ਚੋਰੀ ਦੀ FIR ਦਰਜ ਕਰਵਾਉਣ ਤੋਂ ਭੜਕੇ ਮੁਲਜ਼ਮਾਂ ਨੇ ਫੂਕ''ਤੀ ਫੈਕਟਰੀ!
Tuesday, May 26, 2026 - 11:49 AM (IST)
ਲੁਧਿਆਣਾ (ਰਾਜ): ਮਹਾਨਗਰ ਦੇ ਬਿਹਾਰੀ ਚੌਕ ਇਲਾਕੇ ਤੋਂ ਇਕ ਸਨਸਨੀਖੇਜ਼ ਅਤੇ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕੁਝ ਬਦਮਾਸ਼ਾਂ ਨੇ ਕਾਨੂੰਨ ਦੀ ਪ੍ਰਵਾਹ ਨਾ ਕਰਦਿਆਂ, ਚੋਰੀ ਦੀ ਪੁਲਸ ਸ਼ਿਕਾਇਤ ਦਰਜ ਕਰਵਾਉਣ ਤੋਂ ਖਫ਼ਾ ਹੋ ਕੇ ਇਕ ਪਲਾਸਟਿਕ ਫੈਕਟਰੀ ਨੂੰ ਹੀ ਅੱਗ ਦੇ ਹਵਾਲੇ ਕਰ ਦਿੱਤਾ। ਪਲਾਸਟਿਕ ਦਾ ਸਾਮਾਨ ਹੋਣ ਕਾਰਨ ਅੱਗ ਇੰਨੀ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਪੂਰੀ ਫੈਕਟਰੀ ਸੜ ਕੇ ਪੂਰੀ ਤਰ੍ਹਾਂ ਸੁਆਹ ਹੋ ਗਈ। ਇਸ ਵਾਰਦਾਤ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਪੁਲਸ ਨੇ ਪੀੜਤ ਫੈਕਟਰੀ ਮਾਲਕ ਦੀ ਸ਼ਿਕਾਇਤ 'ਤੇ ਨਾਮਜ਼ਦ ਮੁਲਜ਼ਮਾਂ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਨਵਾਂ ਮੁਕੱਦਮਾ ਦਰਜ ਕਰਕੇ ਉਨ੍ਹਾਂ ਦੀ ਸਰਗਰਮੀ ਨਾਲ ਭਾਲ ਸ਼ੁਰੂ ਕਰ ਦਿੱਤੀ ਹੈ।
ਮਿੱਲਰਗੰਜ ਦੇ ਆਜ਼ਾਦ ਨਗਰ ਨਿਵਾਸੀ ਪੀੜਤ ਅਭਿਸ਼ੇਕ ਗਰਗ ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਬਿਹਾਰੀ ਚੌਕ ਵਿਚ ਉਨ੍ਹਾਂ ਦੀ 'ਅਗਰਵਾਲ ਪਲਾਸਟਿਕ ਫੈਕਟਰੀ' ਦੇ ਨਾਂ 'ਤੇ ਇੰਡਸਟਰੀਅਲ ਯੂਨਿਟ ਹੈ। ਅਭਿਸ਼ੇਕ ਅਨੁਸਾਰ, ਬੀਤੀ 18 ਮਈ ਨੂੰ ਉਨ੍ਹਾਂ ਦੀ ਫੈਕਟਰੀ ਵਿਚ ਚੋਰੀ ਦੀ ਇਕ ਵੱਡੀ ਵਾਰਦਾਤ ਹੋਈ ਸੀ। ਇਸ ਮਾਮਲੇ ਵਿਚ ਉਨ੍ਹਾਂ ਨੇ ਹਿੰਮਤ ਦਿਖਾਉਂਦੇ ਹੋਏ ਪੁਲਸ ਵਿਚ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਜੱਗਾ ਤੇ ਰੰਗ ਬਹਾਦਰ ਨਾਂ ਦੇ ਵਿਅਕਤੀਆਂ ਨੂੰ ਨਾਮਜ਼ਦ ਕਰਦੇ ਹੋਏ ਉਨ੍ਹਾਂ ਖ਼ਿਲਾਫ਼ ਐੱਫ.ਆਈ.ਆਰ. (FIR) ਦਰਜ ਕਰਵਾਈ ਸੀ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਜਦੋਂ ਤੋਂ ਪੁਲਸ ਨੇ ਇਨ੍ਹਾਂ ਦੋਵਾਂ ਖ਼ਿਲਾਫ਼ ਚੋਰੀ ਦਾ ਮਾਮਲਾ ਦਰਜ ਕੀਤਾ ਸੀ, ਉਦੋਂ ਤੋਂ ਮੁਲਜ਼ਮ ਬੁਖਲਾਏ ਹੋਏ ਸਨ ਅਤੇ ਉਨ੍ਹਾਂ ਨੂੰ ਲਗਾਤਾਰ ਕੇਸ ਵਾਪਸ ਲੈਣ ਅਤੇ ਅਜਿਹਾ ਨਾ ਕਰਨ 'ਤੇ ਅੰਜਾਮ ਭੁਗਤਣ ਦੀਆਂ ਧਮਕੀਆਂ ਦੇ ਰਹੇ ਸਨ।
ਪੀੜਤ ਨੇ ਦੱਸਿਆ ਕਿ ਇਨ੍ਹਾਂ ਧਮਕੀਆਂ ਦੇ ਵਿਚਕਾਰ ਹੀ 22 ਮਈ ਨੂੰ ਦੁਪਹਿਰ ਕਰੀਬ 2:00 ਤੋਂ 4:00 ਵਜੇ ਦੇ ਦਰਮਿਆਨ ਉਨ੍ਹਾਂ ਦੀ ਫੈਕਟਰੀ ਵਿਚ ਅਚਾਨਕ ਭਿਆਨਕ ਅੱਗ ਭੜਕ ਉੱਠੀ। ਫੈਕਟਰੀ ਦੇ ਅੰਦਰ ਭਾਰੀ ਮਾਤਰਾ ਵਿਚ ਪਲਾਸਟਿਕ ਦਾ ਸਾਮਾਨ ਅਤੇ ਕੱਚਾ ਮਾਲ ਹੋਣ ਕਾਰਨ ਅੱਗ ਨੇ ਤੁਰੰਤ ਵਿਕਰਾਲ ਰੂਪ ਧਾਰਨ ਕਰ ਲਿਆ। ਜਦੋਂ ਤੱਕ ਅੱਗ 'ਤੇ ਕਾਬੂ ਪਾਇਆ ਜਾਂਦਾ, ਪੂਰੀ ਫੈਕਟਰੀ ਸੜ ਕੇ ਸੁਆਹ ਦੇ ਢੇਰ ਵਿਚ ਤਬਦੀਲ ਹੋ ਚੁੱਕੀ ਸੀ। ਇਸ ਸਾਜ਼ਿਸ਼ ਕਾਰਨ ਪੀੜਤ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ ਹੈ। ਅਭਿਸ਼ੇਕ ਗਰਗ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਸਪੱਸ਼ਟ ਤੌਰ 'ਤੇ ਸ਼ੱਕ ਜ਼ਾਹਰ ਕੀਤਾ ਹੈ ਕਿ ਉਨ੍ਹਾਂ ਦੀ ਫੈਕਟਰੀ ਵਿਚ ਇਹ ਅੱਗ ਕਿਸੇ ਤਕਨੀਕੀ ਖਰਾਬੀ ਜਾਂ ਹਾਦਸੇ ਕਾਰਨ ਨਹੀਂ ਲੱਗੀ, ਸਗੋਂ ਚੋਰੀ ਦੇ ਉਨ੍ਹਾਂ ਮੁਲਜ਼ਮਾਂ (ਜੱਗਾ ਅਤੇ ਰੰਗ ਬਹਾਦਰ) ਨੇ ਰੰਜਿਸ਼ ਦੇ ਚੱਲਦਿਆਂ ਉਨ੍ਹਾਂ ਦੀ ਫੈਕਟਰੀ ਨੂੰ ਅੱਗ ਲਗਾਈ ਹੈ।
ਫੈਕਟਰੀ ਮਾਲਕ ਦੇ ਬਿਆਨਾਂ ਅਤੇ ਪੁਖਤਾ ਸ਼ੱਕ ਦੇ ਆਧਾਰ 'ਤੇ ਸਾਹਨੇਵਾਲ ਥਾਣੇ ਦੀ ਪੁਲਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਵੱਡੀ ਕਾਰਵਾਈ ਕੀਤੀ ਹੈ। ਪੁਲਸ ਨੇ ਨਾਮਜ਼ਦ ਮੁਲਜ਼ਮ ਜੱਗਾ ਅਤੇ ਰੰਗ ਬਹਾਦਰ ਖ਼ਿਲਾਫ਼ ਇਕ ਹੋਰ ਨਵੀਂ ਐਫ.ਆਈ.ਆਰ. ਦਰਜ ਕਰ ਲਈ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੇ ਹੌਸਲੇ ਬੁਲੰਦ ਹਨ, ਪਰ ਕਾਨੂੰਨ ਦੇ ਹੱਥ ਲੰਬੇ ਹਨ। ਫਰਾਰ ਚੱਲ ਰਹੇ ਦੋਵਾਂ ਮੁਲਜ਼ਮਾਂ ਨੂੰ ਫੜਨ ਲਈ ਪੁਲਸ ਦੀਆਂ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ ਅਤੇ ਜਲਦੀ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।
