ ਨਿਰਮਾਤਾ ਨੂੰ ਆਪਣੀ ਹਮਾਇਤ ਜਤਾਉਂਦੇ ਹੋਏ ਆਪਣੀ ਟਿਕਟ ਦੇ ਪੈਸੇ ਭੇਜਣ ਦਾ ਫੈਸਲਾ ਕੀਤਾ। ਫਿਲਮ 'ਤੇ ਰੋਕ ਦਾ ਵਿਰੋਧ ਕਰਦੇ ਹੋਏ ਥੂਹੀ ਪਿੰਡ ਵਾਸੀਆਂ ਨੇ ਇਹ ਸ਼ੁਰੂਆਤ ਕਰਕੇ ਵੱਖਰਾ ਉਪਰਾਲਾ ਕੀਤੀ ਗਿਆ। ਇਸ ਦੇ ਲਈ ਪਿੰਡ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਬਾਹਰੀ ਹਦੂਦ ਵਿਖੇ ਸਤਲੁਜ ਦੇ ਨਾਂ ਨਾਲ ਇਕ ਵੱਖਰੀ ਗੋਲਕ ਲਗਾਈ ਗਈ, ਜਿਸ ਵਿਚ ਇਕੱਤਰ ਹੋਈ ਰਾਸ਼ੀ ਫਿਲਮ ਨਿਰਮਾਤਾ ਨੂੰ ਭੇਂਟ ਕੀਤੀ ਜਾਵੇਗੀ। 

ਇਸ ਮੌਕੇ ਪਿੰਡ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦਲਬੀਰ ਸਿੰਘ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਗੋਲਕ ਲਗਾਈ ਗਈ ਹੈ, ਜਿਸ ਵਿਚ ਅਸੀਂ ਫ਼ਿਲਮ ਵੇਖਣ ਦੀ ਟਿਕਟ ਦੇ ਪੈਸੇ ਪਾ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਇਕ ਮਹੀਨੇ ਦੇ ਲਈ ਗੋਲਕ ਇੱਥੇ ਰੱਖਾਂਗੇ ਤੇ ਇਸ ਦੌਰਾਨ ਜੋ ਵੀ ਮਦਦ ਮਿਲੇਗੀ, ਉਸ ਨੂੰ ਅਸੀਂ ਫਿਲਮ ਦੇ ਨਿਰਮਾਤਾ ਨੂੰ ਦੇਵਾਂਗੇ। ਉਨ੍ਹਾਂ ਕਿਹਾ ਕਿ ਇਕੱਲਾ ਪਿੰਡ ਥੂਹੀ ਤਾਂ ਫਿਲਮ ਸਤਲੁਜ ਦਾ ਵਿੱਤੀ ਘਾਟਾ ਨਹੀਂ ਪੂਰਾ ਕਰ ਸਕਦਾ, ਪਰ ਉਨ੍ਹਾਂ ਨੇ ਇਹ ਸ਼ੁਰੂਆਤ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਮਦਦ ਕਰਨ ਦੀ ਅਪੀਲ ਕੀਤੀ। 

PunjabKesari

ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਸਾਨੂੰ ਸਾਰੇ ਨਗਰ ਦੇ ਵੱਲੋਂ ਵਧੀਆ ਸਹਿਯੋਗ ਮਿਲ ਰਿਹਾ। ਅਸੀਂ ਫਿਲਮ ਦਾ ਘਾਟਾ ਤਾਂ ਪੂਰਾ ਨਹੀਂ ਕਰ ਸਕਦੇ ਪਰ ਅਸੀਂ ਜੋ ਤਿਲ ਫੁਲ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਗੋਲਕ ਲਗਾਈ ਗਈ ਹੈ ਉਸ ਵਿਚ ਪਾਈ ਜਾਵੇਗੀ। ਜੇਕਰ ਅਸੀਂ ਇਸ ਤਰ੍ਹਾਂ ਚੰਗੇ ਨਿਰਮਾਤਾ ਦਾ ਸਾਥ ਦਵਾਂਗੇ ਤਾਂ ਹੀ ਆਉਣ ਵਾਲੇ ਸਮੇਂ ਦੇ ਵਿਚ ਚੰਗੀਆਂ ਅਤੇ ਇਤਿਹਾਸ ਦੇ ਬਾਰੇ ਜਾਣਕਾਰੀ ਦੇਣ ਵਾਲੀਆਂ ਫਿਲਮਾਂ ਆਉਂਦੀਆਂ ਰਹਿਣਗੀਆਂ। 
 


author

Anmol Tagra

Content Editor

Related News