ਪੰਜਾਬ ਦੀ ਭਾਈਚਾਰਕ ਸਾਂਝ ਨੂੰ ਬਚਾਉਣ ਲਈ ਮਜ਼ਬੂਤ ਸਰਕਾਰ ਦੀ ਲੋੜ : ਸੁਨੀਲ ਜਾਖੜ (ਵੀਡੀਓ)
Monday, Apr 06, 2026 - 01:07 PM (IST)
ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਵਲੋਂ ਅੱਜ 47ਵਾਂ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬ ਭਾਜਪਾ ਦੇ ਮੁੱਖ ਦਫ਼ਤਰ 'ਚ ਸੰਬੋਧਨ ਕਰਦਿਆਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਨੂੰ ਇਸ ਮੌਕੇ ਵਧਾਈ ਦਿੱਤੀ। ਜਾਖੜ ਨੇ ਕਿਹਾ ਕਿ ਪਾਰਟੀ ਨੇ 46 ਸਾਲ ਇੰਝ ਹੀ ਨਹੀਂ ਪੂਰੇ ਕੀਤੇ, ਸਗੋਂ ਬਹੁਤ ਵੱਡਾ ਸੰਘਰਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ 25 ਕਰੋੜ ਤੋਂ ਉੱਪਰ ਲੋਕ ਗਰੀਬੀ ਰੇਖਾ ਤੋਂ ਉੱਪਰ ਉੱਠੇ ਹਨ, ਇਹ ਹੈ ਭਾਜਪਾ ਦੀ 46 ਸਾਲ ਦੀ ਪ੍ਰਾਪਤੀ। ਜਾਖੜ ਨੇ ਕਿਹਾ ਕਿ ਦੂਜੀਆਂ ਪਾਰਟੀਆਂ ਲਈ ਸੱਤਾ 'ਚ ਆਉਣਾ ਇਕ ਟੀਚਾ ਹੈ, ਜਦੋਂ ਕਿ ਭਾਜਪਾ ਇਸ ਤਾਕਤ ਦਾ ਇਸਤੇਮਾਲ ਦੇਸ਼ ਲਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਲੀਡਰ ਕਰੋੜਾਂ ਰੁਪਿਆਂ ਦੀਆਂ ਗੱਡੀਆਂ 'ਚ ਘੁੰਮਣ, ਇਸ ਲਈ ਸਾਨੂੰ ਤਾਕਤ ਨਹੀਂ ਚਾਹੀਦੀ, ਸਗੋਂ ਦੇਸ਼ ਦੇ ਲੋਕਾਂ ਦੀ ਸੇਵਾ ਕਰਨਾ ਹੀ ਭਾਜਪਾ ਦਾ ਟੀਚਾ ਹੈ ਅਤੇ ਚੱਪਲ ਪਾਉਣ ਵਾਲਾ ਵਿਅਕਤੀ ਵੀ ਹਵਾਈ ਸਫ਼ਰ ਕਰੇ, ਇਹੀ ਭਾਜਪਾ ਦਾ ਮਕਸਦ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਹਜ਼ਾਰਾਂ ਪਰਿਵਾਰਾਂ ਨੂੰ ਪਾਵਰਕਾਮ ਵਲੋਂ ਵੱਡੀ ਰਾਹਤ, ਹੁਣ ਮਿਲਣਗੇ ਸਿੱਧੇ ਬਿਜਲੀ ਕੁਨੈਕਸ਼ਨ
ਜਾਖੜ ਨੇ ਕਿਹਾ ਕਿ 80 ਕਰੋੜ ਲੋਕਾਂ ਦੇ ਘਰ ਰਾਸ਼ਨ ਪਹੁੰਚ ਰਿਹਾ ਹੈ ਅਤੇ ਸਾਢੇ 12 ਕਰੋੜ ਤੋਂ ਜ਼ਿਆਦਾ ਕਿਸਾਨਾਂ ਦੇ ਖ਼ਾਤਿਆਂ ਅੰਦਰ ਪੈਸਾ ਜਾ ਰਿਹਾ ਹੈ। ਅੱਜ 'ਪ੍ਰਧਾਨ ਮੰਤਰੀ ਆਵਾਸ ਯੋਜਨਾ' ਤਹਿਤ ਗਰੀਬਾਂ ਦੇ ਮਕਾਨ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀਆਂ ਅੱਜ ਧਰਮਾਂ ਦੇ ਨਾਂ 'ਤੇ ਵੰਡ ਪਾਉਣ 'ਚ ਲੱਗੀਆਂ ਹੋਈਆਂ ਹਨ ਪਰ ਪੂਰੇ ਦੇਸ਼ ਅੰਦਰ ਕਿਸਾਨ, ਜਵਾਨ, ਮਹਿਲਾ ਅਤੇ ਗਰੀਬ ਚਾਰ ਜਮਾਤਾਂ ਹਨ, ਜਿਨ੍ਹਾਂ ਦੀ ਸੇਵਾ ਕਰਨ ਲਈ ਭਾਜਪਾ ਪਾਰਟੀ ਬਣੀ ਹੈ। ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ 'ਚ ਲੋਕ ਭਾਜਪਾ ਨੂੰ ਲਿਆਉਣ ਲਈ ਮਨ ਬਣਾਈ ਬੈਠੇ ਹਨ ਕਿਉਂਕਿ ਉਨ੍ਹਾਂ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦੀਆਂ ਗੱਲਾਂ 'ਤੇ ਯਕੀਨ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਨੂੰ ਜਾਰੀ ਹੋ ਗਏ ਸਖ਼ਤ ਹੁਕਮ, ਅੱਜ ਤੱਕ ਦਾ ਮਿਲਿਆ ਆਖ਼ਰੀ ਮੌਕਾ
ਅਮਿਤ ਸ਼ਾਹ ਨੇ ਕਿਹਾ ਸੀ ਕਿ 2 ਸਾਲਾਂ ਦੇ ਅੰਦਰ ਨਸ਼ਿਆਂ ਨੂੰ ਜੜ੍ਹਾਂ ਤੋਂ ਖ਼ਤਮ ਕਰ ਦੇਵਾਂਗੇ। ਸੁਨੀਲ ਜਾਖੜ ਨੇ ਕਿਹਾ ਕਿ ਅੱਜ ਪੰਜਾਬ ਨੂੰ ਭਾਜਪਾ ਦੀ ਲੋੜ ਹੈ ਅਤੇ ਅਜਿਹੇ 'ਚ ਸਾਡੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਬਣਾਈ ਰੱਖਣ ਲਈ ਮਜ਼ਬੂਤ ਸਰਕਾਰ ਦੀ ਲੋੜ ਹੈ। ਉਨ੍ਹਾਂ ਨੇ ਸ਼ਰਾਰਤੀ ਤੱਤਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਇਹ ਲੋਕ ਪੰਜਾਬ 'ਚ ਅਰਾਜਕਤਾ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਇਸ ਨੂੰ ਕਿਸੇ ਵੀ ਹਾਲਤ 'ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਪੰਜਾਬ ਨੂੰ ਬਚਾਉਣ ਲਈ ਇਕੱਠੇ ਹੋ ਕੇ ਲੜਾਈ ਲੜਨੀ ਪਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
