ਲੁਧਿਆਣਾ ਸੈਂਟਰਲ ਜੇਲ ਨੂੰ ਮਿਲੇ 44 ਨਵੇਂ ਵਾਰਡਨ

03/12/2018 11:08:47 AM


ਲੁਧਿਆਣਾ (ਸਿਆਲ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਆਪਣੇ ਲੁਧਿਆਣਾ ਦੌਰੇ ਦੌਰਾਨ ਵੱਖ-ਵੱਖ ਖੇਤਰਾਂ ਲਈ ਕਈ ਤਰ੍ਹਾਂ ਦੇ ਐਲਾਨ ਕੀਤੇ, ਉਥੇ ਪੰਜਾਬ ਦੀਆਂ ਜੇਲਾਂ ਲਈ ਸਤੰਬਰ 2017 'ਚ ਕੀਤੀ ਗਈ 534 ਵਾਰਡਨਾਂ ਦੀ ਭਰਤੀ 'ਚੋਂ 44 ਵਾਰਡਨ ਲੁਧਿਆਣਾ ਦੀ ਸੈਂਟਰਲ ਜੇਲ ਨੂੰ ਦੇਣ ਦਾ ਐਲਾਨ ਕੀਤਾ। ਇਸ ਗੱਲ ਦੀ ਪੁਸ਼ਟੀ ਜੇਲ ਦੇ ਸੁਪਰਡੈਂਟ ਸ਼ਮਸ਼ੇਰ ਸਿੰਘ ਬੋਪਾਰਾਏ ਵੱਲੋਂ ਕੀਤੀ ਗਈ ਹੈ।
ਬੋਪਾਰਾਏ ਨੇ ਦੱਸਿਆ ਕਿ ਰਾਜ ਦੀਆਂ ਜੇਲਾਂ 'ਚ ਵਾਰਡਨਾਂ ਦੀ ਕਮੀ ਦੇ ਦ੍ਰਿਸ਼ਟੀਕੋਣ ਤੋਂ ਸਰਕਾਰ ਨੇ ਬੀਤੇ ਸਾਲ ਦੇ ਸਤੰਬਰ ਮਹੀਨੇ 'ਚ 534 ਵਾਰਡਨਾਂ ਦੀ ਭਰਤੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਸੈਂਟਰਲ ਜੇਲ ਲਈ ਐਲਾਨ ਹੋਏ ਵਾਰਡਨ ਹੁਣ 3 ਮਹੀਨੇ ਦੀ ਟਰੇਨਿੰਗ ਕਰਨਗੇ, ਜਿਸ ਤੋਂ ਬਾਅਦ ਉਹ ਜੇਲ ਵਿਚ ਅਹੁਦਾ ਸੰਭਾਲਣਗੇ। 

30 ਡੈਪੂਟੇਸ਼ਨ 'ਤੇ ਅਤੇ 70 ਵਾਰਡਨ ਨਿਭਾਅ ਰਹੇ ਡਿਊਟੀ
ਸ਼ਮਸ਼ੇਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਮੌਜੂਦਾ ਸਮੇਂ 'ਚ ਸੈਂਟਰਲ ਜੇਲ ਵਿਚ 100 ਦੇ ਕਰੀਬ ਵਾਰਡਨ ਹਨ, ਜਿਨ੍ਹਾਂ 'ਚੋਂ ਕਰੀਬ 30 ਵਾਰਡਨ ਡੈਪੂਟੇਸ਼ਨ 'ਤੇ ਅਤੇ 70 ਜੇਲ ਵਿਚ ਵੀ ਤਾਇਨਾਤ ਹਨ।

ਸੁਰੱਖਿਆ ਵਿਵਸਥਾ ਹੋਵੇਗੀ ਮਜ਼ਬੂਤ
ਜੇਲ ਸੁਪਰਡੈਂਟ ਨੇ ਦੱਸਿਆ ਕਿ ਹੁਣ ਜੇਲ ਨੂੰ 44 ਹੋਰ ਨਵੇਂ ਵਾਰਡਨ ਮਿਲਣ ਨਾਲ ਸੁਰੱਖਿਆ ਵਿਵਸਥਾ ਵੱਧ ਮਜਬੂਤ ਹੋਵੇਗੀ। ਉਨ੍ਹਾਂ ਦੱਸਿਆ ਕਿ ਜੇਲ ਵਿਚ 3200 ਦੇ ਕਰੀਬ ਕੈਦੀ ਤੇ ਹਵਾਲਾਤੀ ਹਨ, ਜਿਨ੍ਹਾਂ ਦੀ ਨਿਗਰਾਨੀ ਲਈ ਸੁਰੱਖਿਆ ਕਰਮਚਾਰੀਆਂ ਦੀ ਕਮੀ ਸੀ, ਜੋ ਕਿ ਹੁਣ ਕਾਫੀ ਹੱਦ ਤੱਕ ਪੂਰੀ ਹੋਵੇਗੀ। ਇਸ ਨਾਲ ਜੇਲ 'ਚ ਮੋਬਾਇਲ ਫੋਨ ਸਮੇਤ ਹੋਰ ਪਾਬੰਦੀਸ਼ੁਦਾ ਸਾਮਾਨ ਪਹੁੰਚਾਉਣ 'ਤੇ ਵੀ ਰੋਕ ਲਾਈ ਜਾ ਸਕੇਗੀ।


Related News