ਸਹਿਕਾਰੀ ਸਭਾਵਾਂ ’ਚ ਸਿੱਧੀ ਰਾਜਸੀ ਦਖ਼ਲ ਅੰਦਾਜ਼ੀ ਹੋਣ ਕਰ ਕੇ ਪਿੰਡਾਂ ਦੇ ਕਿਸਾਨ ਹੋਣ ਲੱਗੇ ‘ਆਹਮੋ- ਸਾਹਮਣੇ’

12/30/2020 1:01:25 PM

ਮੋਗਾ (ਗੋਪੀ ਰਾਉੂਕੇ): ਇਕ ਪਾਸੇ ਜਿੱਥੇ ਖੇਤੀ ਸੋਧ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਚੱਲ ਰਹੇ ਕਿਸਾਨ ਮੋਰਚੇ ਕਿਸਾਨਾਂ ਵਲੋਂ ਧੜੇਬੰਦੀ ਤੋਂ ਉਪਰ ਉਠ ਕੇ ‘ਏਕੇ’ ਦਾ ਸਬੂਤ ਦਿੰਦੇ ਹੋਏ ਸੰਘਰਸ਼ ਕੀਤਾ ਜਾ ਰਿਹਾ ਹੈ, ਉਥੇ ਇੰਨ੍ਹੀ ਦਿਨੀਂ ’ਚੁੱਪ -ਚਪੀਤੇ’ ਪਿੰਡਾਂ ਦੀਆਂ ਸਹਿਕਾਰੀ ਸਭਾਵਾਂ ਦੀ ਚੋਣ ਵੇਲੇ ਕਥਿਤ ਸਿੱਧੀ ਰਾਜਸੀ ਦਖ਼ਲ ਅੰਦਾਜ਼ੀ ਹੋਣ ਕਰ ਕੇ ਪਿੰਡਾਂ ਦੇ ਕਿਸਾਨ ਦੋ ਧੜਿ੍ਹਆਂ ’ਚ ਤਾਂ ਵੰਡੇ ਜਾਣ ਹੀ ਲੱਗੇ ਹਨ ਸਗੋਂ ਕਈ ਥਾਈਂ ਕਿਸਾਨਾਂ ਦੇ ਆਪਸ ’ਚ ‘ਆਹਮੋ- ਸਾਹਮਣੇ’ ਹੋਣ ਦੀ ਸਥਿਤੀ ਵੀ ਪੈਦਾ ਹੋਣ ਲੱਗੀ ਹੈ। ਮੋਗਾ ਜ਼ਿਲੇ੍ਹ ਦੇ ਵੱਖ-ਵੱਖ ਪਿੰਡਾਂ ’ਚ ਪਿਛਲੇ ਸੱਤ ਦਿਨਾਂ ਦੌਰਾਨ ਸਹਿਕਾਰੀ ਸਭਾ ਦੀ ਚੋਣ ਵੇਲੇ ਹੁਕਮਰਾਨ ਧਿਰ ਵਲੋਂ ਕਥਿਤ ਧੱਕੇਸ਼ਾਹੀ ਕਰਨ ਦੀਆਂ ਖ਼ਬਰਾਂ ਮਿਲ ਰਹੀਆਂ ਹਨ ’ਤੇ ਬੀਤੇ ਕੱਲ ਇਤਿਹਾਸਕ ਪਿੰਡ ਭਿੰਡਰ ਕਲਾਂ ਵਿਖੇ ਤਾਂ ਉਸ ਵੇਲੇ ਲੋਕਤੰਤਰ ਦੀਆਂ ਸਿੱਧੇ ਤੌਰ ’ਤੇ ਧੱਜੀਆਂ ਉਡਦੀਆਂ ਪ੍ਰਤੀਤ ਹੋਈਆਂ ਜਦੋਂ ਚੋਣ ਲੜਨ ਲਈ ਸਾਰੇ ਜ਼ਰੂਰੀ ਕਾਗਜ਼ਾਤ ਭਰ ਕੇ ਨਾਮਜ਼ਦਗੀ ਭਰਨ ਲਈ ਤਿਆਰ ਬੈਠੇ ਕਿਸਾਨਾਂ ਕਥਿਤ ਤੌਰ ’ਤੇ ਚੋਣ ਵਾਲੀ ਥਾਂ ’ਤੇ ਵੀ ਨਹੀਂ  ਜਾਣ ਦਿੱਤਾ ’ਤੇ ਕਿਸਾਨ ਦਾ ਰੋਹ ਉਦੋਂ ਹੋਰ ਭੜਕ ਗਿਆ ਜਦੋਂ ‘ਚੁੱਪ ਚਪੀਤੇ’ ਚਾਰ ਪਿੰਡਾਂ ਭਿੰਡਰ ਕਲਾਂ, ਭਿੰਡਰ ਖੁਰਦ, ਦਾਤਾ ਅਤੇ ਵਹਿਣੀਵਾਲ ਦੀ ਇਸ ਸਭਾ ਦੀ ਚੋਣ ’ਚ ਵੱਡੀਆਂ ਧਾਂਦਲੀਆਂ ਕਰਦੇ ਹੋਏ ਹੁਕਮਰਾਨ ਧਿਰ ਦੇ ਕਥਿਤ ਇਸ਼ਾਰੇ ’ਤੇ ਆਪਣੀ ਪੱਖੀ ਜੇਤੂਆਂ ਦੇ ਹਾਰ ਪਾ ਦਿੱਤੇ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਦੀ ਭਾਜਪਾ ਨੂੰ ਚੁਣੌਤੀ,ਖੇਤੀ ਬਿੱਲਾਂ ’ਤੇ ਹਰਸਿਮਰਤ ਦੇ ਦਿਖਾਓ ਹਸਤਾਖ਼ਰ

ਅੱਜ ਇਸ ਚੋਣ ’ਚ ਹੋਈਆਂ ਧਾਂਦਲੀਆਂ ਕਰ ਕੇ ਚੋਣ ਨੂੰ ਲੋਕਤੰਤਰ ਦਾ ਕੀਤਾ ਗਿਆ ਕਤਲ ਕਰਾਰ ਦਿੰਦੇ ਹੋਏ ਉੱਚ ਅਧਿਕਾਰੀਆਂ ਨੂੰ ਭੇਜੇ ਸ਼ਿਕਾਇਤ ਪੱਤਰ ਦੀ ਕਾਪੀ ਦਿਖਾਉਂਦੇ ਹੋਏ ਪ੍ਰਦੀਪ ਸਿੰਘ ਭਿੰਡਰ ਕਲਾਂ, ਆਮ ਆਦਮੀ ਪਾਰਟੀ ਦੇ ਆਗੂ ਸਤਵਿੰਦਰ ਸਿੰਘ, ਪ੍ਰਭਕਿਰਨ ਸਿੰਘ ਆਦਿ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਨਿਰੋਲ ਕਿਸਾਨਾਂ ਦੀ ਸਹੂਲਤ ਲਈ ਹੋਂਦ ’ਚ ਆਈਆਂ ਸਨ। ਇਨ੍ਹਾਂ ਦੀ ਚੋਣ ਪਾਰਦਰਸ਼ੀ ਢੰਗ ਨਾਲ ਹੋਣੀ ਚਾਹੀਦੀ ਹੈ ਤਾਂ ਜੋਂ ਕਿਸਾਨ ਆਪਣੇ ’ਚੋਂ ਉਨ੍ਹਾਂ ਆਗੂਆਂ ਦੀ ਲੋਕਤੰਤਰ ਤਰੀਕੇ ਨਾਲ ਚੋਣ ਕਰ ਸਕਣ, ਜਿਨ੍ਹਾਂ ’ਤੇ ਉਨ੍ਹਾਂ ਨੂੰ ਇਹ ਭਰੋਸਾ ਹੋਵੇ ਕਿ ਉਹ ਚੋਣ ਜਿੱਤ ਕੇ ਕਿਸਾਨਾਂ ਦੇ ਹਿੱਤਾਂ ਦੀ ਅਸਲ ‘ਪਹਿਰੇਦਾਰੀ’ ਕਰਨਗੇ। ਉਨ੍ਹਾਂ ਦੋਸ਼ ਲਾਇਆ ਕਿ ਚੋਣ ਅਮਲੇ ਦੇ ਫ਼ੈਸਲੇ ਨੇ ਸਿੱਧੇ ਤੌਰ ’ਤੇ ਧੱਕੇਸ਼ਾਹੀ ’ਚ ਹੁਕਮਰਾਨ ਧਿਰ ਨਾਲ ਸਬੰਧਿਤ ਆਗੂਆਂ ਦਾ ਸਾਥ ਦਿੱਤਾ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚੋਣ ’ਚ ਹੋਈ ਧੱਕੇਸ਼ਾਹੀ ਦੇ ਮਾਮਲੇ ’ਚੋਂ ਇਨਸਾਫ਼ ਲੈਣ ਲਈ ਮਾਣਯੋਗ ਕੋਰਟ ਦਾ ਦਰਵਾਜ਼ਾ ਖੜਕਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਕਿਸਾਨੀ ਸੰਘਰਸ਼ ’ਤੇ ਸੁਖਬੀਰ ਬਾਦਲ ਦਾ ਬਿਆਨ, ਕਿਹਾ ਪ੍ਰਧਾਨ ਮੰਤਰੀ ਨੇ ਸਭ ਤੋਂ ਵੱਡੇ ਗੁਨਾਹਗਾਰ


Baljeet Kaur

Content Editor

Related News