ਕੇਂਦਰ ਵਲੋਂ ਆਏ ਰਾਸ਼ਣ ਨੂੰ ਪੰਜਾਬ ਸਰਕਾਰ ਲੋਕਾਂ ਤਕ ਨਹੀਂ ਪਹੁੰਚਾ ਰਹੀ : ਭਾਜਪਾ

05/14/2020 11:16:04 PM

ਸੰਗਰੂਰ : ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਕਰੀਬ 1.42 ਕਰੋੜ ਲੋਕਾਂ ਨੂੰ ਆਏ ਰਾਸ਼ਨ 'ਚੋਂ ਜ਼ਿਲ੍ਹਾ ਸੰੰਗਰੂਰ ਦੇ 7 ਲੱਖ ਤੋਂ ਜਿਆਦਾ ਲੋਕ ਇਸ ਰਾਸ਼ਨ ਦੀ ਸਹੂਲਤ ਵਿੱਚ ਆਉਂਦੇ ਹਨ, ਲਈ ਪੰਜਾਬ ਸਰਕਾਰ ਨੂੰ ਰਾਸ਼ਨ ਭੇਜਿਆ ਗਿਆ ਸੀ। ਜਿਸਦੇ ਅਧੀਨ ਸੰਗਰੂਰ ਵਿੱਚ ਹਾਲੇ ਤੱਕ ਇੱਕ ਦਾਣਾ ਵੀ ਨਹੀਂ ਵੰਡਿਆ ਗਿਆ। ਇਸ ਨੂੰ ਲੈ ਕੇ ਅੱਜ ਭਾਜਪਾ ਜਿਲਾ ਸੰਗਰੂਰ 1 ਦੇ ਪ੍ਰਧਾਨ ਰਣਦੀਪ ਸਿੰਘ ਦਿਓਲ ਅਤੇ ਸੰਗਰੂਰ—2 ਦੇ ਪ੍ਰਧਾਨ ਰਿਸ਼ੀਪਾਲ ਖੈਰਾ ਵੱਲੋਂ ਜ਼ਿਲਾ ਪ੍ਰਸ਼ਾਸਨ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ।
ਇਸ ਮੌਕੇ ਬੋਲਦਿਆਂ ਜਿਲਾ ਪ੍ਰਧਾਨ ਦਿਓਲ ਅਤੇ ਰਿਸ਼ੀ ਖੈਰਾ ਨੇ ਕਿਹਾ ਕਿ ਕੇਂਦਰ ਵੱਲੋਂ ਭੇਜੇ ਇਸ ਰਾਸ਼ਨ ਵਿੱਚ 15 ਕਿਲੋ ਅਨਾਜ ਅਤੇ 3 ਕਿਲੋ ਦਾਲ ਪ੍ਰਤੀ ਵਿਅਕਤੀ ਦੇਣਾ ਤੈਅ ਹੈ ਪਰ ਕਰੀਬ ਡੇਢ ਮਹੀਨਾ ਬੀਤ ਜਾਣ ਦੇ ਬਾਵਜੂਦ ਸੰਗਰੂਰ ਜਿਲੇ ਵਿੱਚ ਹਾਲੇ ਤੱਕ ਇੱਕ ਦਾਣਾ ਵੀ ਅਨਾਜ ਦਾ ਨਹੀ ਵੰਡਿਆ ਗਿਆ, ਜਿਸ ਕਾਰਨ ਸੰਗਰੂਰ ਜ਼ਿਲੇ ਦੇ ਲੋਕ ਮਾਯੂਸ ਹਨ ਅਤੇ ਆਰਥਿਕ ਮੰਦਹਾਲੀ ਦੀ ਸਥਿਤੀ ਵਿੱਚ ਆ ਗਏ ਹਨ ਅਤੇ ਪਰਵਾਸੀ ਪੰਜਾਬ ਛੱਡ ਕੇ ਆਪਣੇ ਘਰਾਂ ਵੱਲ ਪਲਾਇਨ ਕਰ ਰਹੇ ਹਨ। ਜਿਸ ਕਾਰਨ ਪੰਜਾਬ ਵਿੱਚ ਸਥਿਤੀ ਬਹੁਤ ਗੰਭੀਰ ਹੁੰਦੀ ਜਾ ਰਹੀ ਹੈ ਪਰ ਪੰਜਾਬ ਸਰਕਾਰ ਰਾਸ਼ਨ ਵੰਡਣ ਦੀ ਬਜਾਏ ਸ਼ਰਾਬ ਦੀ ਵੰਡ ਨੂੰ ਲੈ ਕੇ ਆਪਸ ਵਿੱਚ ਮਹਿਨੋ ਮੇਹਣੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਪ੍ਰਸ਼ਾਸ਼ਨ ਮੁਕਦਰਸ਼ਕ ਬਣਕੇ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਇਸ ਮੁੱਦੇ ਤੇ ਕੀਤੀ ਰਾਜਨੀਤੀ ਦਾ ਹਿਸਾ ਬਣ ਰਿਹਾ ਹੈ। ਉਹਨਾਂ ਕਿਹਾ ਕਿ ਅਗਲੇ ਦਿਨਾਂ ਵਿੱਚ ਜੇਕਰ ਇਹ ਸਾਰੇ ਰਾਸ਼ਣ ਦੀ ਵੰਡ ਸ਼ੁਰੂ ਨਹੀਂ ਕੀਤੀ ਜਾਂਦੀ ਤਾਂ ਭਾਜਪਾ ਸੰਗਰੂਰ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿਵਾਉਣ ਲਈ ਵੱਡਾ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਵਿਨੋਦ ਗੁਪਤਾ, ਜ਼ਿਲ੍ਹਾ ਜਨਰਲ ਸਕੱਤਰ ਪ੍ਰਦੀਪ ਗਰਗ, ਨਵਦੀਪ ਸਿੰਘ ਵੀ ਹਾਜ਼ਰ ਸਨ।


Deepak Kumar

Content Editor

Related News