ਭਾਜਪਾ ''ਚ ਜਾਣ ਮਗਰੋਂ ਪਹਿਲੀ ਵਾਰ ਪੰਜਾਬ ਪਹੁੰਚੇ ਰਾਘਵ ਚੱਢਾ! ਤੇਜ਼ ਹੋਈ ਸਿਆਸੀ ਹਲਚਲ
Monday, Jun 22, 2026 - 01:32 PM (IST)
ਲੁਧਿਆਣਾ (ਗੁਪਤਾ): ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਆਮ ਆਦਮੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਮਗਰੋਂ ਪਹਿਲੀ ਵਾਰ ਪੰਜਾਬ ਪਹੁੰਚੇ। ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਵੱਲੋਂ ਲੁਧਿਆਣਾ ਵਿਚ ਸੱਦੀ ਸਾਬਕਾ ਤੇ ਮੌਜੂਦਾ ਵਿਧਾਇਕਾਂ, ਸੰਸਦ ਮੈਂਬਰਾਂ, ਚੋਣਾਂ ਲੜ ਚੁੱਕੇ ਉਮੀਦਵਾਰਾਂ ਤੇ ਹੋਰ ਸੀਨੀਅਰ ਲੀਡਰਾਂ ਦੀ ਮੀਟਿੰਗ ਵਿਚ ਹਿੱਸਾ ਲਿਆ। ਰਾਘਵ ਚੱਢਾ ਦੀ ਪੰਜਾਬ ਫੇਰੀ ਨੇ ਆਮ ਆਦਮੀ ਪਾਰਟੀ ਵਿਚ ਵੀ ਹਲਚਲ ਤੇਜ਼ ਕਰ ਦਿੱਤੀ ਹੈ। ਸੂਬਾ ਸਰਕਾਰ ਦੀ ਮਸ਼ੀਨਰੀ ਵੱਲੋਂ ਵੀ ਉਨ੍ਹਾਂ ਦੀ ਹਰ ਸਰਗਰਮੀ 'ਤੇ ਨਿਗਾਹ ਰੱਖੀ ਜਾ ਰਹੀ ਹੈ।

ਇਸ ਮੀਟਿੰਗ ਦੌਰਾਨ ਰਾਘਵ ਚੱਢਾ ਨੇ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਾਉਣ ਲਈ ਅਹਿਮ ਸੁਝਾਅ ਵੀ ਸਾਂਝੇ ਕੀਤੇ। ਜ਼ਿਕਰਯੋਗ ਹੈ ਕਿ ਰਾਘਵ ਚੱਢਾ ਪੰਜਾਬ ਦੀ ਰਾਜਨੀਤੀ ਦੀ ਡੂੰਘੀ ਸਮਝ ਰਖਦੇ ਹਨ ਤੇ 2022 ਵਿਚ ਵਿਧਾਨ ਸਬਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਇਤਿਹਾਸਕ ਜਿੱਤ ਵਿਚ ਰਾਘਵ ਚੱਢਾ ਨੇ ਅਹਿਮ ਭੂਮਿਕਾ ਨਿਭਾਈ ਸੀ। ਇਸ ਮਗਰੋਂ ਉਨ੍ਹਾਂ ਨੂੰ ਸੰਸਦ ਮੈਂਬਰ ਵਜੋਂ ਰਾਜ ਸਭਾ ਵੀ ਭੇਜਿਆ ਗਿਆ ਸੀ। ਇਸ ਦੌਰਾਨ ਕੁਝ ਸਿਆਸੀ ਘਟਨਾਕ੍ਰਮ ਕਾਰਨ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਤੇ ਰਾਘਵ ਚੱਢਾ ਵਿਚਾਲੇ ਖਟਾਸ ਆ ਗਈ ਤੇ ਉਨ੍ਹਾਂ ਨੂੰ ਰਾਜ ਸਭਾ ਵਿਚ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।
ਇਸ ਤੋਂ ਕੁਝ ਦੇਰ ਬਾਅਦ ਰਾਘਵ ਚੱਢਾ ਆਪਣੇ 6 ਸਾਥੀ ਸੰਸਦ ਮੈਂਬਰਾਂ ਸਮੇਤ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ ਸਨ। ਭਾਜਪਾ ਨੇ ਰਾਘਵ ਚੱਢਾ ਨੂੰ ਮਈ 2026 ਵਿਚ ਰਾਜ ਸਭਾ ਵਿਚ ਪਟੀਸ਼ਨ ਕਮੇਟੀ ਦੇ ਚੇਅਰਮੈਨ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਸੀ।
