''ਪੰਜਾਬ ਫਤਹਿ'' ਮਿਸ਼ਨ ''ਤੇ ਭਾਜਪਾ, ਲੁਧਿਆਣਾ ਤੋਂ ਨਿਤਿਨ ਨਬੀਨ ਨੇ ਭਰੀ ਹੁੰਕਾਰ
Sunday, Jun 21, 2026 - 07:26 PM (IST)
ਲੁਧਿਆਣਾ/ਚੰਡੀਗੜ੍ਹ (ਅੰਕੁਸ਼ ਤਾਂਗੜੀ)- ਪੰਜਾਬ 'ਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਨੇ ਆਪਣੀ ਸਿਆਸੀ ਰਣਨੀਤੀ ਨੂੰ ਤੇਜ਼ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪੰਜਾਬ 'ਚ ਭਾਜਪਾ ਦੀ ਸਰਕਾਰ ਬਣਾਉਣ ਦਾ ਟੀਚਾ ਤੈਅ ਕਰਨ ਤੋਂ ਬਾਅਦ ਹੁਣ ਪਾਰਟੀ ਨੇ ਜ਼ਮੀਨੀ ਪੱਧਰ 'ਤੇ ਸੰਗਠਨ ਨੂੰ ਮਜ਼ਬੂਤ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸੇ ਕੜੀ ਤਹਿਤ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਐਤਵਾਰ ਨੂੰ ਲੁਧਿਆਣਾ ਪਹੁੰਚੇ, ਜਿੱਥੇ ਉਨ੍ਹਾਂ ਨੇ ਕਾਰਕੁਨਾਂ ਅਤੇ ਆਗੂਆਂ ਨਾਲ ਸੰਵਾਦ ਕਰਕੇ ਪੰਜਾਬ ਫਤਹਿ ਦਾ ਮੰਤਰ ਦਿੱਤਾ ਅਤੇ ਸਪੱਸ਼ਟ ਕੀਤਾ ਕਿ ਪਾਰਟੀ ਹੁਣ ਪੰਜਾਬ 'ਚ ਸੱਤਾ ਹਾਸਲ ਕਰਨ ਲਈ ਪੂਰੀ ਤਾਕਤ ਨਾਲ ਮੈਦਾਨ 'ਚ ਉਤਰੇਗੀ।
ਇਹ ਵੀ ਪੜ੍ਹੋ: ਲੁਧਿਆਣਾ 'ਚ ਸ਼ਰੇਆਮ ਗੁੰਡਾਗਰਦੀ! ਰੇਹੜੀ ਵਾਲੇ 'ਤੇ ਤਲਵਾਰਾਂ ਨਾਲ ਕੀਤਾ ਹਮਲਾ, ਪਈਆਂ ਭਾਜੜਾਂ
ਲੁਧਿਆਣਾ ਦੌਰੇ ਨੂੰ ਭਾਜਪਾ ਦੇ ਸੰਗਠਨਕ ਪੱਖੋਂ ਕਾਫ਼ੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਪਾਰਟੀ ਨੇ ਇਸ ਸੰਵਾਦ ਪ੍ਰੋਗਰਾਮ 'ਚ ਮੰਡਲ ਪੱਧਰ ਦੇ ਅਹੁਦੇਦਾਰਾਂ ਤੋਂ ਲੈ ਕੇ ਸੂਬਾ ਲੀਡਰਸ਼ਿਪ ਤੱਕ ਦੇ ਆਗੂਆਂ ਨੂੰ ਸੱਦਾ ਦਿੱਤਾ। ਇਸ ਦੇ ਨਾਲ ਹੀ ਪਿਛਲੇ ਸਮੇਂ 'ਚ ਚੋਣਾਂ ਲੜ ਚੁੱਕੇ ਉਮੀਦਵਾਰਾਂ ਨੂੰ ਵੀ ਇਸ ਬੈਠਕ ਵਿੱਚ ਸ਼ਾਮਲ ਕੀਤਾ ਗਿਆ, ਤਾਂ ਜੋ ਆਉਣ ਵਾਲੀਆਂ ਚੋਣਾਂ ਲਈ ਇੱਕਜੁੱਟ ਰਣਨੀਤੀ ਤਿਆਰ ਕੀਤੀ ਜਾ ਸਕੇ।

ਇਹ ਵੀ ਪੜ੍ਹੋ: ਯਾਤਰੀਆਂ ਲਈ Good News! ਜਲੰਧਰ ਸਿਟੀ ਸਣੇ 7 ਸਟੇਸ਼ਨਾਂ 'ਤੇ ਸ਼ੁਰੂ ਹੋਈ ਇਹ ਖ਼ਾਸ ਸਹੂਲਤ
ਜਲੰਧਰ ਬਾਈਪਾਸ 'ਤੇ ਸ਼ਾਨਦਾਰ ਸਵਾਗਤ
ਲੁਧਿਆਣਾ ਪਹੁੰਚਣ 'ਤੇ ਭਾਜਪਾ ਕਾਰਕੁਨਾਂ ਨੇ ਨਿਤਿਨ ਨਬੀਨ ਦਾ ਜਲੰਧਰ ਬਾਈਪਾਸ ਚੌਂਕ 'ਤੇ ਭਰਵਾਂ ਸਵਾਗਤ ਕੀਤਾ। ਵੱਡੀ ਗਿਣਤੀ 'ਚ ਇਕੱਠੇ ਹੋਏ ਕਾਰਕੁਨਾਂ ਨੇ ਨਾਅਰੇਬਾਜ਼ੀ ਕਰਦੇ ਹੋਏ ਪਾਰਟੀ ਪ੍ਰਧਾਨ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਕਾਫ਼ਲੇ ਨੂੰ ਹੋਟਲ ਤੱਕ ਲੈ ਕੇ ਗਏ।
ਇਸ ਤੋਂ ਬਾਅਦ ਸ਼ਾਮ ਪੰਜ ਵਜੇ ਉਹ ਭਾਜਪਾ ਦਫ਼ਤਰ ਪਹੁੰਚੇ, ਜਿੱਥੇ ਉਨ੍ਹਾਂ ਨੇ ਪਾਰਟੀ ਦੀ ਨਵੀਂ ਇਮਾਰਤ ਦਾ ਵਿਧਿਵਤ ਉਦਘਾਟਨ ਕੀਤਾ। ਉਦਘਾਟਨ ਮਗਰੋਂ ਉਨ੍ਹਾਂ ਨੇ ਦਫ਼ਤਰ ਦੇ ਸਾਹਮਣੇ ਆਯੋਜਿਤ ਸੰਵਾਦ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਦੇ ਹੋਏ ਕਾਰਕੁਨਾਂ ਨੂੰ ਆਉਣ ਵਾਲੀਆਂ ਚੋਣਾਂ ਲਈ ਤਿਆਰ ਰਹਿਣ ਦਾ ਸੰਦੇਸ਼ ਦਿੱਤਾ।
ਇਹ ਵੀ ਪੜ੍ਹੋ: ਪਟਿਆਲਾ ਵਿਖੇ ਰਸਤੇ 'ਚ ਘੇਰ ਨੌਜਵਾਨ ਦਾ ਬੇਰਹਿਮੀ ਨਾਲ ਕੀਤਾ ਕਤਲ

"ਪੰਜਾਬ ਗੁਰੂਆਂ-ਪੀਰਾਂ ਦੀ ਧਰਤੀ, ਇਸ ਨੂੰ ਨਮਨ ਕਰਦਾ ਹਾਂ"
ਲੁਧਿਆਣਾ ਪਹੁੰਚਣ 'ਤੇ ਨਿਤਿਨ ਨਬੀਨ ਨੇ ਕਿਹਾ ਕਿ ਪੰਜਾਬ ਗੁਰੂਆਂ ਅਤੇ ਪੀਰਾਂ ਦੀ ਧਰਤੀ ਹੈ ਅਤੇ ਉਹ ਇਸ ਪਵਿੱਤਰ ਧਰਤੀ ਨੂੰ ਨਮਨ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਭਾਜਪਾ ਪੰਜਾਬ 'ਚ ਸਰਕਾਰ ਬਣਾਉਣ ਲਈ ਦ੍ਰਿੜ ਸੰਕਲਪਿਤ ਹੈ ਅਤੇ ਸੂਬੇ ਨੂੰ ਵਿਕਾਸ ਦੇ ਨਵੇਂ ਰਾਹ 'ਤੇ ਲਿਜਾਣ ਲਈ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਨੇ ਲੰਬੇ ਸਮੇਂ ਤੱਕ ਰਵਾਇਤੀ ਪਾਰਟੀਆਂ ਦੀ ਰਾਜਨੀਤੀ ਵੇਖੀ ਹੈ ਪਰ ਹੁਣ ਲੋਕ ਬਦਲਾਅ ਚਾਹੁੰਦੇ ਹਨ ਅਤੇ ਭਾਜਪਾ ਇਸ ਬਦਲਾਅ ਦੀ ਅਗਵਾਈ ਕਰੇਗੀ।

ਮੋਗਾ ਰੈਲੀ ਤੋਂ ਹੀ ਦਿੱਤਾ ਜਾ ਚੁੱਕਾ ਹੈ ਸੰਦੇਸ਼
ਭਾਜਪਾ ਦੇ ਕੇਂਦਰੀ ਅਗਵਾਈ ਵੱਲੋਂ ਪੰਜਾਬ ਨੂੰ ਲੈ ਕੇ ਰਣਨੀਤੀ ਮੋਗਾ ਵਿੱਚ ਹੋਈ ਰੈਲੀ ਦੌਰਾਨ ਹੀ ਸਪੱਸ਼ਟ ਕਰ ਦਿੱਤੀ ਗਈ ਸੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਸ ਸਮੇਂ ਕਾਰਕੁਨਾਂ ਨੂੰ ਕਿਹਾ ਸੀ ਕਿ ਭਾਜਪਾ ਹੁਣ ਪੰਜਾਬ 'ਚ ਆਪਣੇ ਬਲਬੂਤੇ 'ਤੇ ਸਰਕਾਰ ਬਣਾਉਣ ਦੀ ਤਿਆਰੀ ਕਰ ਰਹੀ ਹੈ ਅਤੇ ਇਸ ਲਈ ਹਰ ਬੂਥ ਤੱਕ ਸੰਗਠਨ ਨੂੰ ਮਜ਼ਬੂਤ ਕਰਨਾ ਹੋਵੇਗਾ। ਹੁਣ ਨਿਤਿਨ ਨਬੀਨ ਦਾ ਲੁਧਿਆਣਾ ਦੌਰਾ ਉਸੇ ਰਣਨੀਤੀ ਦੀ ਅਗਲੀ ਕੜੀ ਮੰਨਿਆ ਜਾ ਰਿਹਾ ਹੈ। ਪਾਰਟੀ ਦਾ ਮੰਨਣਾ ਹੈ ਕਿ ਮਜ਼ਬੂਤ ਸੰਗਠਨ ਹੀ ਉਸ ਨੂੰ ਪੰਜਾਬ 'ਚ ਸੱਤਾ ਨੇੜੇ ਲੈ ਜਾ ਸਕਦਾ ਹੈ।
ਕਾਰਕੁਨਾਂ 'ਤੇ ਖ਼ਾਸ ਫੋਕਸ
ਭਾਜਪਾ ਦੇ ਇਸ ਸੰਵਾਦ ਪ੍ਰੋਗਰਾਮ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਰਹੀ ਕਿ ਇਸ 'ਚ ਕਾਰਕੁਨਾਂ ਨੂੰ ਕੇਂਦਰ ਵਿੱਚ ਰੱਖਿਆ ਗਿਆ। ਪਾਰਟੀ ਲੀਡਰਸ਼ਿਪ ਦਾ ਮੰਨਣਾ ਹੈ ਕਿ ਪੰਜਾਬ 'ਚ ਭਾਜਪਾ ਨੂੰ ਵਿਸਤਾਰ ਦੇਣ ਲਈ ਬੂਥ ਪੱਧਰ ਦੇ ਕਾਰਕੁਨ ਸਭ ਤੋਂ ਵੱਡੀ ਤਾਕਤ ਹਨ। ਇਸੇ ਲਈ ਰਾਸ਼ਟਰੀ ਪ੍ਰਧਾਨ ਨੇ ਮੰਡਲ ਅਹੁਦੇਦਾਰਾਂ, ਜ਼ਿਲ੍ਹਾ ਇਕਾਈਆਂ ਅਤੇ ਸੂਬਾ ਪੱਧਰ ਦੇ ਆਗੂਆਂ ਨਾਲ ਸਿੱਧਾ ਸੰਵਾਦ ਕਰਕੇ ਉਨ੍ਹਾਂ ਦੇ ਸੁਝਾਅ ਵੀ ਲਏ। ਪਾਰਟੀ ਹੁਣ ਸੰਗਠਨਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਅਤੇ ਨਵੇਂ ਚਿਹਰਿਆਂ ਨੂੰ ਜੋੜਨ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ।

ਇਹ ਵੀ ਪੜ੍ਹੋ: PUBG ਖੇਡਦੇ-ਖੇਡਦੇ ਬਣਿਆ ਸ਼ੂਟਰ! ਜਲੰਧਰ 'ਚ BMS ਫੈਸ਼ਨ ਗੋਲ਼ੀਬਾਰੀ ਮਾਮਲੇ 'ਚ ਵੱਡੀ ਅਪਡੇਟ, 4 ਗ੍ਰਿਫ਼ਤਾਰ
ਪੰਜਾਬ 'ਚ ਨਵੀਂ ਸਿਆਸੀ ਜ਼ਮੀਨ ਤਲਾਸ਼ ਰਹੀ ਭਾਜਪਾ
ਖੇਤੀ ਕਾਨੂੰਨਾਂ ਦੇ ਵਿਵਾਦ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਟੁੱਟਣ ਤੋਂ ਬਾਅਦ ਭਾਜਪਾ ਪੰਜਾਬ 'ਚ ਆਪਣੀ ਸਿਆਸੀ ਜ਼ਮੀਨ ਖ਼ੁਦ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਾਰਟੀ ਨੇ ਪਿਛਲੇ ਕੁਝ ਸਮੇਂ ਦੌਰਾਨ ਕਈ ਵੱਡੇ ਆਗੂਆਂ ਨੂੰ ਆਪਣੇ ਨਾਲ ਜੋੜਿਆ ਹੈ ਅਤੇ ਹੁਣ ਸੰਗਠਨ ਦੇ ਵਿਸਤਾਰ 'ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਭਾਜਪਾ ਦਾ ਮੰਨਣਾ ਹੈ ਕਿ ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ 'ਚ ਲੋਕ ਇਕ ਮਜ਼ਬੂਤ ਬਦਲ ਦੀ ਭਾਲ 'ਚ ਹਨ ਅਤੇ ਪਾਰਟੀ ਇਸ ਮੌਕੇ ਨੂੰ ਭੁਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਪੜ੍ਹੋ: ਯਾਤਰੀਆਂ ਲਈ Good News! ਜਲੰਧਰ ਸਿਟੀ ਸਣੇ 7 ਸਟੇਸ਼ਨਾਂ 'ਤੇ ਸ਼ੁਰੂ ਹੋਈ ਇਹ ਖ਼ਾਸ ਸਹੂਲਤ
2027 ਦੀਆਂ ਚੋਣਾਂ ਲਈ ਤਿਆਰੀਆਂ ਸ਼ੁਰੂ
ਨਿਤਿਨ ਨਬੀਨ ਦਾ ਦੌਰਾ ਸਿਰਫ਼ ਰੁਟੀਨ ਸੰਗਠਨਕ ਦੌਰਾ ਨਹੀਂ, ਸਗੋਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੇ ਚੋਣੀ ਬਿਗੂਲ ਵਜੋਂ ਵੀ ਵੇਖਿਆ ਜਾ ਰਿਹਾ ਹੈ। ਕੇਂਦਰੀ ਅਗਵਾਈ ਦਾ ਫੋਕਸ ਸਪੱਸ਼ਟ ਹੈ ਕਿ ਪੰਜਾਬ 'ਚ ਪਾਰਟੀ ਨੂੰ ਇਕ ਮਜ਼ਬੂਤ ਰਾਜਨੀਤਿਕ ਤਾਕਤ ਵਜੋਂ ਸਥਾਪਿਤ ਕਰਨਾ ਹੈ। ਲੁਧਿਆਣਾ ਤੋਂ ਦਿੱਤਾ ਗਿਆ ਇਹ ਸੰਦੇਸ਼ ਸਾਫ਼ ਕਰਦਾ ਹੈ ਕਿ ਭਾਜਪਾ ਹੁਣ ਪੰਜਾਬ ਦੀ ਸਿਆਸਤ 'ਚ ਵੱਡੀ ਭੂਮਿਕਾ ਨਿਭਾਉਣ ਦੀ ਤਿਆਰੀ ਵਿੱਚ ਹੈ ਅਤੇ ਇਸ ਲਈ ਸੰਗਠਨ ਨੂੰ ਸਭ ਤੋਂ ਵੱਡਾ ਹਥਿਆਰ ਬਣਾਇਆ ਜਾ ਰਿਹਾ ਹੈ। ਆਉਣ ਵਾਲੇ ਮਹੀਨਿਆਂ 'ਚ ਪਾਰਟੀ ਦੀਆਂ ਗਤੀਵਿਧੀਆਂ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ, ਕਿਉਂਕਿ ਮੋਦੀ-ਸ਼ਾਹ ਦਾ ਟੀਚਾ ਹੁਣ ਪੰਜਾਬ ' ਚ ਭਾਜਪਾ ਦੀ ਸਰਕਾਰ ਬਣਾਉਣਾ ਹੈ ਅਤੇ ਉਸੇ ਦਿਸ਼ਾ ਵਿੱਚ ਸਾਰਾ ਸੰਗਠਨ ਸਰਗਰਮ ਹੋ ਚੁੱਕਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਗੈਂਗਸਟਰ ਨੈੱਟਵਰਕ ਦਾ ਪਰਦਾਫ਼ਾਸ਼! ਵਿਦੇਸ਼ੀ ਹੈਂਡਲਰਾਂ ਦੇ 3 ਗੁਰਗੇ ਹਥਿਆਰਾਂ ਸਣੇ ਗ੍ਰਿਫ਼ਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
