ਗੁਰਦੁਆਰਾ ਮੈਨੇਜਰ ਦੀ ਭੇਦਭਰੇ ਹਾਲਾਤ 'ਚ ਮੌਤ, ਪੁਲਸ ਨੇ ਕੁਝ ਹੀ ਘੰਟਿਆਂ 'ਚ ਦੋਸ਼ੀਆਂ ਨੂੰ ਕੀਤਾ ਕਾਬੂ
Saturday, May 07, 2022 - 10:31 PM (IST)
 
            
            ਜ਼ੀਰਕਪੁਰ (ਮੇਸ਼ੀ)-ਜ਼ੀਰਕਪੁਰ ਪੁਲਸ ਨੇ ਗੁਰਦੁਆਰਾ ਸ੍ਰੀ ਨਾਭਾ ਸਾਹਿਬ ਵਿਖੇ ਮੈਨੇਜਰ ਦੀ ਭੇਤਭਰੇ ਹਾਲਾਤ ਵਿਚ ਹੋਈ ਮੌਤ ਦੇ ਮਾਮਲੇ ਵਿਚ ਮੁਲਜ਼ਮਾਂ ਨੂੰ ਕੁਝ ਹੀ ਘੰਟਿਆਂ ਵਿਚ ਕਾਬੂ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਜ਼ੀਰਕਪੁਰ ਦੇ ਮੁਖੀ ਇੰਸ. ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਬੀਤੀ ਰਾਤ ਐੱਮ. ਕੇਅਰ ਹਸਪਤਾਲ ਤੋਂ ਇਤਲਾਹ ਮਿਲੀ ਕਿ ਰਣਜੀਤ ਸਿੰਘ, ਜੋ ਕਿ ਗੁਰਦੁਆਰਾ ਨਾਭਾ ਸਾਹਿਬ ਵਿਖੇ ਮੈਨੇਜਰ ਸੀ, ਇੱਥੇ ਮ੍ਰਿਤਕ ਲਿਆਂਦੇ ਗਏ ਹਨ। ਤੁਰੰਤ ਪੁਲਸ ਟੀਮ ਹਸਪਤਾਲ ਪੁੱਜੀ। ਹਸਪਤਾਲ 'ਚ ਸਮਸ਼ੇਰ ਸਿੰਘ, ਜੋ ਕਿ ਗੁਰਦੁਆਰਾ ਨਾਭਾ ਸਾਹਿਬ ਵਿਖੇ ਸਟੋਰ ਕੀਪਰ ਹੈ, ਨੇ ਬਿਆਨ ਦਰਜ ਕਰਵਾਇਆ ਕਿ ਗੁਰਦੁਆਰਾ ਸਾਹਿਬ ਵਿਖੇ ਪਿਛਲੇ ਦਿਨੀਂ ਸੁਖਵਿੰਦਰਪਾਲ ਸਿੰਘ ਪਟਵਾਰੀ ਅਤੇ ਰਵਿੰਦਰਪਾਲ ਜ਼ਿਲ੍ਹਾ ਮਾਨਸਾ ਨੇ ਸਰਾਂ 'ਚ ਕਮਰਾ ਇਕ-ਦੋ ਦਿਨ ਲਈ ਲਿਆ ਸੀ ਅਤੇ ਬਾਅਦ 'ਚ ਉਕਤ ਕਮਰਾ ਖਾਲੀ ਨਹੀਂ ਕੀਤਾ ਅਤੇ ਆਪਣੇ ਇਕ ਹੋਰ ਸਾਥੀ ਅਵਤਾਰ ਸਿੰਘ ਨਗਲਾ ਦੀ ਮਦਦ ਨਾਲ ਡਰਾ-ਧਮਕਾ ਕੇ ਉਕਤ ਕਮਰੇ 'ਚ ਡੇਢ ਮਹੀਨਾ ਰਹਿੰਦੇ ਰਹੇ।
ਇਹ ਵੀ ਪੜ੍ਹੋ :- ਹਿੰਦੂ ਔਰਤ ਨੂੰ ਅਗਵਾ ਕਰਕੇ ਜ਼ਬਰਦਸਤੀ ਕੀਤਾ ਨਿਕਾਹ
ਮੈਨੇਜਰ ਰਣਜੀਤ ਸਿੰਘ ਵੱਲੋਂ ਕਮਰਾ ਖਾਲੀ ਕਰਵਾ ਲਿਆ ਗਿਆ ਸੀ, ਜਿਸ ਕਾਰਨ ਸੁਖਵਿੰਦਰਪਾਲ ਸਿੰਘ ਅਤੇ ਅਵਤਾਰ ਸਿੰਘ ਨਗਲਾ ਨੇ ਰਣਜੀਤ ਸਿੰਘ ਖਿਲਾਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਿਖੇ ਦਰਖਾਸਤ ਦਿੱਤੀ ਸੀ, ਜਿਸ ਸਬੰਧੀ ਪੜਤਾਲ ਲਈ ਦੋ ਮੈਂਬਰੀ ਟੀਮ 6 ਮਈ ਨੂੰ ਗੁਰਦੁਆਰਾ ਸਾਹਿਬ ਵਿਖੇ ਪੁੱਜੀ ਹੋਈ ਸੀ। ਇਸ ਦੌਰਾਨ ਸੁਖਵਿੰਦਰਪਾਲ ਪਟਵਾਰੀ ਨੇ ਆਪਣੇ ਲੜਕੇ ਰਵਿੰਦਰ ਪਾਲ ਨਾਲ ਗੁਰਦੁਆਰਾ ਸਾਹਿਬ ਵਿਖੇ ਪੁੱਜ ਕੇ ਹੰਗਾਮਾ ਕੀਤਾ ਅਤੇ ਆਪਣੇ ਸਾਥੀ ਅਵਤਾਰ ਸਿੰਘ ਨਗਲਾ ਨੂੰ ਵੀ ਉੱਥੇ ਬੁਲਾ ਲਿਆ, ਜਿਨ੍ਹਾਂ ਨੇ ਮੈਨੇਜਰ ਰਣਜੀਤ ਸਿੰਘ ਨਾਲ ਬਦਸਲੂਕੀ ਕੀਤੀ ਅਤੇ ਉਸ ਨੂੰ ਧੱਕੇ ਮਾਰੇ, ਜਿਸ ਕਾਰਨ ਮੈਨੇਜਰ ਜ਼ਮੀਨ ’ਤੇ ਡਿੱਗ ਗਿਆ ਅਤੇ ਰਣਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ :-PWD ਦੇ SE ਵਰਿੰਦਰ ਕੁਮਾਰ ਖ਼ਿਲਾਫ਼ ਰਿਸ਼ਵਤ ਲੈਣ ਦੇ ਦੋਸ਼ ’ਚ ਕੇਸ ਦਰਜ
ਇਸ ਤੋਂ ਬਾਅਦ ਅਵਤਾਰ ਸਿੰਘ ਨਗਲਾ ਸਾਥੀਆਂ ਸਮੇਤ ਮੌਕੇ ਤੋਂ ਫਰਾਰ ਹੋ ਗਿਆ ਸੀ। ਸਟੋਰ ਕੀਪਰ ਸਮਸ਼ੇਰ ਸਿੰਘ ਦੇ ਬਿਆਨ ’ਤੇ ਜ਼ੀਰਕਪੁਰ ਪੁਲਸ ਨੇ ਮੁਲਜ਼ਮਾਂ ਵਿਰੁੱਧ ਥਾਣਾ ਜ਼ੀਰਕਪੁਰ ਵਿਖੇ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਵੱਖ-ਵੱਖ ਟੀਮਾਂ ਬਣਾ ਕੇ ਮੁਲਜ਼ਮ ਅਵਤਾਰ ਸਿੰਘ ਨਗਲਾ, ਸੁਖਵਿੰਦਰਪਾਲ ਸਿੰਘ ਅਤੇ ਰਵਿੰਦਰ ਪਾਲ ਨੂੰ ਕੁਝ ਹੀ ਘੰਟਿਆ ਵਿਚ ਗ੍ਰਿਫਤਾਰ ਕਰ ਲਿਆ। ਅੱਜ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ :- ਮੈਕਸੀਕੋ : ਕਾਨਕੁਨ ਦੇ ਰਿਜ਼ਾਰਟ 'ਚ ਗੋਲੀਬਾਰੀ, 1 ਦੀ ਮੌਤ ਤੇ 6 ਜ਼ਖਮੀ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            