ਰੰਧਾਵਾ ਪਰਿਵਾਰ ਨੂੰ ਇਨਸਾਫ਼ ਦਿਵਾਉਣ ਤੱਕ ਅਸੀਂ ਲੜਾਈ ਜਾਰੀ ਰੱਖਾਂਗੇ : ਸੁਨੀਲ ਜਾਖੜ

Saturday, Apr 04, 2026 - 01:36 PM (IST)

ਰੰਧਾਵਾ ਪਰਿਵਾਰ ਨੂੰ ਇਨਸਾਫ਼ ਦਿਵਾਉਣ ਤੱਕ ਅਸੀਂ ਲੜਾਈ ਜਾਰੀ ਰੱਖਾਂਗੇ : ਸੁਨੀਲ ਜਾਖੜ

ਅੰਮ੍ਰਿਤਸਰ : ਅੰਮ੍ਰਿਤਸਰ ਦੇ ਹਾਲ ਗੇਟ 'ਤੇ ਪੰਜਾਬ ਭਾਜਪਾ ਵਲੋਂ ਡੀ. ਐੱਮ. ਗਗਨਦੀਪ ਸਿੰਘ ਰੰਧਾਵਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਸੰਬੋਧਨ ਕਰਦਿਆਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਇਹ ਇਨਸਾਫ਼ ਦੀ ਲੜਾਈ ਹੈ ਅਤੇ ਅਸੀਂ ਗਗਨਦੀਪ ਰੰਧਾਵਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਤੱਕ ਲੜਾਈ ਜਾਰੀ ਰੱਖਾਂਗੇ। ਉਨ੍ਹਾਂ ਕਿਹਾ ਕਿ ਜੋ ਕੁੱਝ ਗਗਨਦੀਪ ਰੰਧਾਵਾ ਨਾਲ ਹੋਇਆ ਹੈ, ਉਹ ਕਿਸੇ ਵੀ ਪੰਜਾਬੀ ਨਾਲ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਗਗਨਦੀਪ ਰੰਧਾਵਾ ਦੀ ਪਤਨੀ ਨੂੰ ਮਾਈ ਭਾਗੋ ਦੀ ਅਸਲ ਵਾਰਸ ਮੰਨਦੇ ਹਨ ਕਿਉਂਕਿ ਉਹ ਅਜੇ ਤੱਕ ਸਰਕਾਰ ਖ਼ਿਲਾਫ਼ ਡੱਟ ਕੇ ਖੜ੍ਹੇ ਹਨ। ਉਨ੍ਹਾਂ ਦੇ 3 ਬੱਚੇ ਹਨ ਅਤੇ ਉਨ੍ਹਾਂ ਨੇ ਪਰਿਵਾਰ ਪਾਲਣਾ ਹੈ, ਜੋ ਕਿ ਸੌਖਾ ਨਹੀਂ ਹੈ। ਜਾਖੜ ਨੇ ਕਿਹਾ ਕਿ ਗਗਨਦੀਪ ਰੰਧਾਵਾ ਦੀ ਪਤਨੀ ਨਾਲ ਬਹੁਤ ਵੱਡਾ ਜਿਗਰਾ ਹੈ।

ਜਾਖੜ ਨੇ ਕਿਹਾ ਕਿ ਅਬੋਹਰ 'ਚ ਇਕ ਕਤਲ ਹੋਇਆ ਸੀ ਅਤੇ ਜਿਊਂਦੇ ਬੰਦੇ ਨੂੰ ਕਸਾਈ ਦੀ ਤਰ੍ਹਾਂ ਵੱਢ ਦਿੱਤਾ ਗਿਆ। ਉਹ ਸਰਕਾਰ ਦੇ ਹਲਕਾ ਇੰਚਾਰਜ ਸੀ ਅਤੇ ਇਸ ਮਾਮਲੇ 'ਚ 23 ਬੰਦਿਆਂ ਨੂੰ ਉਮਰਕੈਦ ਦੀ ਸਜ਼ਾ ਹੋਈ ਪਰ ਗਗਨਦੀਪ ਰੰਧਾਵਾ ਦੇ ਮਾਮਲੇ 'ਚ ਅਜੇ ਤੱਕ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਐਲਾਨ ਕਰਦਿਆਂ ਕਿਹਾ ਕਿ ਜਦੋਂ ਤੱਕ ਇਹ ਪਰਿਵਾਰ ਨਹੀਂ ਕਹਿੰਦਾ ਕਿ ਸਾਡਾ ਇਨਸਾਫ਼ ਹੋ ਗਿਆ, ਉਦੋਂ ਤੱਕ ਅਸੀਂ ਪਿੱਛੇ ਨਹੀਂ ਹਟਾਂਗੇ। ਸੁਨੀਲ ਜਾਖੜ ਨੇ ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ 'ਤੇ ਅਸਿੱਧੇ ਤੌਰ 'ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਉਨ੍ਹਾਂ ਨੇ ਸਿਰਫ ਫੋਟੋ ਸੈਸ਼ਨ ਲਈ ਮੁੱਖ ਮੰਤਰੀ ਭਗਵੰਤ ਮਾਨ ਤੋਂ 1000 ਰੁਪਏ ਲੈਣ ਲਈ ਆਪਣੀ ਧੀ ਨੂੰ ਅੱਗੇ ਕਰ ਦਿੱਤਾ।

ਉਨ੍ਹਾਂ ਨੇ 1000 ਰੁਪਿਆ ਲੈਣ ਲਈ ਧੀ ਨੂੰ 2 ਕਰੋੜ ਰੁਪਏ ਦੀ ਕਾਰ 'ਚ ਭੇਜਿਆ। ਉਨ੍ਹਾਂ ਕਿਹਾ ਕਿ ਜੇਕਰ ਉਹ ਮੁੱਖ ਮੰਤਰੀ ਮਾਨ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਧੀ ਤੋਂ ਤਾਂ ਅਜਿਹਾ ਨਾ ਕਰਵਾਉਂਦੇ। ਉਨ੍ਹਾਂ ਕਿਹਾ ਕਿ ਗਗਨਦੀਪ ਰੰਧਾਵਾ ਦੀ ਧੀ 1000 ਰੁਪਿਆ ਨਹੀਂ, ਸਗੋਂ ਆਪਣੇ ਪਿਓ ਦੀ ਮੌਤ ਦਾ ਇਨਸਾਫ਼ ਮੰਗ ਰਹੀ ਸੀ ਅਤੇ ਪਰਿਵਾਰ ਵਲੋਂ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਮਾਨ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਵਾਸਤੇ ਤਾਂ ਸਭ ਕੁੱਝ ਇਕ ਡਰਾਮਾ ਹੈ ਅਤੇ ਇਨ੍ਹਾਂ ਦੇ ਪਿੱਛੇ ਹੀ ਕਾਂਗਰਸੀ ਲੱਗੇ ਹੋਏ ਹਨ। 


author

Babita

Content Editor

Related News