ਸੜਕਾਂ ਦੇ ਨਿਰਮਾਣ ’ਤੇ ਵੀ ਪੈ ਰਿਹਾ ਜੰਗ ਦਾ ਅਸਰ, ਕਿੱਲਤ ਦੇ ਨਾਲ 35 ਫ਼ੀਸਦੀ ਤੱਕ ਵਧੇ ਤਾਰਕੋਲ ਦੇ ਰੇਟ
Thursday, Apr 09, 2026 - 05:13 AM (IST)
ਲੁਧਿਆਣਾ (ਹਿਤੇਸ਼) : ਈਰਾਨ ਦੀ ਅਮਰੀਕਾ-ਇਜ਼ਰਾਈਲ ਅਤੇ ਹੋਰ ਦੇਸ਼ਾਂ ਨਾਲ ਚੱਲ ਰਹੀ ਜੰਗ ਨੂੰ ਮੁੱਖ ਤੌਰ ’ਤੇ ਪੈਟਰੋਲੀਅਮ ਪਦਾਰਥਾਂ ’ਤੇ ਦਬਦਬੇ ਦੀ ਲੜਾਈ ਵਜੋਂ ਦੇਖਿਆ ਜਾ ਸਕਦਾ ਹੈ। ਜਿੱਥੋਂ ਤੱਕ ਭਾਰਤ ’ਚ ਇਸ ਜੰਗ ਦੇ ਪ੍ਰਭਾਵ ਦਾ ਸਵਾਲ ਹੈ, ਕੇਂਦਰ ਸਰਕਾਰ ਵੱਲੋਂ ਸਪਲਾਈ ਅਤੇ ਕੀਮਤਾਂ ’ਤੇ ਕੋਈ ਅਸਰ ਨਾ ਪੈਣ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਅਸਲੀਅਤ ਇਹ ਹੈ ਕਿ ਇਸ ਜੰਗ ਦਾ ਅਸਰ ਗੈਸ ਅਤੇ ਤੇਲ ਦੀ ਸਪਲਾਈ ਦੇ ਨਾਲ-ਨਾਲ ਸੜਕਾਂ ਦੇ ਨਿਰਮਾਣ ’ਤੇ ਵੀ ਪੈ ਰਿਹਾ ਹੈ। ਇਸ ਦੇ ਤਹਿਤ ਕਿੱਲਤ ਦੇ ਨਾਲ-ਨਾਲ ਤਾਰਕੋਲ ਦੇ ਰੇਟ 35 ਫੀਸਦੀ ਤੱਕ ਵਧ ਗਏ ਹਨ ਕਿਉਂਕਿ ਤਾਰਕੋਲ ਵੀ ਪੈਟਰੋਲੀਅਮ ਪਦਾਰਥਾਂ ਦੀ ਸ਼੍ਰੇਣੀ ’ਚ ਆਉਂਦਾ ਹੈ। ਜਿਸਦੀ ਡਿਮਾਂਡ ਦੇ ਮੁਕਾਬਲੇ ਸਪਲਾਈ ਸਿਰਫ 25 ਫੀਸਦੀ ਰਹਿ ਗਈ ਹੈ। ਇਸ ਦੀ ਆੜ ’ਚ ਕੰਪਨੀਆਂ ਨੇ ਤਾਰਕੋਲ ਦੇ ਰੇਟ 35 ਫੀਸਦੀ ਤੱਕ ਵਧਾ ਦਿੱਤੇ ਹਨ, ਜਿਸ ਦਾ ਸਿੱਧਾ ਪ੍ਰਭਾਵ ਸੜਕਾਂ ਦੇ ਨਿਰਮਾਣ ਦੀ ਰਫ਼ਤਾਰ ਅਤੇ ਲਾਗਤ ’ਤੇ ਪੈ ਰਿਹਾ ਹੈ।
ਇਹ ਵੀ ਪੜ੍ਹੋ : ਮਨੀ ਐਕਸਚੇਂਜਰ ਦੀ ਮਹਿਲਾ ਕੈਸ਼ੀਅਰ 20 ਲੱਖ ਰੁਪਏ ਦੀ ਚੋਰੀ ਕਰ ਕੇ ਹੋਈ ਫ਼ਰਾਰ
ਸਰਕਾਰ ਦੀ ਜੇਬ ’ਤੇ ਵਧ ਗਿਆ ਬੋਝ
ਤਾਰਕੋਲ ਦੇ ਰੇਟ ਵਧਣ ਨਾਲ ਸਰਕਾਰ ਦੀ ਜੇਬ ’ਤੇ ਵੀ ਬੋਝ ਵਧ ਗਿਆ ਹੈ ਕਿਉਂਕਿ ਸੜਕਾਂ ਦੇ ਨਿਰਮਾਣ ਦੇ ਟੈਂਡਰਾਂ ’ਚ ਇਹ ਸ਼ਰਤ ਲਾਈ ਜਾਂਦੀ ਹੈ ਕਿ ਠੇਕੇਦਾਰਾਂ ਨੂੰ ਤਾਰਕੋਲ ਦੇ ਰੇਟ ਦੀ ਅਦਾਇਗੀ ਮਾਰਕੀਟ ਦੀ ਖਰੀਦ ਦੇ ਹਿਸਾਬ ਨਾਲ ਦਿੱਤੀ ਜਾਵੇਗੀ। ਇਸ ਤਰ੍ਹਾਂ ਤਾਰਕੋਲ ਦੇ ਰੇਟ ਵਧਣ ਨਾਲ ਠੇਕੇਦਾਰਾਂ ਨੂੰ ਕੋਈ ਆਰਥਿਕ ਨੁਕਸਾਨ ਨਹੀਂ ਹੋਵੇਗਾ। ਹੁਣ ਦੇਖਣਾ ਇਹ ਹੈ ਕਿ ਸਰਕਾਰ ਵੱਲੋਂ ਆਪਣੇ ਵਿਭਾਗਾਂ ’ਤੇ ਪੈ ਰਹੇ ਆਰਥਿਕ ਬੋਝ ਨੂੰ ਘੱਟ ਕਰਨ ਲਈ ਤਾਰਕੋਲ ਦੇ ਰੇਟ ਦੇ ਮਾਮਲੇ ’ਚ ਹੋਰ ਪੈਟਰੋਲੀਅਮ ਪਦਾਰਥਾਂ ਵਾਂਗ ਕੀ ਫੈਸਲਾ ਲਿਆ ਜਾਵੇਗਾ।
ਚੋਣਵੇਂ ਵਿਕਾਸ ਦਾ ਟਾਰਗੇਟ ਹੋ ਰਿਹਾ ਪ੍ਰਭਾਵਿਤ
ਤਾਰਕੋਲ ਦੇ ਰੇਟ ਆਸਮਾਨ ਨੂੰ ਛੂਹਣ ਦਾ ਸਾਈਡ ਇਫੈਕਟ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਦੇਖਣ ਨੂੰ ਮਿਲ ਸਕਦਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨਗਰ ਨਿਗਮ, ਪੀ. ਡਬਲਯੂ. ਡੀ., ਮੰਡੀ ਬੋਰਡ ਰਾਹੀਂ ਵੱਡੇ ਪੱਧਰ ’ਤੇ ਸੜਕਾਂ ਦੇ ਨਿਰਮਾਣ ਲਈ ਟੈਂਡਰ ਜਾਰੀ ਕੀਤੇ ਗਏ ਹਨ। ਇਨ੍ਹਾਂ ਸੜਕਾਂ ਦੇ ਨਿਰਮਾਣ ਦੀ ਰਫ਼ਤਾਰ ਠੇਕੇਦਾਰਾਂ ਨੇ ਤਾਰਕੋਲ ਦੀ ਕਿੱਲਤ ਦਾ ਹਵਾਲਾ ਦਿੰਦੇ ਹੋਏ ਹੌਲੀ ਕਰ ਦਿੱਤੀ ਹੈ। ਸੜਕਾਂ ਦੀ ਖਸਤਾ ਹਾਲਤ ਦੀ ਸਮੱਸਿਆ ਦਾ ਹੱਲ ਨਾ ਹੋਣ ਕਾਰਨ ਸੱਤਾਧਾਰੀ ਪਾਰਟੀ ਨੂੰ ਚੋਣਾਂ ਦੌਰਾਨ ਲੋਕਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ : ਕੇਦਾਰਨਾਥ ਧਾਮ 'ਚ 20 ਘੰਟਿਆਂ ਤੋਂ ਲਗਾਤਾਰ ਬਰਫ਼ਬਾਰੀ, 22 ਅਪ੍ਰੈਲ ਨੂੰ ਖੁੱਲ੍ਹਣਗੇ ਬਾਬਾ ਕੇਦਾਰ ਦੇ ਕਪਾਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
