ਵੱਡੀ ਖ਼ਬਰ: ਪੰਜਾਬ ਦੇ 15 ਵੱਡੇ ਅਫ਼ਸਰਾਂ ਨੂੰ ਨੋਟਿਸ ਜਾਰੀ, ਜਾਣੋ ਕੀ ਹੈ ਪੂਰਾ ਮਾਮਲਾ
Wednesday, Mar 25, 2026 - 02:08 PM (IST)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)– ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀਂ ਦਿੱਲੀ ਦੇ ਪ੍ਰਿੰਸੀਪਲ ਬੈਂਚ ਦੇ ਚੇਅਰਪਰਸਨ ਮਾਣਯੋਗ ਜਸਟਿਸ ਪ੍ਰਕਾਸ਼ ਸ਼੍ਰੀਵਾਸਤਵਾ, ਡਾ. ਏ. ਸੰਥਿਲ ਵੇਲ ਐਕਸਪਾਰਟ ਮੈਂਬਰ, ਡਾ. ਅਫਰੋਜ਼ ਅਹਿਮਦ ਐਕਸਪਾਰਟ ਮੈਂਬਰ ਨੇ ਜ਼ਿਲ੍ਹਾ ਬਰਨਾਲਾ ਦੇ ਸਮਾਜ ਸੇਵੀ ਤੇ ਵਾਤਾਵਰਣ ਪ੍ਰੇਮੀ ਗੁਰਪ੍ਰੀਤ ਸਿੰਘ ਕਾਹਨੇਕੇ ਵੱਲੋਂ ਜ਼ਿਲ੍ਹਾ ਬਰਨਾਲਾ ਦੀਆਂ ਸਰਕਾਰੀ ਸੰਮਤੀਆਂ ’ਚੋਂ ਗੈਰ-ਕਾਨੂੰਨੀ ਨਾਜਾਇਜ਼ ਬਿਨਾਂ ਕਿਸੇ ਮਨਜ਼ੂਰੀ ਦੇ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕਰ ਕੇ ਹਰੇ ਭਰੇ ਸਰਕਾਰੀ ਪੁਰਾਤਨ ਰੁੱਖ ਪੁੱਟਣ ਸਬੰਧੀ ਪਾਈ ਜਨਹਿੱਤ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਦੇ ਚੀਫ ਸੈਕਟਰੀ, ਪ੍ਰਿੰਸੀਪਲ ਸਕੱਤਰ ਪੰਚਾਇਤ ਵਿਭਾਗ ਪੰਜਾਬ, ਡਾਇਰੈਕਟਰ ਪੰਚਾਇਤ ਵਿਭਾਗ ਪੰਜਾਬ, ਡਿਪਟੀ ਕਮਿਸ਼ਨਰ ਬਰਨਾਲਾ, ਚੇਅਰਮੈਨ ਨਗਰ ਸੁਧਾਰ ਟਰੱਸਟ ਬਰਨਾਲਾ, ਡਵੀਜ਼ਨਲ ਫਾਰਸੈਟ ਅਫ਼ਸਰ ਸੰਗਰੂਰ, ਐੱਸ.ਐੱਸ.ਪੀ ਬਰਨਾਲਾ, ਡੀ.ਡੀ.ਪੀ.ਓ. ਬਰਨਾਲਾ, ਬੀ.ਡੀ.ਪੀ.ਓ. ਮਹਿਲ ਕਲਾਂ ਤੇ ਸ਼ਹਿਣਾ, ਈ. ਓ. ਨਗਰ ਸੁਧਾਰ ਟਰੱਸਟ ਬਰਨਾਲਾ, ਵਣ ਵਿਭਾਗ ਦੇ ਡੀ.ਐੱਫ.ਓ. ਸੰਗਰੂਰ, ਰੇਂਜ ਅਫ਼ਸਰ ਵਣ ਵਿਭਾਗ ਬਰਨਾਲਾ, ਐਕਸੀਅਨ ਪੁੱਡਾ ਪਟਿਆਲਾ, ਅਧਿਕਾਰੀਆਂ ਸਮੇਤ ਸਰਪੰਚ ਧਨੇਰ ਤੇ ਬਖਤਗੜ੍ਹ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ ਅਤੇ ਭਾਰਤ ਸਰਕਾਰ ਦੇ ਕੇਂਦਰੀ ਮੰਤਰਾਲਿਆਂ ਦੇ ਉੱਚ ਅਧਿਕਾਰੀਆਂ ਦੀ ਅਗਵਾਈ ’ਚ ਇਕ ਵਿਸ਼ੇਸ਼ ਜਾਂਚ ਟੀਮ ਗਠਿਤ ਕਰ ਕੇ ਚਾਰ ਹਫਤਿਆਂ ’ਚ ਰਿਪੋਰਟ ਮੰਗੀ ਹੈ।
ਜਾਣਕਾਰੀ ਦਿੰਦਿਆਂ ਵਾਤਾਵਰਣ ਪ੍ਰੇਮੀ ਗੁਰਪ੍ਰੀਤ ਸਿੰਘ ਕਾਹਨੇਕੇ ਨੇ ਦੱਸਿਆ ਕਿ ਮਾਣਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀਂ ਦਿੱਲੀ ਵਿਖੇ ਨਗਰ ਸੁਧਾਰ ਟਰੱਸਟ ਬਰਨਾਲਾ ਵੱਲੋਂ 140 ਸਰਕਾਰੀ ਹਰੇ ਭਰੇ ਰੁੱਖ ਪੁੱਟਣ, ਪੁੱਡਾ ਮਾਰਕੀਟ ਬਰਨਾਲਾ ਵੱਲੋਂ ਗੈਰ -ਕਾਨੂੰਨੀ 100 ਸਾਲ ਨਿੰਮ ਦਾ ਪੁਰਾਣਾ ਰੁੱਖ ਕੱਟਣ, ਪਿੰਡ ਬਦਰਾ, ਧਨੇਰ ਤੇ ਬਖਤਗੜ੍ਹ ਦੀਆਂ ਸਾਂਝੀਆਂ ਥਾਵਾਂ ਤੋਂ ਹਰੇ ਭਰੇ ਸਰਕਾਰੀ ਰੁੱਖ ਪੁੱਟਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਦਿਆਂ ਮਾਣਯੋਗ ਐੱਨ.ਜੀ.ਟੀ. ਨੇ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ 15 ਉੱਚ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ ਅਤੇ ਭਾਰਤ ਸਰਕਾਰ ਦੇ ਕੇਂਦਰੀ ਮੰਤਰਾਲਿਆਂ ਦੇ ਉੱਚ ਅਧਿਕਾਰੀਆਂ ਦੀ ਅਗਵਾਈ ’ਚ ਇਕ ਵਿਸ਼ੇਸ਼ ਜਾਂਚ ਟੀਮ ਕਮੇਟੀ ਗਠਿਤ ਕਰ ਕੇ ਚਾਰ ਹਫਤਿਆਂ ਦੇ ਵਿਚ ਘਟਨਾ ਸਥਾਨ ’ਤੇ ਜਾ ਕੇ ਪੁੱਟੇ ਗਏ ਰੁੱਖਾਂ ਦੀ ਗਿਣਤੀ, ਰੁੱਖ ਪੁੱਟਣ ਦੇ ਜ਼ਿੰਮੇਵਾਰ ਵਿਆਕਤੀਆਂ ਦੇ ਨਾਂ ਪਤੇ, ਅਤੇ ਢੁੱਕਵੀਂ ਸਜ਼ਾ ਤੇ ਜੁਰਮਾਨੇ ਲਈ ਸੁਝਾਅ ਸਾਹਿਤ ਰਿਪੋਰਟ ਦੇਣ ਦੇ ਕਮੇਟੀ ਨੂੰ ਚਾਰ ਹਫਤਿਆਂ ’ਚ ਦੇਣ ਦੇ ਹੁਕਮ ਦਿੱਤੇ ਗਏ ਹਨ।
ਕਮੇਟੀ ’ਚ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਭਾਰਤ ਸਰਕਾਰ ਦਾ ਇਕ ਨੁਮਾਇੰਦਾ, ਭਾਰਤ ਸਰਕਾਰ ਦੇ ਵਾਤਾਵਰਣ ਮੰਤਰਾਲੇ ਦੇ ਜੰਗਲ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ ਖੇਤਰੀ ਦਫ਼ਤਰ ਚੰਡੀਗੜ੍ਹ ਦਾ ਇਕ ਨੁਮਾਇੰਦਾ, ਪ੍ਰਿੰਸੀਪਲ ਚੀਫ ਫੌਰਿਸਸਟ ਵਿਭਾਗ ਪੰਜਾਬ ਸਰਕਾਰ ਨੂੰ ਸਾਮਲ ਕਰਕੇ ਅਧਿਕਾਰੀਆਂ ਦੀ ਕਮੇਟੀ ਗਠਿਤ ਕੀਤੀ ਹੈ। ਮਾਣਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀਂ ਦਿੱਲੀ ਦੇ ਹੁਕਮਾਂ ਅਨੁਸਾਰ ਜਲਦ ਹੀ ਗਠਿਤ ਕੀਤੀ ਗਈ ਭਾਰਤ ਸਰਕਾਰ ਦੇ ਵਿਭਾਗਾਂ ਦੇ ਉੱਚ ਅਧਿਕਾਰੀਆਂ ਦੀ ਵਿਸ਼ੇਸ਼ ਜਾਂਚ ਟੀਮ ਜ਼ਿਲ੍ਹਾ ਬਰਨਾਲਾ ਦੀਆਂ ਸਰਕਾਰੀ ਸੰਮਤੀਆਂ ’ਚੋਂ ਹਰੇ-ਭਰੇ ਸਰਕਾਰੀ ਰੁੱਖ ਪੁੱਟਣ ਵਾਲੇ ਘਟਨਾ ਸਥਾਨਾਂ ਦਾ ਦੌਰਾ ਕਰ ਕੇ ਵਿਸਥਾਰ ਨਾਲ ਜਾਂਚ ਪੜਤਾਲ ਕਰੇਗੀ।
ਵਾਤਾਵਰਣ ਪ੍ਰੇਮੀ ਕਾਹਨੇਕੇ ਨੇ ਕਿਹਾ ਕਿ ਐੱਨ.ਜੀ.ਟੀ. ਦਿੱਲੀ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਕਮੇਟੀ ਨੂੰ ਜ਼ਿਲ੍ਹਾ ਬਰਨਾਲਾ ਦੇ ਵਾਤਾਵਰਣ ਪ੍ਰੇਮੀਆਂ ਵੱਲੋਂ ਨਗਰ ਸੁਧਾਰ ਟਰੱਸਟ ਬਰਨਾਲਾ ਵੱਲੋਂ 140 ਰੁੱਖ ਪੁੱਟਣ, ਪੁੱਡਾ ਮਾਰਕੀਟ ਬਰਨਾਲਾ ’ਚੋਂ ਗੈਰ-ਕਾਨੂੰਨੀ 100 ਸਾਲ ਨਿੰਮ ਦਾ ਪੁਰਾਣਾ ਰੁੱਖ ਕੱਟਣ, ਪਿੰਡ ਬਦਰਾ, ਧਨੇਰ ਤੇ ਬਖਤਗੜ੍ਹ ਦੀਆਂ ਸਾਂਝੀਆਂ ਥਾਵਾਂ ਤੋਂ ਹਰੇ ਭਰੇ ਸਰਕਾਰੀ ਰੁੱਖ ਪੁੱਟਣ ਸਬੰਧੀ ਪੁਖਤਾ ਸਬੂਤ ਪੇਸ਼ ਕੀਤੇ ਜਾਣਗੇ ਅਤੇ ਰੁੱਖ ਪੁੱਟ ਕੇ ਵਾਤਾਵਰਣ ਦਾ ਨੁਕਸਾਨ ਕਰਨ ਵਾਲੇ ਸਾਰੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਤੇ ਜੁਰਮਾਨੇ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਤੋਂ ਮੰਗ ਕੀਤੀ ਹੈ ਕਿ ਉਕਤ ਸਰਕਾਰੀ ਸੰਮਤੀਆਂ ’ਚੋਂ ਰੁੱਖ ਪੁੱਟਣ ਵਾਲੇ ਸਾਰੇ ਦੋਸ਼ੀਆਂ ਖ਼ਿਲਾਫ਼ ਬਿਨਾਂ ਦੇਰੀ ਐੱਫ.ਆਈ.ਆਰ. ਦਰਜ ਕਰ ਕੇ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪੰਜਾਬ ਸਰਕਾਰ ਤੇ ਜ਼ਿਲ੍ਹੇ ਦੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਪਤਾ ਨਹੀਂ ਕਿਸ ਮਜਬੂਰੀ ਕਾਰਨ ਸਰਕਾਰੀ ਰੁੱਖ ਪੁੱਟ ਕੇ ਵਾਤਾਵਰਣ ਦਾ ਨੁਕਸਾਨ ਕਰਨ ਵਾਲੇ ਵਿਅਕਤੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ ਤੋਂ ਟਾਲਾ ਵੱਟਿਆ ਜਾ ਰਿਹਾ ਹੈ।
