ਭਾਜਪਾ ਦੀ ਵੱਧਦੀ ਲੋਕਪ੍ਰਿਅਤਾ ਤੋਂ ਘਬਰਾਈਆਂ ਤਾਕਤਾਂ ਸਾਨੂੰ ਟੀਚੇ ਤੋਂ ਭਟਕਾ ਨਹੀਂ ਸਕਦੀਆਂ : ਸੁਨੀਲ ਜਾਖੜ
Monday, Apr 06, 2026 - 03:14 PM (IST)
ਚੰਡੀਗੜ੍ਹ (ਅੰਕੁਰ ਤਾਂਗੜੀ) : ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਦੇ 47ਵੇਂ ਸਥਾਪਨਾ ਦਿਵਸ ਮੌਕੇ ਆਖਿਆ ਹੈ ਕਿ ਪੰਜਾਬ ਦੇ ਲੋਕ ਭਾਜਪਾ 'ਚ ਆਪਣੇ ਭਵਿੱਖ ਦੀ ਆਸ ਦੀ ਕਿਰਨ ਵੇਖ ਰਹੇ ਹਨ ਅਤੇ ਪਾਰਟੀ ਦੀ ਵੱਧਦੀ ਲੋਕਪ੍ਰਿਅਤਾ ਤੋਂ ਘਬਰਾਈਆਂ ਤਾਕਤਾਂ ਵੱਲੋਂ ਪਾਰਟੀ ਦਫ਼ਤਰ 'ਤੇ ਕੀਤੇ ਹਮਲੇ ਵਰਗੀਆਂ ਕਾਇਰਾਨਾ ਕਾਰਵਾਈਆਂ ਪਾਰਟੀ ਦੇ ਨਵਾਂ ਪੰਜਾਬ ਬਣਾਉਣ ਦੇ ਨਿਸ਼ਚੈ ਨੂੰ ਹਿਲਾ ਨਹੀਂ ਸਕਦੀਆਂ।ਉਹ ਪਾਰਟੀ ਹੈੱਡਕੁਆਰਟਰ ਵਿਖੇ ਸਥਾਪਨਾ ਦਿਵਸ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ, ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਸਾਂਸਦ ਸਤਨਾਮ ਸਿੰਘ, ਸੂਬਾ ਜਰਨਲ ਸਕੱਤਰ ਪਰਮਿੰਦਰ ਸਿੰਘ ਬਰਾੜ ਵੀ ਹਾਜ਼ਰ ਸਨ।
ਸੂਬਾ ਭਾਜਪਾ ਪ੍ਰਧਾਨ ਨੇ ਇਸ ਮੌਕੇ ਕਿਹਾ ਕਿ ਪਾਰਟੀ ਸਮਾਜ ਦੀ ਕਤਾਰ 'ਚ ਸਭ ਤੋਂ ਆਖ਼ਰੀ ਵਿਅਕਤੀ ਤੱਕ ਸਰਕਾਰ ਦਾ ਲਾਭ ਪੁੱਜਦਾ ਕਰਨ ਦੇ ਆਪਣੇ ਮੂਲ ਸਿਧਾਂਤ 'ਤੇ ਅੱਗੇ ਵੱਧ ਰਹੀ ਹੈ ਅਤੇ ਇਸੇ ਉਦੇਸ਼ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰੇਰਣਾ ਨਾਲ ਨਵਾਂ ਪੰਜਾਬ ਬਣਾਉਣ ਦੇ ਸੰਕਲਪ ਤਹਿਤ ਕੰਮ ਕਰ ਰਹੀ ਹੈ। ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਦੇ ਲੋਕਾਂ 'ਚ ਪਾਰਟੀ ਪ੍ਰਤੀ ਫੈਲਾਏ ਭਰਮ ਟੁੱਟ ਰਹੇ ਹਨ ਅਤੇ ਲੋਕ ਪਾਰਟੀ ਨਾਲ ਜੁੜ ਰਹੇ ਹਨ ਅਤੇ ਇਸੇ ਲਈ ਪਾਰਟੀ ਨੂੰ ਆਪਣੇ ਨਿਸ਼ਾਨੇ ਤੋਂ ਥਿੜਕਾਉਣ ਲਈ ਪਾਰਟੀ ਦਫ਼ਤਰ 'ਤੇ ਹਮਲੇ ਵਰਗੀ ਕਾਰਵਾਈ ਕੀਤੀ ਗਈ ਹੈ ਪਰ ਕੁਰਬਾਨੀਆਂ 'ਚ ਨਿਕਲੀ ਪਾਰਟੀ ਇਸ ਤੋਂ ਡਰਨ ਵਾਲੀ ਨਹੀਂ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਹਜ਼ਾਰਾਂ ਪਰਿਵਾਰਾਂ ਨੂੰ ਪਾਵਰਕਾਮ ਵਲੋਂ ਵੱਡੀ ਰਾਹਤ, ਹੁਣ ਮਿਲਣਗੇ ਸਿੱਧੇ ਬਿਜਲੀ ਕੁਨੈਕਸ਼ਨ
ਉਨ੍ਹਾਂ ਨੇ ਕਿਹਾ ਕਿ ਅੱਜ ਪੰਜਾਬ 'ਚ ਨਸ਼ੇ ਅਤੇ ਗੈਂਗਸਟਰਵਾਦ ਸਮਾਜ ਲਈ ਸਭ ਤੋਂ ਵੱਡੀ ਚੁਣੌਤੀ ਬਣਿਆ ਹੋਇਆ ਹੈ। ਨਿੱਤ ਦਿਨ ਘਰਾਂ 'ਚ ਸੱਥਰ ਵਿਛ ਰਹੇ ਹਨ ਅਤੇ ਘਰੋਂ ਗਏ ਮੈਂਬਰ ਜਦ ਤੱਕ ਘਰ ਨਹੀਂ ਮੁੜਦੇ, ਪਰਿਵਾਰ ਨੂੰ ਫ਼ਿਕਰ ਪਿਆ ਰਹਿੰਦਾ ਹੈ। ਇਹ ਸਭ ਕੁੱਝ ਪੰਜਾਬ ਦੇ ਹਾਲਾਤ ਬਿਆਨ ਕਰਦਾ ਹੈ। ਸੂਬੇ ਦੀ ਕਮਜ਼ੋਰ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਕਈ ਅਭਿਆਨ ਚਲਾ ਚੁੱਕੀ ਪਰ ਅੰਤਿਮ ਨਤੀਜਾ ਅੱਜ ਵੀ ਸ਼ਿਫਰ ਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੂਰੇ ਥਾਣੇ ਦੀ ਬਦਲੀ ਮੁੱਖ ਮੰਤਰੀ ਨੂੰ ਕਰਨੀ ਪੈ ਰਹੀ ਹੈ ਤਾਂ ਇਹ ਆਪਣੇ ਆਪ 'ਚ ਪੰਜਾਬ ਦੀ ਅਸਲ ਸਥਿਤੀ ਨੂੰ ਬਿਆਨ ਕਰਨ ਵਾਲਾ ਤੱਥ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਬਦਲੀ ਸਮੱਸਿਆ ਦਾ ਹੱਲ ਹੈ ਜਾਂ ਬਦਲੀ ਕੋਈ ਸਜ਼ਾ ਹੈ। ਭਾਜਪਾ ਪ੍ਰਧਾਨ ਨੇ ਕਿਹਾ ਕਿ ਇਸ ਲਈ ਇਕ ਸਮਰੱਥ ਸਰਕਾਰ ਦੀ ਲੋੜ ਹੈ ਅਤੇ ਜਿਵੇਂ ਕੇਂਦਰੀ ਗ੍ਰਹਿ ਮੰਤਰੀ ਨੇ ਇਸ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਟਾਈ ਹੈ ਕਿ ਭਾਜਪਾ ਦੀ ਸਰਕਾਰ ਬਣਨ 'ਤੇ 2 ਸਾਲ 'ਚ ਨਸ਼ੇ ਦਾ ਸਮੂਲ ਨਾਸ਼ ਕਰ ਦਿੱਤਾ ਜਾਵੇਗਾ। ਪਾਰਟੀ ਲਈ ਇਹ ਇਕ ਬਿਆਨ ਨਹੀਂ ਸਗੋਂ ਸੰਕਲਪ ਹੈ ਅਤੇ ਪੰਜਾਬ ਦੇ ਲੋਕ ਜਾਣਦੇ ਹਨ ਕਿ ਭਾਜਪਾ ਆਪਣੇ ਸੰਕਲਪ ਸਿੱਧੀ ਕਰਕੇ ਰਹਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਭਾਜਪਾ ਇਕ ਮਜ਼ਬੂਤ ਬਦਲ ਦਿੱਖ ਰਹੀ ਹੈ। ਉਨ੍ਹਾਂ ਨੇ ਇਸ ਮੌਕੇ ਇਕ ਹੋਰ ਸਵਾਲ ਦੇ ਜਵਾਬ 'ਚ ਕਾਂਗਰਸ ਦੇ ਸਾਂਸਦ ਵੱਲੋਂ ਫ਼ਸਲਾਂ ਦੇ ਖ਼ਰਾਬੇ ਸਬੰਧੀ ਕੇਂਦਰੀ ਮੰਤਰੀ ਨੂੰ ਲਿਖੀ ਚਿੱਠੀ ਦੇ ਹਵਾਲੇ ਨਾਲ ਕਿਹਾ ਕਿ ਅਸਲ 'ਚ ਕਾਂਗਰਸ ਨੇ ਆਪ ਸਰਕਾਰ ਅੱਗੇ ਸਰੰਡਰ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸੀ ਸਾਂਸਦ ਕੇਂਦਰੀ ਮੰਤਰੀ ਨੂੰ ਚਿੱਠੀ ਲਿਖ ਕੇ ਫ਼ਸਲ ਬੀਮਾ ਯੋਜਨਾ ਦੀ ਗੱਲ ਕਰ ਰਹੇ ਹਨ ਪਰ ਕੀ ਉਹ ਨਹੀਂ ਜਾਣਦੇ ਕਿ ਇਸ ਯੋਜਨਾ ਨੂੰ ਪੰਜਾਬ ਸਰਕਾਰ ਲਾਗੂ ਨਹੀਂ ਕਰ ਰਹੀ ਤਾਂ ਫਿਰ ਪੰਜਾਬ ਸਰਕਾਰ ਤੋਂ ਸਵਾਲ ਕਰਨ ਦੀ ਹਿੰਮਤ ਕਾਂਗਰਸੀ ਆਗੂ ਕਿਉਂ ਗੁਆ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ਼ ਫਸਲਾਂ ਖ਼ਰਾਬ ਹੋ ਰਹੀਆਂ ਹਨ ਅਤੇ ਹੁਣ ਤਾਂ ਮੁੱਖ ਮੰਤਰੀ ਵੀ 6 ਮਹੀਨੇ ਦੀ ਦੇਰੀ ਨਾਲ ਮੰਨ ਚੁੱਕੇ ਹਨ ਕਿ ਪੰਜਾਬ ਕੋਲ ਆਪਦਾ ਰਾਹਤ ਫੰਡ 'ਚ 13 ਹਜ਼ਾਰ ਕਰੋੜ ਰੁਪਏ ਪਏ ਹਨ ਤਾਂ ਫਿਰ ਕਿਸਾਨਾਂ ਦੀ ਮਦਦ ਕਿਉਂ ਨਹੀਂ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਨੂੰ ਜਾਰੀ ਹੋ ਗਏ ਸਖ਼ਤ ਹੁਕਮ, ਅੱਜ ਤੱਕ ਦਾ ਮਿਲਿਆ ਆਖ਼ਰੀ ਮੌਕਾ
ਮੁੱਖ ਮੰਤਰੀ ਭਗਵੰਤ ਮਾਨ 'ਤੇ ਹਮਲਾ ਬੋਲਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਇਕ ਪਾਸੇ ਤਾਂ ਮੁੱਖ ਮੰਤਰੀ ਰਾਜ 'ਚ ਨਿਵੇਸ਼ ਦੇ ਦਾਅਵੇ ਕਰ ਰਹੇ ਹਨ, ਦੂਜੇ ਪਾਸੇ ਬੱਸਾਂ ਤਿਆਰ ਕਰਵਾਉਣ ਵਰਗਾ ਸਧਾਰਨ ਕੰਮ ਵੀ ਰਾਜਸਥਾਨ ਦੀ ਉਸੇ ਕੰਪਨੀ ਤੋਂ ਕਰਵਾ ਰਹੇ ਹਨ, ਜਿੱਥੋਂ ਪਿੱਛਲੀ ਕਾਂਗਰਸ ਸਰਕਾਰ ਨੇ ਕਰਵਾਇਆ ਸੀ ਤੇ ਮੁੱਖ ਮੰਤਰੀ ਉਸ ਵਿਚ ਭ੍ਰਿਸ਼ਟਾਚਾਰ ਦੇ ਦਾਅਵੇ ਕਰਦੇ ਰਹੇ ਹਨ। ਹਾਂਲਾਂਕਿ ਅੱਜ ਤੱਕ ਮੁੱਖ ਮੰਤਰੀ ਨੇ ਇਹ ਨਹੀਂ ਦੱਸਿਆ ਕਿ ਉਨ੍ਹਾਂ ਨੇ ਫਾਈਲ ਕੋਲ ਰੱਖ ਕੇ ਵੀ ਜਾਂਚ ਕਿਉਂ ਨਹੀਂ ਕਰਵਾਈ। ਉਨ੍ਹਾਂ ਨੇ ਸਵਾਲ ਕੀਤਾ ਕਿ ਕੀ ਇਕ ਮੁੱਖ ਮੰਤਰੀ ਇਹ ਜਾਣਦਾ ਹੋਵੇ ਕਿ ਘਪਲਾ ਹੋਇਆ ਹੈ ਅਤੇ ਫਿਰ ਵੀ ਉਸ ਘਪਲੇ ਦੀ ਜਾਂਚ ਨਾ ਕਰਵਾਏ ਤਾਂ ਕੀ ਇਹ ਭ੍ਰਿਸ਼ਟਾਚਾਰ ਦਾ ਮਾਮਲਾ ਨਹੀਂ ਬਣਦਾ ਅਤੇ ਜੇਕਰ ਮੁੱਖ ਮੰਤਰੀ ਦੀ ਸਰਕਾਰ ਵੀ ਉਸੇ ਕੰਪਨੀ ਤੋਂ ਉਹੀ ਕੰਮ ਕਰਵਾਉਣ ਲੱਗੇ, ਜਿਸ 'ਤੇ ਪਿਛਲੀ ਸਰਕਾਰ ਵਿਚ ਘਪਲੇ ਦਾ ਦੋਸ਼ ਹੋਵੇ ਤਾਂ ਇਹ ਕਿਸ ਤਰਾਂ ਦੀ ਸਾਂਝ ਦਾ ਸਬੂਤ ਹੋਵੇਗਾ।
ਪਾਰਟੀ ਹੈੱਡਕੁਆਰਟਰ 'ਤੇ ਹਮਲੇ ਦੇ ਮਾਮਲੇ ਵਿਚ ਫੜ੍ਹੇ ਗਏ ਲੋਕਾਂ ਦੇ ਸਦਰੰਭ ਵਿਚ ਕੀਤੇ ਸਵਾਲ ਦੇ ਜਵਾਬ ਵਿਚ ਸੁਨੀਲ ਜਾਖੜ ਨੇ ਕਿਹਾ ਕਿ ਬੇਸੱਕ ਪੰਜਾਬ ਦੀ ਪੁਲਸ ਸਮਰੱਥ ਹੈ ਪਰ ਲੀਡਰਸ਼ਿਪ ਦੀ ਘਾਟ ਕਾਰਨ ਡਿਊਟੀ ਨਿਭਾਉਣ ਵਿਚ ਅਸਮਰੱਥ ਹੈ। ਉਨ੍ਹਾਂ ਨੇ ਕਿਹਾ ਕਿ ਇਕ ਵੀਡੀਓ ਕਲਿੱਪ ਤੋਂ ਪੁਲਸ ਨੇ ਦੋਸ਼ੀ ਫੜ੍ਹ ਲਏ ਪਰ ਉਹੀ ਪੁਲਸ ਡੀ. ਐੱਮ. ਗਗਨਦੀਪ ਰੰਧਾਵਾ ਕੇਸ ਵਿਚ ਆਪ ਦੇ ਮੰਤਰੀ ਦਾ ਨਾ ਫੋਨ ਲੱਭ ਸਕੀ ਨਾ ਉਸਦਾ ਪਿਤਾ ਅਤੇ ਪੀ. ਏ.। ਇਹੀ ਸੰਕੇਤ ਸੱਪਸਟ ਕਰਦੇ ਹਨ ਕਿ ਸਰਕਾਰ ਇਸ ਕੇਸ ਵਿਚ ਨਿਆਂ ਨਹੀਂ ਦੇਣਾ ਚਾਹੁੰਦੀ। ਇਸੇ ਲਈ ਪਰਿਵਾਰ ਤੇ ਭਾਜਪਾ ਇਸ ਕੇਸ ਦੀ ਸੀ. ਬੀ. ਆਈ. ਜਾਂਚ ਮੰਗ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਲਈ ਪਾਰਟੀ ਸਾਰੇ ਸਾਂਸਦਾਂ ਅਤੇ ਵਿਧਾਇਕਾਂ ਤੱਕ ਸੀ. ਬੀ. ਆਈ. ਜਾਂਚ ਦੀ ਮੰਗ ਨੂੰ ਲੈ ਕੇ ਚਿੱਠੀ ਲਿਖਣ ਲਈ ਮਿਲੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
