ਕੇਂਦਰ ਸਰਕਾਰ ਪੰਜਾਬ ਨਾਲ ਹਰ ਕਦਮ ''ਤੇ ਖੜ੍ਹੀ : ਪਰਮਪਾਲ ਸਿੱਧੂ
Wednesday, Sep 10, 2025 - 03:57 PM (IST)

ਮਾਨਸਾ (ਮਿੱਤਲ) : ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਸੀ। ਦੌਰਾ ਕਰਨ ਉਪਰੰਤ ਉਨ੍ਹਾਂ ਵੱਲੋਂ ਹੜ੍ਹ ਪੀੜਤ ਪੰਜਾਬ ਲਈ ਸੂਬੇ ਕੋਲ ਪਹਿਲਾਂ ਤੋਂ ਪਏ ਕੇਂਦਰੀ ਮਦਦ ਦੇ 12000 ਕਰੋੜ ਸਣੇ 1600 ਕਰੋੜ ਦੀ ਸਹਾਇਤਾ, ਮ੍ਰਿਤਕਾਂ ਲਈ 2 ਲੱਖ, ਜ਼ਖ਼ਮੀਆਂ ਲਈ 50 ਹਜ਼ਾਰ ਅਤੇ ਅਨਾਥ ਬੱਚਿਆਂ ਲਈ ਪੀ.ਐੱਮ ਕੇਅਰਸ ਹੇਠ ਪੂਰੀ ਸਹਾਇਤਾ ਦਾ ਐਲਾਨ ਕੀਤਾ ਗਿਆ। ਦੌਰੇ ਦੌਰਾਨ ਭਾਜਪਾ ਦੇ ਸੂਬਾਈ ਆਗੂ ਅਤੇ ਲੋਕ ਸਭਾ ਹਲਕਾ ਬਠਿੰਡਾ ਤੋਂ ਭਾਜਪਾ ਦੇ ਇੰਚਾਰਜ ਪਰਮਪਾਲ ਕੌਰ ਸਿੱਧੂ ਵੱਲੋਂ ਉਨ੍ਹਾਂ ਨਾਲ ਮੁਲਾਕਾਤ ਕੀਤੀ ਗਈ ਸੀ। ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਲੋਕ ਸਭਾ ਹਲਕਾ ਬਠਿੰਡਾ ਤੋਂ ਭਾਜਪਾ ਦੇ ਇੰਚਾਰਜ ਪਰਮਪਾਲ ਕੌਰ ਸਿੱਧੂ ਨੇ ਕਿਹਾ ਕਿ ਟਿਊਬਵੈਲਾਂ ਨੂੰ ਸੋਲਰ ਪੰਪਾਂ ਵਿਚ ਬਦਲਣ, ਮਕਾਨਾਂ ਨੂੰ ਪੀ.ਐੱਮ ਆਵਾਸ ਯੋਜਨਾ ਵਿਚ ਬਣਾਉਣ, ਸਕੂਲਾਂ ਨੂੰ ਸਮੱਗਰ ਸਿੱਖਿਆ ਅਭਿਆਨ ਵਿਚ ਠੀਕ ਕਰਨ ਅਤੇ ਨੈਸ਼ਨਲ ਹਾਈਵੇ ਚਾਲੂ ਕਰਨ ਲਈ ਮਦਦ ਦਾ ਐਲਾਨ ਕੀਤਾ ਹੈ ਅਤੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ ਕਿਸ਼ਤ ਵੀ ਐਡਵਾਂਸ ਜਾਰੀ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਕੇਂਦਰੀ ਟੀਮਾਂ ਵੱਲੋਂ ਵੀ ਆਪਣੀ ਰਿਪੋਰਟ ਦਿੱਤੀ ਜਾ ਰਹੀ ਹੈ ਜਿਸ ਦੇ ਆਧਾਰ 'ਤੇ ਹੋਰ ਸਹਾਇਤਾ ਵੀ ਭਾਰਤ ਸਰਕਾਰ ਵੱਲੋਂ ਪੰਜਾਬ ਦੀ ਕੀਤੀ ਜਾਵੇਗੀ। ਪੰਜਾਬ ਵਾਸੀਆਂ ਦੀ ਇਸ ਮੁਸ਼ਕਲ ਘੜੀ ਵਿਚ ਮਦਦ ਲਈ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦਿਲੋਂ ਧੰਨਵਾਦ ਕਰਦੀ ਹਾਂ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਇਹ ਸਿਰਫ਼ ਸ਼ੁਰੂਆਤੀ ਸਹਾਇਤਾ ਹੈ। ਅਗਲੇ ਦਿਨਾਂ ਵਿਚ ਹੋਰ ਵਿੱਤੀ ਸਹਾਇਤਾ, ਰਾਹਤ ਪੈਕੇਜ ਅਤੇ ਵਿਕਾਸ ਯੋਜਨਾਵਾਂ ਜਾਰੀ ਕੀਤੀਆਂ ਜਾਣਗੀਆਂ। ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਜ਼ਿੰਦਗੀ ਨੂੰ ਮੁੜ ਲੀਹ 'ਤੇ ਲਿਆਉਣ ਲਈ, ਕੇਂਦਰ ਸਰਕਾਰ ਪੰਜਾਬ ਨਾਲ ਹਰ ਕਦਮ ‘ਤੇ ਖੜ੍ਹੀ ਹੈ।