ਆਡ਼੍ਹਤੀ ’ਤੇ ਮਾਮਲਾ ਦਰਜ ਹੋਣ ’ਤੇ ਅਨਾਜ ਮੰਡੀ ਰਹੀ ਬੰਦ

12/02/2018 6:42:21 AM

ਸ੍ਰੀ ਮੁਕਤਸਰ ਸਾਹਿਬ, (ਦਰਦੀ, ਪਵਨ, ਖੁਰਾਣਾ)- ਬੀਤੇ ਦਿਨੀਂ ਕਿਸਾਨ ਦੀ ਨਰਮੇ ਸਮੇਤ ਟਰੈਕਟਰ-ਟਰਾਲੀ ਕਬਜ਼ੇ ਵਿਚ ਲੈਣ ਕਰ ਕੇ ਪੁਲਸ ਵੱਲੋਂ ਆਡ਼੍ਵਤੀ ਅੰਗਰੇਜ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲੈਣ ਦੇ ਰੋਸ ਵਜੋਂ 2 ਦਿਨਾਂ ਲਈ ਅਨਾਜ ਮੰਡੀ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਸੀ। ਇਸ ਕਾਰਨ ਮੰਡੀ ’ਚ ਆਡ਼੍ਹਤੀਆਂ ਨੇ ਅਪਣਾ ਕਾਰੋਬਾਰ ਮੁਕੰਮਲ ਤੌਰ ’ਤੇ ਬੰਦ ਰੱਖਿਆ ਅਤੇ ਮਾਰਕੀਟ ਕਮੇਟੀ ਦੇ ਦਫਤਰ ਵਿਚ ਇਕੱਠੇ ਹੋ ਕੇ ਆਡ਼੍ਹਤੀਆਂ ਨੇ ਮੰਡੀ ਵਿਚ ਰੋਸ ਮਾਰਚ ਕੱਢਿਆ। 
ਤੇਜਿੰਦਰ ਕੁਮਾਰ ਬਾਂਸਲ ਪ੍ਰਧਾਨ ਕੱਚਾ ਆਡ਼੍ਹਤੀਆ ਐਸੋਸੀਏਸ਼ਨ ਨੇ ਕਿਹਾ ਕਿ ਉਹ ਵਪਾਰੀ ਹਨ ਅਤੇ ਕਿਸੇ ਨਾਲ ਧੱਕਾ ਨਹੀਂ ਕਰਦੇ, ਜਦਕਿ ਪੁਲਸ ਨੇ ਕਿਸਾਨਾਂ ਵੱਲੋਂ ਦਿੱਤੇ ਗਏ ਧਰਨੇ ਤੋਂ ਬਾਅਦ ਬਿਨਾਂ ਕਿਸੇ ਪਡ਼ਤਾਲ ਦੇ ਹੀ ਤੁਰੰਤ ਕੇਸ ਦਰਜ ਕਰ ਲਿਆ ਹੈ। ਆਡ਼੍ਹਤੀਆਂ ਵੱਲੋਂ ਥਾਣਾ ਸਿਟੀ ਅੱਗੇ ਧਰਨਾ ਰੱਖਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਪਰ ਐੱਸ. ਐੱਚ. ਓ. ਅਸ਼ੋਕ ਕੁਮਾਰ ਮਾਰਕੀਟ ਕਮੇਟੀ ਦੇ ਦਫਤਰ ਵਿਚ ਆਡ਼੍ਹਤੀਆਂ ਦੇ ਨੁਮਾਇੰਦੇ ਨਾਲ ਐੱਸ. ਐੱਸ. ਪੀ. ਦਫਤਰ ਪੁੱਜੇ ਅਤੇ ਉਨ੍ਹਾਂ ਨਾਲ ਜ਼ਿਲਾ ਪੁਲਸ ਮੁਖੀ ਨੇ ਇਸ ਮਾਮਲੇ ਸਬੰਧੀ ਵਿਚਾਰਾਂ ਕੀਤੀਆਂ। 
ਇਸ ਸਮੇਂ ਥਾਣਾ ਸਿਟੀ ਦੇ ਮੁਖੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਆਡ਼੍ਹਤੀਆ ਵੱਲੋਂ ਜ਼ਿਲਾ ਪੁਲਸ ਮੁਖੀ ਮਨਜੀਤ ਸਿੰਘ ਢੇਸੀ ਨੂੰ ਇਸ ਮਾਮਲੇ ਸਬੰਧੀ ਪਡ਼ਤਾਲ ਕਰਨ ਲਈ ਮੰਗ-ਪੱਤਰ ਦਿੱਤਾ ਗਿਆ ਹੈ ਅਤੇ ਉਨ੍ਹਾਂ  ਨੇ ਵਿਸ਼ਵਾਸ ਦਿਵਾਇਆ ਹੈ ਕਿ ਇਸ ਬਾਰੇ ਨਿਰਪੱਖ ਜਾਂਚ ਕੀਤੀ ਜਾਵੇਗੀ। 
ਉੱਧਰ, ਆਡ਼੍ਹਤੀ ਆਗੂਆਂ ਅਨੁਸਾਰ ਐਤਵਾਰ ਨੂੰ ਵੀ ਮੰਡੀ ਨੂੰ ਮੁਕੰਮਲ ਬੰਦ ਰੱਖਿਆ ਜਾਵੇਗਾ ਅਤੇ ਕਿਹਾ ਕਿ ਅਗਲੇ ਫੈਸਲੇ ਸਬੰਧੀ ਵਿਚਾਰ ਬਾਅਦ ਵਿਚ ਕੀਤੀ ਜਾਵੇਗੀ। 


Related News