ਰਜਬਾਹੇ ’ਚ ਪਾੜ ਪੈਣ ਕਾਰਨ ਆਲੂਆਂ ਦੀ ਖੜ੍ਹੀ ਫ਼ਸਲ ਹੋਈ ਤਬਾਹ

2/25/2021 2:56:53 PM

ਤਪਾ ਮੰਡੀ (ਸ਼ਾਮ,ਗਰਗ): ਨਜਦੀਕੀ ਪਿੰਡ ਘੁੜੈਲੀ ਵਿਖੇ ਹੰਡਿਆਇਆ-ਜਿਉਂਦ ਰਜਬਾਹੇ ’ਚ 20 ਫੁੱਟ ਦਾ ਪਾੜ ਪੈਣ ਕਾਰਨ ਲਗਭਗ 5 ਏਕੜ ’ਚ ਖੜ੍ਹੀ ਆਲੂਆਂ ਦੀ ਫਸਲ ਤਬਾਹ ਹੋਣ ਕਾਰਨ ਕਿਸਾਨ ਦਾ 6 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੀੜਤ ਕਿਸਾਨ ਬਲਵਿੰਦਰ ਸਿੰਘ ਪੁੱਤਰ ਮਹਿੰਗਾ ਸਿੰਘ ਵਾਸੀ ਘੁੜੈਲੀ ਨੇ ਦੱਸਿਆ ਕਿ ਉਸ ਨੂੰ ਸਵੇਰੇ 4 ਵਜੇ ਦੇ ਕਰੀਬ ਪਤਾ ਲੱਗਾ ਕਿ ਰਜਵਾਹੇ ’ਚ ਪਾੜ ਪੈ ਗਿਆ ਹੈ ਉਸ ਨੇ ਤੁਰੰਤ ਗੁਰਦੁਆਰਾ ਸਾਹਿਬ ਵਿੱਚ ਅਨਾਊਸ਼ਮੈਂਟ ਕਰਵਾਈ ਤਾਂ ਕਿਸਾਨ ਪਾੜ ਨੂੰ ਬੰਦ ਕਰਨ ਲਈ ਅਪਣੇ ਖੇਤੀ ਸੰਦਾਂ ਨੂੰ ਲੈ ਕੇ ਪਹੁੰਚ ਗਏ। ਪਾਣੀ ਦਾ ਜ਼ਿਆਦਾ ਬਹਾਅ ਹੋਣ ਕਾਰਨ ਆਲੂਆਂ ਦੀ ਖੜ੍ਹੀ ਫਸਲ ਪਾਣੀ ’ਚ ਡੁੱਬ ਕੇ ਤਬਾਅ ਹੋ ਗਈ ਅਤੇ ਤਪਾ ਤੋਂ ਜੇ.ਬੀ.ਸੀ. ਮਸ਼ੀਨ ਮੰਗਵਾ ਕੇ ਪਾੜ ਬੰਦ ਕਰਵਾਇਆ। 

ਇਸ ਮੌਕੇ ਹਾਜ਼ਰ ਕਿਸਾਨਾਂ ਕੇਵਲ ਸਿੰਘ, ਸੰਦੀਪ ਸਿੰਘ, ਬੂਟਾ ਸਿੰਘ, ਪੰਚ ਕੁਲਵਿੰਦਰ ਸਿੰਘ , ਰਾਜ ਪਾਲ ਸਿੰਘ, ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਟੇਲ ਦੇ ਖੇਤਾਂ ਵਿੱਚ ਇਹ ਅਕਸਰ ਸਮੱਸਿਆ ਆਉਂਦੀ ਹੈ ਕਿ ਜਦੋਂ ਪਾਣੀ ਦੀ ਲੋੜ ਹੁੰਦੀ ਹੈ,ਉਸ ਸਮੇਂ ਮੂਹਰਲੇ ਖੇਤਾਂ ਦੇ ਕਿਸਾਨ ਜਿੱਥੇ ਮੋਘੇ ਖੁਲ੍ਹੇ ਰੱਖਕੇ ਪਾਣੀ ਦੀ ਵਰਤੋਂ ਕਰਦੇ ਹਨ ਅਤੇ ਇਸ ਤੋਂ ਬੇਲਦਾਰਾਂ ਦੀ ਮਿਲੀ ਭੁਗਤ ਨਾਲ ਪਾਣੀ ਦੀ ਚੋਰੀ ਵੀ ਕਰਦੇ ਹਨ ਉਸ ਦੇ ਕਾਰਨ ਟੇਲ ਵਾਲੇ ਖੇਤਾਂ ’ਚ ਜਰੂਰਤ ਅਨੁਸਾਰ ਪਾਣੀ ਨਹੀਂ ਆਉਂਦਾ ਅਤੇ ਅੱਗੇ ਖੇਤਾਂ ਵਾਲੇ ਕਿਸਾਨ ਹੀ ਉਸ ਨੂੰ ਵੱਧ ਵਰਤਦੇ ਹਨ ਪਰ ਜਦੋਂ ਫਸਲਾਂ ਪੱਕ ਜਾਂਦੀਆਂ ਹਨ ਤੇ ਪਾਣੀ ਦੀ ਲੋੜ ਨਹੀਂ ਰਹਿੰਦੀ। ਮੋਘੇ ਬੰਦ ਕਰ ਦਿੰਦੇ ਹਨ ਅਤੇ ਟੇਲਾਂ ਵਾਲੇ ਖੇਤਾਂ ਵੱਲ ਪਾਣੀ ਦਾ ਬਹਾਅ ਤੇਜ਼ ਹੋ ਜਾਂਦਾ ਹੈ, ਜਿਸ ਕਾਰਨ ਰਜਵਾਹੇ ਟੁੱਟਣ ਦੇ ਖ਼ਤਰੇ ਪੈਦਾ ਹੇ ਜਾਂਦੇ ਹਨ ਅਤੇ ਇਸ ਤੋਂ ਵੀ ਵੱਡੀ ਗੱਲ ਕਿਸਾਨਾਂ ਨੇ ਦੱਸਿਆ ਕਿ ਰਜਵਾਹਿਆਂ ਦੀ ਸਮੇਂ ਸਿਰ ਵਿਭਾਗ ਸਫਾਈ ਨਹੀਂ ਕਰਦਾ ਅਤੇ ਘਾਹ ਫੂਸ ਦੇ ਨਾਲ ਰਜਵਾਹੇ ਗੰਦਗੀ ਨਾਲ ਭਰ ਜਾਂਦੇ ਹਨ ਅਤੇ ਪਾਣੀ ਦਾ ਦਬਾਅ ਕਿਨਾਰਿਆਂ ਵੱਲ ਵੱਧ ਜਾਂਦਾ ਹੈ ਅਤੇ ਰਜਬਾਹੇ ਟੁੱਟਣ ਦੀ ਨੌਬਤ ਆਉਂਦੀ ਹੈ। ਉਨ੍ਹਾਂ ਕਿਹਾ ਕਿ ਨਹਿਰੀ ਵਿਭਾਗ ਨਾ ਤਾਂ ਸਫਾਈ ਕਰਦੇ ਹਨ ਅਤੇ ਨਾ ਹੀ ਪਾਣੀ ਦੀ ਰਖਵਾਲੀ ਲਈ ਪਹਿਰਾ ਦਿੰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਕਿਸਾਨ ਦੇ ਨੁਕਸਾਨ ਦਾ ਮੁਆਵਜਾ ਦਿੱਤਾ ਜਾਵੇ। 

ਇਸ ਮੌਕੇ ਭਾਕਿਯੂ ਏਕਤਾ ਡਕੌਂਦਾ ਇਕਾਈ ਦੇ ਪ੍ਰਧਾਨ ਜਸਵੰਤ ਸਿੰਘ ਨੇ ਇਕੱਠੇ ਹੋਏ ਕਿਸਾਨਾਂ ਨੇ ਨਹਿਰੀ ਕਰਮਚਾਰੀਆਂ ਦਾ ਘਿਰਾਉ ਕਰਕੇ ਰੋਸ ਪ੍ਰਗਟ ਕਰਦਿਆਂ ਮੰਗ ਕੀਤੀ ਕਿ ਕਿਸਾਨ ਦੀ ਤਬਾਹ ਹੋਈ ਫਸਲ ਦਾ ਮੁਆਵਜ਼ਾ ਦਿੱਤਾ ਜਾਵੇ। ਦੱਸਣਯੋਗ ਹੈ ਕਿ ਇਸ ਰਜਵਾਹੇ ’ਚ ਪਹਿਲਾਂ ਵੀ 3 ਵਾਰ ਪਾੜ ਪੈਣ ਕਾਰਨ ਕਿਸਾਨਾਂ ਦੀ ਫਸਲ ਤਬਾਹ ਹੋ ਚੁੱਕੀ ਹੈ ਪਰ ਵਿਭਾਗ ਫ਼ਿਰ ਵੀ ਚੁੱਪ ਧਾਰੀ ਬੈਠਾ ਹੈ। ਇਸ ਮੌਕੇ 5 ਘੰਟਿਆਂ ਬਾਅਦ ਪੁੱਜੇ ਜੇ.ਈ. ਜਸਕਰਨ ਸਿੰਘ ਕਿਹਾ ਕਿ ਵਿਭਾਗ ਸਮੇਂ ਸਿਰ ਸਫਾਈ ਕਰਦਾ ਹੈ ਅਤੇ ਕਿਸੇ ਕਿਸਮ ਦੀ ਲਾਪ੍ਰਵਾਹੀ ਨਹੀਂ ਕੀਤੀ ਜਾਂਦੀ,ਉਨ੍ਹਾਂ ਕਿਹਾ ਕਿ ਨੁਕਸਾਨ ਅਤੇ ਲਾਪ੍ਰਵਾਹੀ ਵਰਤਣ ਵਾਲੇ ਕਰਮਚਾਰੀਆਂ ਖਿਲਾਫ ਉੱਚ-ਅਧਿਕਾਰੀਆਂ ਨੂੰ ਲਿਖਤੀ ਰਿਪੋਰਟ ਕਰ ਦਿੱਤੀ ਜਾਵੇਗੀ।


Shyna

Content Editor Shyna