ਲੁਧਿਆਣਾ ਪੁਲਸ ਕਮਿਸ਼ਨਰ ਦਫ਼ਤਰ ਨੂੰ ਤਾਲਾ ਲਾਉਣ ਪਹੁੰਚੇ ਭਾਜਪਾ ਆਗੂ, ਛਾਉਣੀ ''ਚ ਤਬਦੀਲ ਹੋਇਆ ਇਲਾਕਾ

Monday, May 11, 2026 - 02:08 PM (IST)

ਲੁਧਿਆਣਾ ਪੁਲਸ ਕਮਿਸ਼ਨਰ ਦਫ਼ਤਰ ਨੂੰ ਤਾਲਾ ਲਾਉਣ ਪਹੁੰਚੇ ਭਾਜਪਾ ਆਗੂ, ਛਾਉਣੀ ''ਚ ਤਬਦੀਲ ਹੋਇਆ ਇਲਾਕਾ

ਲੁਧਿਆਣਾ (ਰਾਜ): ਭਾਜਪਾ ਵੱਲੋਂ 'ਆਪ' ਆਗੂਆਂ 'ਤੇ ਦਫ਼ਤਰਾਂ 'ਤੇ ਹਮਲਾ ਕਰਨ ਦੇ ਲਾਏ ਦੋਸ਼ਾਂ ਮਗਰੋਂ ਹੁਣ ਭਾਜਪਾ ਵਰਕਰ ਆਪਣਾ ਵਿਰੋਧ ਦਰਜ ਕਰਵਾਉਣ ਲਈ ਸੜਕਾਂ 'ਤੇ ਉਤਰ ਆਏ ਹਨ। ਭਾਰੀ ਗਿਣਤੀ ਵਿਚ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਇਕੱਠੇ ਹੋ ਕੇ ਪੁਲਸ ਕਮਿਸ਼ਨਰ ਦਫ਼ਤਰ ਦਾ ਘਿਰਾਓ ਕੀਤਾ। ਪ੍ਰਦਰਸ਼ਨਕਾਰੀਆਂ ਦਾ ਗੁੱਸਾ ਇੰਨਾ ਜ਼ਿਆਦਾ ਸੀ ਕਿ ਉਨ੍ਹਾਂ ਨੇ ਪੁਲਸ ਕਮਿਸ਼ਨਰ ਦਫ਼ਤਰ ਨੂੰ ਤਾਲਾ ਲਗਾਉਣ ਦਾ ਐਲਾਨ ਕਰ ਰੱਖਿਆ ਸੀ, ਜਿਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਪੂਰੇ ਇਲਾਕੇ ਨੂੰ ਪੁਲਸ ਛਾਉਣੀ ਵਿਚ ਤਬਦੀਲ ਕਰ ਦਿੱਤਾ।

ਸਵੇਰ ਤੋਂ ਹੀ ਭਾਜਪਾ ਵਰਕਰ ਹੱਥਾਂ ਵਿਚ ਝੰਡੇ ਅਤੇ ਸਰਕਾਰ ਵਿਰੋਧੀ ਤਖ਼ਤੀਆਂ ਲੈ ਕੇ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਭਾਜਪਾ ਆਗੂਆਂ ਦਾ ਦੋਸ਼ ਹੈ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਈ ਹੈ ਅਤੇ ਸੱਤਾਧਾਰੀ ਪਾਰਟੀ ਦੀ ਸ਼ਹਿ 'ਤੇ ਭਾਜਪਾ ਦਫ਼ਤਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਪੁਲਸ 'ਤੇ ਵੀ ਸੱਤਾ ਦੇ ਦਬਾਅ ਵਿਚ ਕੰਮ ਕਰਨ ਦੇ ਗੰਭੀਰ ਦੋਸ਼ ਲਗਾਏ। ਭਾਜਪਾ ਦੇ ਸੀਨੀਅਰ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਪੁਲਸ ਨੇ ਉਨ੍ਹਾਂ ਦੇ ਵਰਕਰਾਂ ਅਤੇ ਦਫ਼ਤਰਾਂ ਦੀ ਸੁਰੱਖਿਆ ਯਕੀਨੀ ਨਾ ਬਣਾਈ ਅਤੇ ਹਮਲਾਵਰਾਂ 'ਤੇ ਸਖ਼ਤ ਕਾਰਵਾਈ ਨਾ ਕੀਤੀ, ਤਾਂ ਇਹ ਅੰਦੋਲਨ ਹੋਰ ਤੇਜ਼ ਹੋਵੇਗਾ।

ਸੁਰੱਖਿਆ ਦੇ ਮੱਦੇਨਜ਼ਰ ਪੁਲਸ ਕਮਿਸ਼ਨਰ ਦਫ਼ਤਰ ਦੇ ਚਾਰੇ ਪਾਸੇ ਭਾਰੀ ਪੁਲਸ ਫ਼ੋਰਸ ਤਾਇਨਾਤ ਕੀਤਾ ਗਿਆ ਸੀ। ਬੈਰੀਕੇਡ ਲਗਾ ਕੇ ਭਾਜਪਾ ਵਰਕਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੌਰਾਨ ਪੁਲਿਸ ਅਤੇ ਵਰਕਰਾਂ ਵਿਚਾਲੇ ਤਿੱਖੀ ਨੋਕ-ਝੋਕ ਅਤੇ ਧੱਕਾ-ਮੁੱਕੀ ਵੀ ਹੋਈ। ਸੀ.ਪੀ. ਦਫ਼ਤਰ ਨੂੰ ਤਾਲਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਭਾਜਪਾ ਆਗੂਆਂ ਨੂੰ ਰੋਕਣ ਲਈ ਪੁਲਿਸ ਨੇ ਅਜਿਹੇ ਪੁਖ਼ਤਾ ਪ੍ਰਬੰਧ ਕੀਤੇ ਸਨ ਕਿ ਪੂਰਾ ਸਰਕਾਰੀ ਕੰਪਲੈਕਸ ਕਿਲੇਬੰਦੀ ਵਰਗਾ ਨਜ਼ਰ ਆਉਣ ਲੱਗਾ। ਇਸ ਪ੍ਰਦਰਸ਼ਨ ਕਾਰਨ ਸ਼ਹਿਰ ਦੇ ਮੁੱਖ ਰਸਤਿਆਂ 'ਤੇ ਲੰਬਾ ਜਾਮ ਲੱਗਾ ਰਿਹਾ, ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਫਿਲਹਾਲ, ਖ਼ਬਰ ਲਿਖੇ ਜਾਣ ਤੱਕ ਭਾਜਪਾ ਆਗੂਆਂ ਅਤੇ ਪੁਲਿਸ ਅਧਿਕਾਰੀਆਂ ਵਿਚਾਲੇ ਗੱਲਬਾਤ ਦਾ ਦੌਰ ਜਾਰੀ ਸੀ।


author

Anmol Tagra

Content Editor

Related News