49 ਲੱਖ ਰੁਪਏ ਦੀ ਮਾਰੀ ਠੱਗੀ, ਠੱਗ ਗਿਰੋਹ ਦੇ 3 ਮੈਂਬਰ ਕਾਬੂ

08/21/2019 11:03:36 AM

ਪਟਿਆਲਾ (ਬਲਜਿੰਦਰ)—ਫਰਜ਼ੀ ਬੀਮਾ ਪਾਲਿਸੀਆਂ ਵਿਚ ਰਕਮ ਦੁੱਗਣੀ ਕਰਨ ਦਾ ਝਾਂਸਾ ਦੇ ਕੇ ਠੱਗੀਆਂ ਮਾਰਨ ਵਾਲੇ ਗਿਰੋਹ ਦਾ ਪਟਿਆਲਾ ਪੁਲਸ ਨੇ ਪਰਦਾਫਾਸ਼ ਕੀਤਾ ਹੈ। ਇਸ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਐੱਸ. ਪੀ ਇਨਵੈਸਟੀਗੇਸ਼ਨ ਹਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿਚ ਗਗਨ ਸਚਦੇਵ ਪੁੱਤਰ ਕਸ਼ਮੀਰ ਸਿੰਘ ਵਾਸੀ ਅੰਬਾਲਾ ਕੈਂਟ (ਹਰਿਆਣਾ) ਨੂੰ ਅੰਬਾਲਾ ਤੋਂ, ਅਮਿਤ ਕੁਮਾਰ ਪੁੱਤਰ ਰਾਮ ਨਿਵਾਸ ਵਾਸੀ ਪਿੰਡ ਪਨੇਹੜਾ ਥਾਣਾ ਕੋਟ ਪੁਤਲੀ ਜ਼ਿਲਾ ਜੈਪੁਰ (ਰਾਜਸਥਾਨ) ਨੂੰ ਪਹਾੜ ਗੰਜ ਦਿੱਲੀ ਤੋਂ ਅਤੇ ਦਿਪੇਸ਼ ਗੋਇਲ ਵਾਸੀ ਚੰਡੀਗੜ੍ਹ ਨੂੰ ਮਨੀਮਾਜਰਾ ਚੰਡੀਗੜ੍ਹ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਵਿਅਕਤੀਆਂ ਨੇ ਇਕ ਗਿਰੋਹ ਬਣਾ ਕੇ ਲੱਖਾ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਬੰਨਭੌਰੀ ਤਹਿਸੀਲ ਧੂਰੀ ਜ਼ਿਲਾ ਸੰਗਰੂਰ ਨਾਲ 49 ਲੱਖ ਰੁਪਏ ਦੀ ਠੱਗੀ ਕੀਤੀ ਹੈ। ਇਹ ਤਫਤੀਸ਼ ਥਾਣਾ ਡਵੀਜ਼ਨ ਨੰ. 2 ਦੇ ਐੱਸ. ਐੱਚ. ਓ. ਗੁਰਦੀਪ ਸਿੰਘ ਦੀ ਅਗਵਾਈ ਹੇਠ ਕੀਤੀ ਗਈ।

ਕਿਵੇਂ ਵੱਜੀ ਠੱਗੀ?
ਐੱਸ. ਪੀ. ਹੁੰਦਲ ਨੇ ਦੱਸਿਆ ਕਿ ਲੱਖਾ ਸਿੰਘ ਰਿਟਾਇਰਡ ਹੈੱਡ ਮਾਸਟਰ ਹੈ। ਪ੍ਰਿਯਾ ਸ਼ਰਮਾ ਨਾਂ ਦੀ ਲੜਕੀ ਨੇ 2015 ਵਿਚ ਉਸ ਨਾਲ ਫੋਨ 'ਤੇ ਗੱਲਬਾਤ ਕਰ ਕੇ ਉਸ ਕੋਲੋਂ ਉਸ ਦੇ ਭਤੀਜੇ ਦੀ ਐੱਚ. ਡੀ. ਐੱਫ. ਸੀ. ਇੰਸ਼ੋਰੈਂਸ ਕੰਪਨੀ ਵਿਚ 3 ਸਾਲ ਦੀ ਪਾਲਿਸੀ ਕਰਵਾ ਦਿੱਤੀ। ਇਸ ਦਾ 30 ਹਜ਼ਾਰ ਰੁਪਏ ਪ੍ਰੀਮੀਅਮ ਲੱਖਾ ਸਿੰਘ ਦੇ ਇੰਡੀਅਨ ਓਵਰਸੀਜ਼ ਬੈਂਕ ਦੀ ਛੋਟੀ ਬਾਰਾਂਦਰੀ ਬ੍ਰਾਂਚ ਵਿਚੋਂ ਕੱÎਟਿਆ ਗਿਆ। ਇਸ ਤੋਂ ਬਾਅਦ ਪ੍ਰਿਯਾ ਨਾਂ ਦੀ ਲੜਕੀ ਨੇ ਲੱਖਾ ਸਿੰਘ ਨੂੰ ਕਿਹਾ ਕਿ ਤੁਸੀਂ ਪਾਵਰ 99 ਕੰਪਨੀ ਵਿਚ 20 ਹਜ਼ਾਰ ਰੁਪਏ ਲਾਓ। ਤੁਹਾਨੂੰ ਪੈਨਸ਼ਨ ਦੇ ਰੂਪ ਵਿਚ ਪੈਸੇ ਮਿਲਣੇ ਸ਼ੁਰੂ ਹੋ ਜਾਣਗੇ। ਲੱਖਾ ਸਿੰਘ ਨੇ ਉਹ ਪੈਸੇ ਚੈੱਕ ਰਾਹੀਂ ਭਰ ਦਿੱਤੇ। ਇਸ ਤੋਂ ਬਾਅਦ ਗੁਰਦੀਪ ਸਿੰਘ ਨਾਂ ਦੇ ਵਿਅਕਤੀ ਨੇ ਲੱਖਾ ਸਿੰਘ ਨੂੰ ਵੱਧ ਮੁਨਾਫੇ ਦਾ ਲਾਲਚ ਦੇ ਕੇ ਉਸ ਦੀ 43 ਹਜ਼ਾਰ ਦੀ ਪਾਲਿਸੀ ਕਰਵਾ ਦਿੱਤੀ। ਇਸੇ ਤਰ੍ਹਾਂ ਹੋਰ ਵਿਅਕਤੀਆਂ ਵੱਲੋਂ ਗੈਂਗ ਬਣਾ ਕੇ ਲੱਖਾ ਸਿੰਘ ਕੋਲੋਂ 49 ਲੱਖ 25 ਹਜ਼ਾਰ 212 ਰੁਪਏ ਵੱਖ-ਵੱਖ ਫਰਜ਼ੀ ਕੰਪਨੀਆਂ ਦੇ ਬੈਂਕ ਖਾਤਿਆਂ ਵਿਚ ਜਮ੍ਹਾ ਕਰਵਾ ਕੇ ਠੱਗੀ ਕੀਤੀ।

ਕੀ ਆਇਆ ਸੱਚ ਸਾਹਮਣੇ?
ਪੁਲਸ ਨੇ ਜਦੋਂ ਤਿੰਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਸਾਹਮਣੇ ਆਇਆ ਕਿ ਉਨ੍ਹਾਂ ਨੇ ਇਕ ਗੈਂਗ ਬਣਾਇਆ ਹੋਇਆ ਹੈ। ਇਸ ਵਿਚ ਉਹ ਇੰਸ਼ੋਰੈਂਸ ਕੰਪਨੀਆਂ ਦੇ ਸਾਬਕਾ ਕਰਮਚਾਰੀਆਂ ਦੀ ਮਦਦ ਲੈ ਕੇ ਆਮ ਪਬਲਿਕ ਦੀਆਂ ਇੰਸ਼ੋਰੈਂਸ ਪਾਲਿਸੀਆਂ ਦਾ ਡਾਟਾ ਚੋਰੀ ਕਰ ਕੇ ਉਨ੍ਹਾਂ ਦੇ ਮੋਬਾਇਲ ਨੰਬਰ 'ਤੇ ਉਨ੍ਹਾਂ ਨਾਲ ਸੰਪਰਕ ਕਰਦੇ ਸਨ। ਫਰਜ਼ੀ ਕੰਪਨੀਆਂ ਦੀਆਂ ਫਰਜ਼ੀ ਇੰਸ਼ੋਰੈਂਸ ਪਾਲਿਸੀਆਂ ਵਿਚ ਵੱਧ ਮੁਨਾਫਾ ਦੇਣ ਦਾ ਝਾਂਸਾ ਦੇ ਕੇ ਫਰਜ਼ੀ ਕੰਪਨੀ ਦੇ ਫਰਜ਼ੀ ਖਾਤਿਆਂ ਰਾਹੀਂ ਮੋਟੀ ਰਕਮ ਵਸੂਲਦੇ ਸਨ। ਇਹ ਰਕਮ ਫਰਜ਼ੀ ਐਡਰੈੱਸ ਦੇ ਕੇ ਖੁਲ੍ਹਵਾਏ ਗਏ ਖਾਤਿਆਂ ਵਿਚ ਜਮ੍ਹਾ ਕਰਵਾਈ ਜਾਂਦੀ ਸੀ। ਫਿਰ ਫਰਜ਼ੀ ਖਾਤਿਆਂ ਵਿਚੋਂ ਆਨਲਾਈਨ ਪੈਸੇ ਆਪਣੇ ਖਾਤਿਆਂ ਵਿਚ ਟਰਾਂਸਫਰ ਕਰ ਲੈਂਦੇ ਸਨ। ਇਸ ਕੰਮ ਲਈ ਉਨ੍ਹਾਂ ਵੱਲੋਂ ਵੱਖ-ਵੱਖ ਥਾਵਾਂ 'ਤੇ ਕਾਲ ਸੈਂਟਰ ਖੋਲ੍ਹ ਕੇ ਪੜ੍ਹੇ-ਲਿਖੇ ਲੋਕਾਂ ਨੂੰ ਟ੍ਰੇਨਿੰਗ ਦੇ ਕੇ ਫਰਜ਼ੀਵਾੜੇ ਦੇ ਇਸ ਕੰਮ ਵਿਚ ਲਾਇਆ ਜਾਂਦਾ ਸੀ। ਇਨ੍ਹਾਂ ਕਾਲ ਸੈਂਟਰਾਂ ਵਿਚ ਕੰਮ ਕਰਨ ਵਾਲੇ ਸੰਦੀਪ ਮਿਸ਼ਰਾ, ਇੰਦੂ, ਮਿਨਾਕਸ਼ੀ, ਰਮੇਸ਼ ਠਾਕੁਰ, ਨਵੀਨ, ਰੀਨਾ ਪਾਂਡੇ ਅਤੇ ਕੁਝ ਹੋਰ ਨਾਂ ਵੀ ਸਾਹਮਣੇ ਆਏ ਹਨ। ਐੱਸ. ਪੀ. ਹੁੰਦਲ ਨੇ ਦੱਸਿਆ ਕਿ ਇਨ੍ਹਾਂ ਸੈਂਟਰਾਂ ਦਾ ਕੰਮ-ਕਾਜ ਦਿਪੇਸ਼ ਗੋਇਲ ਅਤੇ ਫਰਜ਼ੀ ਕੰਪਨੀਆਂ ਅਤੇ ਖਾਤਿਆਂ ਦਾ ਕੰਮ ਅਮਿਤ ਕੁਮਾਰ ਦੇਖਦਾ ਸੀ।

ਅਮਿਤ ਕੁਮਾਰ ਨੇ ਗਗਨ ਸਚਦੇਵਾ ਦੇ ਨਾਂ 'ਤੇ ਕੰਪਨੀ ਕਲੱਬ ਵੈਲਿਊ ਸਰਵਿਸ, ਵੀਰ ਸਾਵਕਰ ਬਲਾਕ ਸ਼ਕਰਪੁਰ ਨੇੜੇ ਲਕਸ਼ਮੀ ਨਗਰ ਦਿੱਲੀ ਵਿਖੇ ਰਜਿਸਟਰਡ ਕਰਵਾਈ ਹੋਈ ਸੀ। ਇਸ ਦਾ ਪ੍ਰੋਪਰਾਈਟਰ ਗਗਨ ਸਚਦੇਵਾ ਸੀ। ਕੰਪਨੀ ਦਾ ਸੁਵਾਸਤਿਆ ਵਿਹਾਰ (ਪ੍ਰੀਤ ਵਿਹਾਰ) ਦਿੱਲੀ ਵਿਖੇ ਐਕਸਿਸ ਬੈਂਕ 'ਚ ਖਾਤਾ ਗਗਨ ਸਚਦੇਵਾ ਦੇ ਨਾਂ 'ਤੇ ਖੁਲ੍ਹਵਾਇਆ ਗਿਆ ਹੈ। ਇਸ 'ਚ ਲੱਖਾ ਸਿੰਘ ਦੇ 5 ਲੱਖ ਰੁਪਏ ਸਿੱਧੇ ਤੌਰ 'ਤੇ ਪੁਆਏ ਸਨ। ਲੱਖਾ ਸਿੰਘ ਕੋਲੋਂ ਬਾਕੀ ਪੈਸੇ (44 ਲੱਖ) ਵੱਖ-ਵੱਖ ਤਰੀਕਿਆਂ ਨਾਲ ਇੰਡੀਅਨ ਓਵਰਸੀਜ਼ ਬੈਂਕ ਛੋਟੀ ਬਾਰਾਂਦਰੀ ਪਟਿਆਲਾ, ਸਟੇਟ ਬੈਂਕ ਪਟਿਆਲਾ ਦੀ ਬਰਾਂਚ ਧਰਮਪੁਰਾ ਬਜ਼ਾਰ ਦੇ ਫਰਜ਼ੀ ਖਾਤਿਆਂ ਵਿਚ ਜਮ੍ਹਾ ਕਰਵਾਏ। ਇਸ ਤਰੀਕੇ ਨਾਲ ਲੱਖਾ ਸਿੰਘ ਨਾਲ ਮੁਲਜ਼ਮਾਂ ਨੇ 49 ਲੱਖ 25 ਹਜ਼ਾਰ 212 ਰੁਪਏ ਦੀ ਠੱਗੀ ਕੀਤੀ ਹੈ।

ਐੱਸ. ਪੀ. ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਵੱਲੋਂ ਵੱਖ-ਵੱਖ ਸ਼ਹਿਰਾਂ ਵਿਚ ਕਲੱਡ ਵੈਲਿਊ ਸਰਵਿਸ, ਪਾਵਰ 99, ਡੈਵਿਸ਼ ਵੈਲਿਊ ਕਾਰਡ ਪ੍ਰਾਈਵੇਟ ਲਿਮਟਿਡ, ਫੰਡ ਸਲਿਊਸ਼ਨ ਨਵੀਂ ਦਿੱਲੀ, ਆਈ. ਡੀ. ਏ. ਸਰਵਿਸਜ਼ ਗੁੜਗਾਓਂ, ਆਈ. ਐੱਫ ਸਲਿਊਸ਼ਨ ਗੁੜਗਾਓਂ, ਆਲ ਸਲਿਊਸ਼ਨ ਨਵੀਂ ਦਿੱਲੀ, ਐੱਫ-1 ਕੇਅਰ ਫਰੀਦਾਬਾਦ ਅਤੇ ਐਲਰ ਟਰਿੱਪਰ ਇੰਡੀਆ ਨਿਊ ਦਿੱਲੀ ਆਦਿ ਨਾਂ ਦੀਆਂ ਫਰਜ਼ੀ ਕੰਪਨੀਆ ਖੋਲ੍ਹੀਆਂ ਹੋਈਆਂ ਹਨ। ਇਨ੍ਹਾਂ ਨੇ ਇਹ ਫਰਜ਼ੀ ਕੰਪਨੀਆਂ ਬਣਾ ਕੇ ਭੋਲੇ-ਭਾਲੇ ਲੋਕਾਂ ਕੋਲੋਂ ਕਰੋੜਾਂ ਰੁਪਏ ਹੜੱਪੇ ਹਨ। ਇਸ ਤਰੀਕੇ ਨਾਲ ਠੱਗੇ ਗਏ ਪੈਸਿਆਂ 'ਚੋਂ 60 ਫੀਸਦੀ ਦੀਪੇਸ਼ ਗੋਇਲ ਅਤੇ 40 ਫੀਸਦੀ ਅਮਿਤ ਕੁਮਾਰ ਨੂੰ ਦੇ ਦਿੰਦਾ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੇ ਠੱਗੀ ਦੇ ਪੈਸਿਆਂ ਵਿਚੋਂ ਕੁਝ ਪੈਸੇ ਦਾਨ ਕਰਨ ਦੇ ਮਕਸਦ ਨਾਲ ਇਕ ਟਰੱਸਟ ਬਣਾਇਆ ਹੋਇਆ ਸੀ, ਜਿਸ ਵਿਚੋਂ ਫੀਸਾਂ ਅਤੇ ਕਿਤਾਬਾਂ ਬੱਚਿਆਂ ਨੂੰ ਦਿੰਦੇ ਸਨ।

ਐੱਸ. ਪੀ. ਨੇ ਦੱਸਿਆ ਕਿ ਮੁਲਜ਼ਮ ਗਗਨ ਸਚਦੇਵਾ ਅਤੇ ਅਮਿਤ ਕੁਮਾਰ ਨੂੰ ਅਦਾਲਤ ਵਿਚ ਪੇਸ਼ ਕਰ ਕੇ 8 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ। ਤੀਸਰੇ ਮੁਲਜ਼ਮ ਦੀਪੇਸ਼ ਗੋਇਲ ਵਾਸੀ ਚੰਡੀਗੜ੍ਹ ਨੂੰ ਅੱਜ ਅਦਾਲਤ 'ਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ। ਇਸ ਮੌਕੇ ਡੀ. ਐੱਸ. ਪੀ. ਸਿਟੀ-1 ਯੋਗੇਸ਼ ਸ਼ਰਮਾ, ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਇੰਸ. ਸੁਖਦੇਵ ਸਿੰਘ ਅਤੇ ਥਾਣਾ ਡਵੀਜ਼ਨ ਨੰ. 2 ਦੇ ਐੱਸ. ਐੱਚ. ਓ. ਗੁਰਦੀਪ ਸਿੰਘ ਹਾਜ਼ਰ ਸਨ।


Shyna

Content Editor

Related News