ਪੰਜਾਬ ’ਚ 27 ਸਾਲਾਂ ਬਾਅਦ ਕਹਿਰ ਬਣ ਕੇ ਵਰ੍ਹਿਆ ਮੀਂਹ! ਤਬਾਹ ਹੋਏ ਕਈ ਪਿੰਡ, ਹੜ੍ਹਾਂ ਕਾਰਨ ਭਿਆਨਕ ਸਥਿਤੀ

Friday, Sep 05, 2025 - 07:55 AM (IST)

ਪੰਜਾਬ ’ਚ 27 ਸਾਲਾਂ ਬਾਅਦ ਕਹਿਰ ਬਣ ਕੇ ਵਰ੍ਹਿਆ ਮੀਂਹ! ਤਬਾਹ ਹੋਏ ਕਈ ਪਿੰਡ, ਹੜ੍ਹਾਂ ਕਾਰਨ ਭਿਆਨਕ ਸਥਿਤੀ

ਜਲੰਧਰ (ਇੰਟ.) - 1998 ਤੋਂ ਬਾਅਦ ਇਸ ਸਾਲ ਪੰਜਾਬ ਵਿਚ ਮੀਂਹ ਅਤੇ ਹੜ੍ਹਾਂ ਕਾਰਨ ਭਿਆਨਕ ਸਥਿਤੀ ਪੈਦਾ ਹੋ ਗਈ ਹੈ। ਪਠਾਨਕੋਟ, ਗੁਰਦਾਸਪੁਰ, ਫਾਜ਼ਿਲਕਾ, ਕਪੂਰਥਲਾ, ਤਰਨਤਾਰਨ, ਫਿਰੋਜ਼ਪੁਰ, ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਪੰਜਾਬ ਵਿਚ ਅਗਸਤ ’ਚ 27 ਸਾਲਾਂ ’ਚ ਸਭ ਤੋਂ ਵੱਧ ਮੀਂਹ ਪਿਆ ਹੈ। ਅਗਸਤ ’ਚ 253.7 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜੋ ਕਿ ਲੰਬੇ ਸਮੇਂ ਦੇ ਆਮ 146.2 ਮਿਲੀਮੀਟਰ ਨਾਲੋਂ 74 ਫ਼ੀਸਦੀ ਵੱਧ ਹੈ।

ਦੱਸਿਆ ਜਾ ਰਿਹਾ ਹੈ ਕਿ 1988 ਵਿਚ ਸਿਰਫ਼ ਚਾਰ ਦਿਨਾਂ ’ਚ ਮਤਲਬ 22-26 ਸਤੰਬਰ ਨੂੰ ਭਾਖੜਾ ਨੇੜਲੇ ਇਲਾਕੇ ’ਚ 634 ਮਿਲੀਮੀਟਰ ਮੀਂਹ ਪਿਆ। ਡੈਮਾਂ ’ਚੋਂ ਛੱਡੇ ਗਏ ਪਾਣੀ ਕਾਰਨ ਦਰਿਆਵਾਂ ਦੇ ਬੰਨ੍ਹ ਟੁੱਟ ਗਏ। ਇਸ ਸਮੇਂ ਦੌਰਾਨ ਕੁੱਲ 12,989 ਪਿੰਡਾਂ ’ਚੋਂ ਲੱਗਭਗ 9,000 ਹੜ੍ਹਾਂ ਦੀ ਲਪੇਟ ’ਚ ਆ ਗਏ ਅਤੇ 2,500 ਤੋਂ ਵੱਧ ਪਿੰਡ ਪੂਰੀ ਤਰ੍ਹਾਂ ਡੁੱਬ ਗਏ ਜਾਂ ਰੁੜ੍ਹ ਗਏ। 34 ਲੱਖ ਲੋਕ ਇਸ ਤੋਂ ਪ੍ਰਭਾਵਿਤ ਹੋਏ, ਲੱਗਭਗ 1,500 ਲੋਕਾਂ ਦੀ ਮੌਤ ਹੋ ਗਈ ਅਤੇ 500 ਲਾਪਤਾ ਹੋ ਗਏ। ਸੂਬੇ ਵਿਚ ਹਾਲ ਹੀ ’ਚ ਆਏ ਹੜ੍ਹਾਂ ਨਾਲ ਨਜਿੱਠਣ ਲਈ ਜਿੱਥੇ ਅਮੀਰ ਲੋਕ ਅਤੇ ਪ੍ਰਵਾਸੀ ਭਾਰਤੀ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਹਨ, ਉੱਥੇ ਹੀ ਦੂਜੇ ਪਾਸੇ ਸਰਕਾਰ ਨੇ ਕੇਂਦਰ ਕੋਲੋਂ ਆਪਣੇ ਹਿੱਸੇ ਦੇ ਬਕਾਇਆ ਫੰਡਾਂ ਦੇ ਨਾਲ-ਨਾਲ ਨੁਕਸਾਨ ਦੀ ਪੂਰਤੀ ਲਈ ਆਰਥਿਕ ਮਦਦ ਦੀ ਵੀ ਅਪੀਲ ਕੀਤੀ ਹੈ।

ਮੁਰੰਮਤ ਕਾਰਜਾਂ ਲਈ ਬਚਿਆ ਸੀ ਘੱਟ ਸਮਾਂ
ਭਾਰਤੀ ਮੌਸਮ ਵਿਭਾਗ (ਆਈ. ਐੱਮ. ਡੀ. ) ਪੁਣੇ ਦੁਆਰਾ ਛਾਪੀ ਗਈ ਇਕ ਰਿਪੋਰਟ ਅਨੁਸਾਰ 1988 ਵਿਚ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਤੇ ਅਸਾਮ, ਅਰੁਣਾਚਲ ਪ੍ਰਦੇਸ਼ ਅਤੇ ਬਿਹਾਰ ਆਦਿ ’ਚ ਆਏ ਹੜ੍ਹ ਉਸ ਸਾਲ ਦੀਆਂ 4 ਸਭ ਤੋਂ ਵਿਨਾਸ਼ਕਾਰੀ ਮੌਸਮੀ ਘਟਨਾਵਾਂ ’ਚੋਂ ਇਕ ਸਨ। ਇਸ ਤੋਂ ਇਲਾਵਾ ਪੱਛਮੀ ਬੰਗਾਲ ’ਚ ਇਕ ਚੱਕਰਵਾਤੀ ਤੂਫਾਨ ਆਇਆ, ਮੱਧ ਪ੍ਰਦੇਸ਼ ਅਤੇ ਰਾਜਸਥਾਨ ’ਚ ਭਿਆਨਕ ਗਰਮੀ ਪਈ ਅਤੇ ਜੰਮੂ ਅਤੇ ਕਸ਼ਮੀਰ ’ਚ ਭਾਰੀ ਬਰਫ਼ਬਾਰੀ ਵੀ ਹੋਈ। 22 ਜੂਨ ਨੂੰ ਦੱਖਣ-ਪੱਛਮੀ ਮਾਨਸੂਨ ਸੂਬੇ ਵਿਚ ਆਇਆ। ਸਰਕਾਰ ਨੇ 23 ਜ਼ਿਲ੍ਹਿਆਂ ’ਚ 2,800 ਕਿਲੋਮੀਟਰ ’ਚ ਬੰਨ੍ਹਾਂ ਦੀ ਮੁਰੰਮਤ ਅਤੇ ਨਾਲਿਆਂ ਦੀ ਸਫਾਈ ਲਈ 117 ਕਰੋੜ ਰੁਪਏ ਜਾਰੀ ਕੀਤੇ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਆਫ਼ਤ ਤੋਂ ਪਹਿਲਾਂ ਬਚਾਅ ਕਾਰਜ ਕਰਨ ਲਈ 30 ਜੂਨ ਦੀ ਮਿਆਦ ਬਹੁਤ ਘੱਟ ਸੀ।

1901 ਤੋਂ ਬਾਅਦ 13ਵਾਂ ਸਭ ਤੋਂ ਵੱਧ ਮੀਂਹ
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੰਜਾਬ ਸਣੇ ਉੱਤਰ-ਪੱਛਮੀ ਭਾਰਤ ’ਚ ਅਗਸਤ ’ਚ 265 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜੋ ਕਿ 2001 ਤੋਂ ਬਾਅਦ ਇਸ ਇਲਾਕੇ ’ਚ ਸਭ ਤੋਂ ਵੱਧ ਹੈ ਅਤੇ 1901 ਤੋਂ ਬਾਅਦ 13ਵਾਂ ਸਭ ਤੋਂ ਵੱਧ ਹੈ। ਪੰਜਾਬ ’ਚ 1 ਜੂਨ ਤੋਂ 30 ਅਗਸਤ ਦੇ ਵਿਚਕਾਰ 443 ਮਿਲੀਮੀਟਰ ਮੀਂਹ ਪਿਆ, ਜੋ ਕਿ ਪੂਰੇ ਮਾਨਸੂਨ ਸੀਜ਼ਨ ਦੀ ਔਸਤ ਨਾਲੋਂ ਪਹਿਲਾਂ ਹੀ ਵੱਧ ਹੈ। ਸਭ ਤੋਂ ਵੱਧ ਮੌਤਾਂ ਪਠਾਨਕੋਟ ’ਚ ਹੋਈਆਂ ਹਨ। ਜਿਨ੍ਹਾਂ ਹੋਰ ਜ਼ਿਲ੍ਹਿਆਂ ਵਿੱਚ ਮੌਤਾਂ ਹੋਈਆਂ ਹਨ, ਉਨ੍ਹਾਂ ’ਚ ਅੰਮ੍ਰਿਤਸਰ, ਬਰਨਾਲਾ, ਹੁਸ਼ਿਆਰਪੁਰ, ਲੁਧਿਆਣਾ, ਮਾਨਸਾ, ਰੂਪਨਗਰ, ਬਠਿੰਡਾ, ਗੁਰਦਾਸਪੁਰ, ਪਟਿਆਲਾ, ਮੋਹਾਲੀ ਅਤੇ ਸੰਗਰੂਰ ਸ਼ਾਮਲ ਹਨ। 1 ਅਗਸਤ ਤੋਂ ਸ਼ੁਰੂ ਹੋਣ ਵਾਲੇ ਇਕ ਮਹੀਨੇ ਦੀ ਮਿਆਦ ’ਚ ਘੱਟੋ-ਘੱਟ 12 ਜ਼ਿਲ੍ਹਿਆਂ ’ਚ ਲੱਗਭਗ 2.56 ਲੱਖ ਲੋਕ ਪ੍ਰਭਾਵਿਤ ਹੋਏ ਹਨ। ਇਕੱਲੇ ਫਿਰੋਜ਼ਪੁਰ ਵਿਚ 107 ਪਿੰਡਾਂ ’ਚ ਲੱਗਭਗ 45,000 ਲੋਕ ਪ੍ਰਭਾਵਿਤ ਹੋਏ ਹਨ।

ਦਰਿਆਵਾਂ ਅਤੇ ਨਹਿਰਾਂ ਦਾ ਕਹਿਰ
ਹਿਮਾਚਲ ਪ੍ਰਦੇਸ਼ ’ਚ ਪਏ ਮੀਂਹ ਕਾਰਨ ਸਤਲੁਜ, ਬਿਆਸ ਅਤੇ ਰਾਵੀ ’ਚ ਹੜ੍ਹ ਆ ਗਏ। ਇਨ੍ਹਾਂ ਦਰਿਆਵਾਂ ਦੇ ਬੰਨ੍ਹ ਟੁੱਟ ਗਏ ਅਤੇ ਨੇੜਲੇ ਪਿੰਡਾਂ ਅਤੇ ਖੇਤਾਂ ’ਚ ਪਾਣੀ ਭਰ ਗਿਆ। ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀ. ਬੀ. ਐੱਮ. ਬੀ.) ਨੂੰ ਭਾਖੜਾ ਅਤੇ ਪੌਂਗ ਡੈਮਾਂ ’ਚੋਂ ਪਾਣੀ ਛੱਡਣਾ ਪਿਆ, ਜਿਸ ਕਾਰਨ ਹੇਠਲੇ ਇਲਾਕਿਆਂ ’ਚ ਪਾਣੀ ਭਰ ਗਿਆ। ਕਮਜ਼ੋਰ ਹੋ ਰਿਹਾ ਬੁਨਿਆਦੀ ਢਾਂਚਾ : ਰੋਪੜ ਯਾਨੀ ਰੂਪਨਗਰ ਵਿੱਚ ਕਈ ਥਾਵਾਂ ’ਤੇ ਸਿੰਚਾਈ ਨਹਿਰਾਂ ਅਤੇ ਬੰਨ੍ਹਾਂ ’ਚ ਵੱਡੇ ਪਾੜ ਪੈ ਗਏ। ਨਹਿਰਾਂ ਟੁੱਟਣ ਕਾਰਨ ਇਲਾਕੇ ਦੇ 50 ਤੋਂ ਵੱਧ ਪਿੰਡਾਂ ਲਈ ਖ਼ਤਰਾ ਪੈਦਾ ਹੋ ਗਿਆ। ਕੁਝ ਇਲਾਕਿਆਂ ਵਿੱਚ ਰੇਤ ਦੀਆਂ ਬੋਰੀਆਂ ਅਤੇ ਐਮਰਜੈਂਸੀ ਇੰਜੀਨੀਅਰਿੰਗ ਉਪਾਅ ਬਹੁਤ ਦੇਰ ਨਾਲ ਕੀਤੇ ਗਏ। ਪੁਰਾਣੀਆਂ ਜਾਂ ਮਾੜੇ ਰੱਖ-ਰਖਾਅ ਵਾਲੀਆਂ ਹੜ੍ਹ ਕੰਟਰੋਲ ਪ੍ਰਣਾਲੀਆਂ ਦਬਾਅ ਹੇਠ ਅਸਫਲ ਹੋ ਗਈਆਂ, ਜਿਸ ਕਾਰਨ ਹੜ੍ਹਾਂ ’ਚ ਤੇਜ਼ੀ ਨਾਲ ਵਾਧਾ ਹੋਇਆ।

ਸ਼ਹਿਰੀਕਰਨ ਅਤੇ ਡ੍ਰੇਨੇਜ ਸਿਸਟਮ : ਪੰਜਾਬ ਦੇ ਕਸਬਿਆਂ ਅਤੇ ਸ਼ਹਿਰਾਂ ਵਿੱਚ ਤੇਜ਼ੀ ਨਾਲ ਸ਼ਹਿਰੀ ਵਿਸਥਾਰ ਨੇ ਕੁਦਰਤੀ ਪਾਣੀ ਸੋਖਣ ਵਾਲੇ ਇਲਾਕਿਆਂ ਨੂੰ ਘਟਾ ਦਿੱਤਾ ਹੈ, ਜਿਸ ਨਾਲ ਡ੍ਰੇਨੇਜ ਪ੍ਰਣਾਲੀਆਂ ’ਚ ਵੀ ਵਿਘਨ ਪਿਆ ਹੈ। ਸ਼ਹਿਰੀ ਇਲਾਕਿਆਂ ’ਚ ਖਰਾਬ ਰੱਖ-ਰਖਾਅ ਜਾਂ ਪਾਣੀ ਦੇ ਨਿਕਾਸੀ ਨਾਲਿਆਂ ਅਤੇ ਸੀਵਰੇਜ ਪ੍ਰਣਾਲੀਆਂ ਦੇ ਕਾਰਨ ਮੀਂਹ ਰੁਕਣ ਤੋਂ ਬਾਅਦ ਵੀ ਪਾਣੀ ਭਰ ਗਿਆ ਅਤੇ ਨਿਕਾਸੀ ’ਚ ਦੇਰੀ ਹੋਈ। ਲੁਧਿਆਣਾ ਅਤੇ ਅੰਮ੍ਰਿਤਸਰ ਵਰਗੇ ਸ਼ਹਿਰਾਂ ’ਚ ਗੰਭੀਰ ਸਥਿਤੀ ਦੇਖਣ ਨੂੰ ਮਿਲੀ।

ਜਲਵਾਯੂ ਪਰਿਵਰਤਨ : ਮੌਸਮ ਵਿਗਿਆਨੀ ਅਤੇ ਵਾਤਾਵਰਣ ਮਾਹਿਰ ਮੀਂਹ ਦੀ ਵਧਦੀ ਤੀਬਰਤਾ ਲਈ ਜਲਵਾਯੂ ਪਰਿਵਰਤਨ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ। ਗਰਮ ਹਵਾ ’ਚ ਜ਼ਿਆਦਾ ਨਮੀ ਮੋਹਲੇਧਾਰ ਮੀਂਹ ਦਾ ਕਾਰਨ ਬਣਦੀ ਹੈ ਅਤੇ ਮਾਨਸੂਨ ਦਾ ਕਹਿਰ ਘੱਟ ਸਮੇਂ ਤੱਕ ਪਰ ਵਧੇਰੇ ਤੀਬਰ ਹੁੰਦਾ ਹੈ।

1400 ਤੋਂ ਵੱਧ ਪਿੰਡ ਡੁੱਬ ਗਏ
ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ’ਚ ਮੋਹਲੇਧਾਰ ਮੀਂਹ ਕਾਰਨ ਸਤਲੁਜ, ਬਿਆਸ ਅਤੇ ਰਾਵੀ ਦਰਿਆ ਅਤੇ ਮੌਸਮੀ ਛੋਟੀਆਂ ਨਦੀਆਂ ਤਬਾਹੀ ਮਚਾ ਰਹੀਆਂ ਹਨ। ਹੜ੍ਹਾਂ ਕਾਰਨ 1400 ਤੋਂ ਵੱਧ ਪਿੰਡ ਡੁੱਬ ਗਏ ਹਨ ਅਤੇ 4 ਲੱਖ ਏਕੜ ਤੋਂ ਵੱਧ ਇਲਾਕੇ ’ਚ ਝੋਨਾ ਅਤੇ ਹੋਰ ਫ਼ਸਲਾਂ ਹੜ੍ਹਾਂ ਕਾਰਨ ਤਬਾਹ ਹੋ ਗਈਆਂ ਹਨ।

ਇਨ੍ਹਾਂ ਜ਼ਿਲਿਆਂ ’ਚ ਮੀਂਹ ਆਮ ਨਾਲੋਂ ਵੱਧ
ਪਠਾਨਕੋਟ : 944.2 ਮਿਲੀਮੀਟਰ, 152%
ਗੁਰਦਾਸਪੁਰ : 577.5 ਮਿਲੀਮੀਟਰ, 181%
ਹੁਸ਼ਿਆਰਪੁਰ : 360.6 ਮਿਲੀਮੀਟਰ 74%
ਅੰਮ੍ਰਿਤਸਰ : 226.8 ਮਿਲੀਮੀਟਰ 40%
ਫਿਰੋਜ਼ਪੁਰ : 170.6 ਮਿਲੀਮੀਟਰ, 129%
ਫਾਜ਼ਿਲਕਾ : 146.8 ਮਿਲੀਮੀਟਰ, 115%
ਤਰਨਤਾਰਨ : 208 ਮਿਲੀਮੀਟਰ, 139%
ਸਰੋਤ : ਇਲੈਕਟ੍ਰਾਨਿਕ ਮੀਡੀਆ

ਕਿਵੇਂ ਚੱਲ ਰਹੇ ਹਨ ਬਚਾਅ ਕਾਰਜ
ਸੂਬੇ ’ਚ ਐੱਨ. ਡੀ. ਆਰ. ਐੱਫ., ਐੱਸ. ਡੀ. ਆਰ. ਐੱਫ., ਫੌਜ, ਬੀ. ਐੱਸ. ਐੱਫ., ਪੰਜਾਬ ਪੁਲਸ ਅਤੇ ਸਥਾਨਕ ਅਧਿਕਾਰੀਆਂ ਦੀ ਤਾਲਮੇਲ ਵਾਲੀ ਟੀਮ ਦੁਆਰਾ ਬਚਾਅ ਕਾਰਜ ਚਲਾਏ ਜਾ ਰਹੇ ਹਨ। ਹੁਣ ਤੱਕ 15,000 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ ਹੈ। 77 ਹਜ਼ਾਰ ਤੋਂ ਵੱਧ ਲੋਕਾਂ ਨੇ ਰਾਹਤ ਕੈਂਪਾਂ ’ਚ ਪਨਾਹ ਲਈ ਹੈ। ਫਿਰੋਜ਼ਪੁਰ ਦੇ 8 ਕੈਂਪਾਂ ’ਚ 3,300 ਤੋਂ ਵੱਧ ਲੋਕ ਰਹਿ ਰਹੇ ਹਨ। ਸੂਬਾ ਸਰਕਾਰ ਨੇ ਮੁਆਵਜ਼ੇ ’ਚ ਤੇਜ਼ੀ ਲਿਆਉਣ ਲਈ ਇਕ ਵਿਸ਼ੇਸ਼ ਗਿਰਦਾਵਰੀ (ਨੁਕਸਾਨ ਦਾ ਮੁਲਾਂਕਣ) ਕਰਵਾਈ ਹੈ ਅਤੇ ਇਨ੍ਹਾਂ ਅੰਕੜਿਆਂ ਦੇ ਆਧਾਰ ’ਤੇ ਪੂਰਾ ਮੁਆਵਜ਼ਾ ਦੇਣ ਦਾ ਵਾਅਦਾ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਬਕਾਇਆ ਕੇਂਦਰੀ ਫੰਡਾਂ ’ਚੋਂ 60,000 ਕਰੋੜ ਰੁਪਏ ਜਾਰੀ ਕਰਨ ਅਤੇ ਮੁਆਵਜ਼ੇ ਦੀ ਰਕਮ 6,800 ਰੁਪਏ ਤੋਂ ਵਧਾ ਕੇ 50,000 ਰੁਪਏ ਪ੍ਰਤੀ ਏਕੜ ਕਰਨ ਦੀ ਬੇਨਤੀ ਕੀਤੀ ਹੈ। ਰੋਪੜ (ਰੂਪਨਗਰ) ਵਿਚ ਵੱਡੀਆਂ ਨਹਿਰਾਂ ਦੇ ਚੈਨਲ ਟੁੱਟ ਗਏ ਹਨ, ਜਿਸ ਕਾਰਨ 50 ਤੋਂ ਵੱਧ ਪਿੰਡਾਂ ਲਈ ਖ਼ਤਰਾ ਪੈਦਾ ਹੋ ਗਿਆ ਹੈ। ਐੱਨ. ਡੀ. ਆਰ. ਐੱਫ. ਅਤੇ ਬੀ. ਬੀ. ਐੱਮ. ਬੀ. ਦੀ ਮਦਦ ਨਾਲ ਤੁਰੰਤ ਮੁਰੰਮਤ ਦਾ ਕੰਮ ਚੱਲ ਰਿਹਾ ਹੈ।

ਪੰਜਾਬ ’ਚ ਆਏ ਹੜ੍ਹਾਂ ਦੇ ਕੀ ਹਨ ਮੁੱਖ ਕਾਰਨ
2025 ਵਿਚ ਪੰਜਾਬ ’ਚ ਹੜ੍ਹ ਕੁਦਰਤੀ ਅਤੇ ਮਨੁੱਖ ਵੱਲੋਂ ਕੀਤੀਆਂ ਗਈਆਂ ਕਈ ਗਲਤੀਆਂ ਕਾਰਨ ਆਏ ਸਨ, ਜਿਨ੍ਹਾਂ ਵਿਚ ਰਿਕਾਰਡ ਤੋੜ ਮੀਂਹ, ਕਈ ਇਲਾਕਿਆਂ ’ਚ ਦਰਿਆਵਾਂ ਦਾ ਪਾਣੀ ਭਰਨਾ, ਮਾੜੀ ਨਿਕਾਸੀ ਅਤੇ ਬੁਨਿਆਦੀ ਢਾਂਚੇ ਦੀ ਅਸਫਲਤਾ ਸ਼ਾਮਲ ਹੈ।

ਅਸਾਧਾਰਨ ਮਾਨਸੂਨੀ ਮੀਂਹ : ਅਗਸਤ 2025 ਦੇ ਅਖੀਰ ਵਿਚ ਪੰਜਾਬ ’ਚ ਅਸਾਧਾਰਨ ਤੌਰ ’ਤੇ ਮੋਹਲੇਧਾਰ ਮੀਂਹ ਪਿਆ। ਮੀਂਹ ਦਾ ਪੱਧਰ ਔਸਤ ਨਾਲੋਂ ਕਿਤੇ ਵੱਧ ਸੀ, ਕੁਝ ਜ਼ਿਲਿਆਂ ’ਚ ਕੁਝ ਦਿਨਾਂ ’ਚ ਕਈ ਸੌ ਮਿਲੀਮੀਟਰ ਮੀਂਹ ਪਿਆ। ਇਸ ਮੀਂਹ ਨੇ ਕੁਦਰਤੀ ਅਤੇ ਨਕਲੀ ਜਲ-ਭੰਡਾਰ ਪ੍ਰਣਾਲੀਆਂ (ਨਦੀਆਂ, ਨਹਿਰਾਂ, ਜਲ ਭੰਡਾਰ ਆਦਿ) ਨੂੰ ਪ੍ਰਭਾਵਿਤ ਕੀਤਾ।

ਉਦਾਹਰਣ : ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਲਗਾਤਾਰ ਮੋਹਲੇਧਾਰ ਮੀਂਹ ਪਿਆ, ਜਿਸ ਕਾਰਨ ਅਚਾਨਕ ਹੜ੍ਹ ਆਏ ਅਤੇ ਦਰਿਆਵਾਂ ਦੇ ਬੰਨ੍ਹਾਂ ’ਚ ਪਾੜ ਪੈ ਗਏ।

ਕੀ ਕਹਿੰਦੇ ਹਨ ਪੰਜਾਬ ਦੇ ਜਲ ਸਰੋਤ ਮੰਤਰੀ
ਸਿੰਚਾਈ ਵਿਭਾਗ ਦੇ ਇਕ ਇੰਜੀਨੀਅਰ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਹੜ੍ਹਾਂ ਲਈ ਦਰਿਆਵਾਂ ਦੇ ਵਹਾਅ ’ਚ ਬਦਲਾਅ ਨੂੰ ਜ਼ਿੰਮੇਵਾਰ ਠਹਿਰਾਇਆ। ਭਾਵੇਂ 2,000 ਕਰੋੜ ਰੁਪਏ ਵੀ ਦਿੱਤੇ ਜਾਣ ਪਰ ਇਹ ਧੁੱਸੀ ਬੰਨ੍ਹਾਂ ਲਈ ਕਾਫ਼ੀ ਨਹੀਂ ਹੋਣਗੇ। ਦਰਿਆ ਚੜ੍ਹੇ ਹੋਏ ਹਨ, ਉਹ ਆਪਣਾ ਰਸਤਾ ਬਦਲਦੇ ਰਹਿੰਦੇ ਹਨ, ਫਿਰ ਹੋਰ ਚੁਣੌਤੀਆਂ ਵੀ ਹਨ। ਇਕ ਰਿਪੋਰਟ ਵਿਚ ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਉਨ੍ਹਾਂ ਨੇ 117 ਕਰੋੜ ਰੁਪਏ ਜਾਰੀ ਕੀਤੇ ਅਤੇ ਆਫ਼ਤ ਤੋਂ ਪਹਿਲਾਂ ਮੁਰੰਮਤ ਦਾ ਕੰਮ ਪੂਰਾ ਹੋ ਗਿਆ ਹੈ। ਮੀਂਹ ਬਹੁਤ ਜ਼ਿਆਦਾ ਸੀ। ਮੀਟਿੰਗ ਸਮੇਂ ਸਿਰ ਹੋਈ, ਜਦਕਿ ਅਗਸਤ ’ਚ ਹੜ੍ਹ ਆਇਆ। ਉਨ੍ਹਾਂ ਕਿਹਾ ਕਿ ਧੁੱਸੀ ਬੰਨ੍ਹਾਂ ’ਚ ਕੋਈ ਪਾੜ ਨਹੀਂ ਪਿਆ, ਉਹ ਜ਼ਿਆਦਾ ਪਾਣੀ ਕਾਰਨ ਓਵਰਫਲੋ ਹੋ ਗਏ। ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਮਾਧੋਪੁਰ ਬੰਨ੍ਹ ’ਤੇ ਹੋਏ ਨੁਕਸਾਨ ਲੀ ਅਸੀਂ ਕੰਪਨੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।


author

rajwinder kaur

Content Editor

Related News