ਕੁਲਬੀਰ ਜੀਰਾ ਨੇ ਦਿੱਤਾ ਜਾਖੜ ਦੇ ਕਾਰਨ ਦੱਸੋ ਨੋਟਿਸ ਦਾ ਜਵਾਬ
Tuesday, Jan 15, 2019 - 11:46 PM (IST)
ਚੰਡੀਗੜ੍ਹ,(ਰਮਨਦੀਪ ਸੋਢੀ)— ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜੀਰਾ ਨੇ ਪਾਰਟੀ ਪ੍ਰਧਾਨ ਸੁਨੀਲ ਜਾਖੜ ਨੂੰ ਕਾਰਨ ਦੱਸੋ ਨੋਟਿਸ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਕਾਂਗਰਸ ਪਾਰਟੀ ਦਾ ਸੱਚਾ ਸਿਪਾਹੀ ਹੈ, ਸੀ ਤੇ ਰਹੇਗਾ ਵੀ। ਸੂਤਰਾਂ ਮੁਤਾਬਕ ਜੀਰਾ ਵਲੋਂ ਇਹ ਜਵਾਬ ਸੁਨੀਲ ਜਾਖੜ ਨੂੰ ਈਮੇਲ ਰਾਹੀਂ ਦਿੱਤਾ ਗਿਆ। ਜੀਰਾ ਨੇ ਦੱਸਿਆ ਕਿ ਪਿਛਲੇ ਦਿਨੀਂ ਹੋਏ ਸਮਾਗਮ 'ਚ ਮੈਂ ਨਸ਼ਿਆਂ ਬਾਰੇ ਤੇ ਪੁਲਸ ਅਫਸਰਾਂ ਦੀ ਤਸਕਰਾਂ ਨਾਲ ਮਿਲੀਭੁਗਤ ਬਾਰੇ ਜੋ ਵੀ ਕਿਹਾ ਉਹ ਸੱਚ ਹੈ, ਤੇ ਮੈਂ ਅੱਜ ਵੀ ਉਸੇ ਸੱਚ 'ਤੇ ਖੜਾ ਹਾਂ। ਮੈਂ ਇੱਥੇ ਇੱਕ ਗੱਲ ਸਾਫ ਕਰਦਾ ਹਾਂ ਕਿ ਨਾ ਤਾਂ ਮੈਂ ਆਪਣੀ ਸਰਕਾਰ ਖਿਲਾਫ ਬੋਲਿਆਂ ਹਾਂ ਤੇ ਨਾ ਹੀ ਮੈਂ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਸ਼ਾਨ ਦੇ ਖਿਲਾਫ ਕੁਝ ਕਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਇੱਕ ਗੱਲ ਫਿਰ ਦੁਹਰਾਉਂਦਾ ਹਾਂ ਕਿ ਨਸ਼ਾੳਉਦੋਂ ਤੱਕ ਪੰਜਾਬ 'ਚੋਂ ਖਤਮ ਨਹੀਂ ਹੋਵੇਗਾ, ਜਿੰਨੀ ਦੇਰ ਤੱਕ ਆਈ ਜੀ ਛੀਨੇ ਵਰਗੇ ਅਫਸਰ ਈਮਾਨਦਾਰ ਨਹੀਂ ਬਣਨਗੇ। ਉਨ੍ਹਾਂ ਕਿਹਾ ਕਿ ਮੈਂ ਵਿਧਾਇਕ ਬਣਨ ਵੇਲੇ ਸਹੁੰ ਖਾਧੀ ਸੀ ਕਿ ਆਪਣੀ ਸੇਵਾ ਨੂੰ ਈਮਾਨਦਾਰੀ ਨਾਲ ਨਿਭਾਵਾਂਗਾ ਅਤੇ ਮੈਂ ਉਸੇ ਸਹੁੰ ਦੀ ਪਾਲਣਾ ਕਰ ਰਿਹਾ ਹਾਂ।
ਜ਼ਿਕਰਯੋਗ ਹੈ ਕਿ ਅੱਜ ਫੇਰ ਜੀਰਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਆਈ ਜੀ ਛੀਨਾ ਦੇ ਪੋਤੜੇ ਖੋਲਣ ਦੀ ਗੱਲ ਆਖੀ ਹੈ। ਜੀਰਾ ਨੇ ਇਲਜ਼ਾਮ ਲਗਾਇਆ ਕਿ ਛੀਨਾ ਨੇ ਆਪਣੇ ਬੇਟੇ ਦੇ ਵਿਆਹ 'ਚ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਹੈ। ੳਉਨ੍ਹਾਂ ਮੰਗ ਕੀਤੀ ਕਿ ਜਿੰਨਾ ਪੈਸਾ ਉਨ੍ਹਾਂ ਦੇ ਬੇਟੇ ਦੇ ਵਿਆਹ 'ਤੇ ਖਰਚਿਆ ਗਿਆ ਹੈ, ਉਹ ਇਕ ਪੁਲਸ ਅਫਸਰ ਕੋਲ ਕਿੱਥੋਂ ਆਇਆ, ਇਹਦੀ ਵੀ ਜਾਂਚ ਹੋਣੀ ਚਾਹੀਦੀ ਹੈ। ।