ਦੁਕਾਨ ’ਚ ਬੈਠੀ ਔਰਤ ਦੇ ਗਲ਼ ’ਤੇ ਦਾਤਰ ਰੱਖ ਕੈਸ਼ ਤੇ ਸੋਨੇ-ਚਾਂਦੀ ਦੇ ਗਹਿਣੇ ਲੁੱਟੇ

Tuesday, Jan 14, 2025 - 09:12 AM (IST)

ਦੁਕਾਨ ’ਚ ਬੈਠੀ ਔਰਤ ਦੇ ਗਲ਼ ’ਤੇ ਦਾਤਰ ਰੱਖ ਕੈਸ਼ ਤੇ ਸੋਨੇ-ਚਾਂਦੀ ਦੇ ਗਹਿਣੇ ਲੁੱਟੇ

ਸਾਹਨੇਵਾਲ (ਜਗਰੂਪ) : ਥਾਣਾ ਸਾਹਨੇਵਾਲ ਅੰਦਰ ਲੁਟੇਰਿਆਂ ਨੇ ਕੋਹਰਾਮ ਮਚਾ ਰੱਖਿਆ ਹੈ। ਬੀਤੀ 20 ਦਸੰਬਰ ਨੂੰ ਇਕ ਘਰ ’ਚ ਇਕ ਔਰਤ ਦੇ ਗਲ਼ ’ਤੇ ਦਾਤਰ ਰੱਖ ਕੇ ਘਰ ’ਚੋਂ ਲਗਭਗ 70,000 ਕੈਸ਼, ਮੁੰਦਰੀਆਂ, ਚੇਨ, ਚਾਂਦੀ ਦਾ ਕੜਾ ਅਤੇ ਹੋਰ ਗਹਿਣੇ ਚੋਰੀ ਕਰ ਕੇ ਫ਼ਰਾਰ ਹੋ ਗਏ ਸਨ। ਇਸ ਸਬੰਧੀ ਪੀੜਤ ਅਨੀਤਾ ਪਤਨੀ ਅਨਿਲ ਕੁਮਾਰ ਵਾਸੀ ਸ਼ਿਵ ਵਿਹਾਰ ਕਾਲੋਨੀ ਸਾਹਮਣੇ ਅੰਬੇਰਾ ਅਪਾਰਟਮੈਂਟ ਪਿੰਡ ਜਸਪਾਲ ਬਾਂਗਰ ਲੁਧਿਆਣਾ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ’ਤੇ ਪੁਲਸ ਨੇ ਲਗਭਗ 22 ਦਿਨਾਂ ਬਾਅਦ ਮਾਮਲਾ ਦਰਜ ਕੀਤਾ।

ਮਾਮਲੇ ਸਬੰਧੀ ਪੀੜਤਾ ਦੇ ਪਤੀ ਅਨਿਲ ਕੁਮਾਰ ਨੇ ਦੱਸਿਆ ਕਿ ਉਹ ਇਕ ਪ੍ਰਾਈਵੇਟ ਫੈਕਟਰੀ ’ਚ ਕੰਮ ਕਰਦਾ ਹੈ। ਆਪਣੇ ਘਰ ’ਚ ਹੀ ਉਨ੍ਹਾਂ ਦੀ ਚੌਧਰੀ ਕਰਿਆਨਾ ਸਟੋਰ ਨਾਂ ਦੀ ਦੁਕਾਨ ਹੈ। ਬੀਤੀ 20 ਦਸੰਬਰ ਨੂੰ ਜਦੋਂ ਉਹ ਕੰਮ ’ਤੇ ਗਿਆ ਹੋਇਆ ਸੀ ਤਾਂ ਸ਼ਾਮ 6 ਵਜੇ 3 ਲੜਕੇ ਆਏ, ਜਿਨ੍ਹਾਂ ਨੇ ਪਹਿਲਾਂ ਤਾਂ ਬੀੜੀ ਸਿਗਰਟ ਅਤੇ ਖਾਣ ਲਈ ਸਾਮਾਨ ਲਿਆ ਅਤੇ ਚਲੇ ਗਏ। ਬਾਅਦ ’ਚ ਆ ਕੇ ਸਿੱਧੇ ਘਰ ਦੇ ਅੰਦਰ ਵੜੇ ਅਤੇ ਮੇਰੀ ਪਤਨੀ ਅਨੀਤਾ ਨੂੰ ਧੱਕਾ ਮਾਰਿਆ ਅਤੇ ਮੇਰੇ ਬੇਟੇ ਨੂੰ ਫੜ ਕੇ ਪਹਿਲਾਂ ਤਾਂ ਦੁਕਾਨ ਦੇ ਗੱਲੇ ’ਚੋਂ 20 ਹਜ਼ਾਰ ਰੁਪਏ ਕੈਸ਼ ਕੱਢਿਆ, ਉਸ ਤੋਂ ਬਾਅਦ ਪਤਨੀ ਦੇ ਗਲ਼ ’ਤੇ ਦਾਤਰ ਰੱਖ ਕੇ ਘਰ ਦੀ ਅਲਮਾਰੀ ’ਚੋਂ ਕੈਸ਼ 50,000 ਰੁਪਏ ਅਤੇ ਸੋਨੇ-ਚਾਂਦੀ ਦੇ ਗਹਿਣੇ ਕੱਢ ਲਏ।

ਇਹ ਵੀ ਪੜ੍ਹੋ : ਘਰ ਦੇ ਬਾਹਰ ਖੜ੍ਹ ਕੇ ਫ਼ੋਨ 'ਤੇ ਗੱਲ ਕਰ ਰਿਹਾ ਸੀ ਨੌਜਵਾਨ, ਪਿੱਛੋਂ ਆਏ ਸਕੂਟਰ ਸਵਾਰਾਂ ਨੇ ਕਰ'ਤਾ ਕਾਂਡ

ਅਨਿਲ ਨੇ ਦੱਸਿਆ ਕਿ ਉਨ੍ਹਾਂ ਦੇ ਸਾਹਮਣੇ ਇਕ ਪ੍ਰਾਪਰਟੀ ਡੀਲਰ ਦੀ ਦੁਕਾਨ ਹੈ, ਜਦੋਂ ਉਹ ਡੀਲਰ ਆਪਣੀ ਦੁਕਾਨ ਬੰਦ ਕਰ ਕੇ ਚਲੇ ਗਏ, ਫਿਰ ਲੁਟੇਰਿਆਂ ਨੇ ਆ ਕੇ ਸਿੱਧਾ ਅੰਦਰ ਆਉਂਦੇ ਸਾਰ ਹੀ ਪਹਿਲਾਂ ਪਤਨੀ ਨੂੰ ਧੱਕਾ ਮਾਰਿਆ, ਦੂਜੇ ਨੇ ਦੁਕਾਨ ਦਾ ਸ਼ਟਰ ਸੁੱਟਿਆ, ਇਕ ਨੇ ਉਸ ਦੇ ਬੇਟੇ ਨੂੰ ਫੜ ਲਿਆ। ਦੁਕਾਨ ਦਾ ਕੈਸ਼ ਕੱਢਣ ਤੋਂ ਬਾਅਦ ਉਨ੍ਹਾਂ ਨੇ ਪਤਨੀ ਦੇ ਗਲ਼ ’ਤੇ ਦਾਤਰ ਰੱਖ ਕੇ ਘਰ ’ਚ ਪਈ ਅਲਮਾਰੀ ’ਚੋਂ 50 ਹਜ਼ਾਰ ਰੁਪਏ ਕੈਸ਼, ਉਸ ਦੀ ਪਤਨੀ ਦੇ ਸੋਨੇ ਦੇ ਗਹਿਣੇ, ਅਨਿਲ ਦੀਆਂ ਮੁੰਦਰੀਆਂ, ਸੋਨੇ ਦੀ ਚੇਨ, ਉਸ ਦਾ ਚਾਂਦੀ ਦਾ ਕੜਾ ਅਤੇ ਹੋਰ ਚਾਂਦੀ ਦੇ ਗਹਿਣੇ ਲੈ ਕੇ ਫਰਾਰ ਹੋ ਗਏ।

ਅਨਿਲ ਨੇ ਦੱਸਿਆ ਕਿ ਇਸ ਘਟਨਾ ’ਚ ਉਸ ਦਾ ਕਥਿਤ ਲਗਭਗ 6 ਤੋਂ 7 ਲੱਖ ਦਾ ਨੁਕਸਾਨ ਹੋ ਗਿਆ ਹੈ। ਉਸ ਨੇ ਦੱਸਿਆ ਕਿ ਬੀਤੇ ਕੱਲ੍ਹ ਪੁਲਸ ਨੇ ਅੰਕਿਤ ਵਾਸੀ ਸ਼ੇਰਪੁਰ ਮਾਰਕੀਟ ਸਮੇਤ 2 ਹੋਰ ਅਣਪਛਾਤੇ ਲੜਕਿਆਂ ਖਿਲਾਫ ਮਾਮਲਾ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਭਗਤੀ ਦੇ ਰੰਗ 'ਚ ਡੁੱਬਿਆ Google, ਮਹਾਕੁੰਭ ਲਿਖਦੇ ਹੀ ਹੋਣ ਲੱਗੇਗੀ ਫੁੱਲਾਂ ਦੀ ਵਰਖਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News