ਫੈਕਟਰੀ ''ਚ ਲੱਗੀ ਅੱਗ ਕਾਰਨ ਝੁਲਸੀ ਕੁੜੀ ਦੀ ਇਲਾਜ ਦੌਰਾਨ ਮੌਤ

Monday, May 11, 2026 - 05:50 PM (IST)

ਫੈਕਟਰੀ ''ਚ ਲੱਗੀ ਅੱਗ ਕਾਰਨ ਝੁਲਸੀ ਕੁੜੀ ਦੀ ਇਲਾਜ ਦੌਰਾਨ ਮੌਤ

ਦੋਰਾਹਾ/ਪਾਇਲ (ਵਿਨਾਇਕ): ਦੋਰਾਹਾ-ਪਾਇਲ ਰੋਡ ‘ਤੇ ਸਥਿਤ ਪਿੰਡ ਬਿਸ਼ਨਪੁਰਾ ਵਿਖੇ ਲੁਧਿਆਣਾ ਜ਼ਿਲ੍ਹੇ ਦੇ ਪਹਿਲੇ ਸਕ੍ਰੈਪ ਕਾਰ ਸ਼ਰੈਡਿੰਗ ਪਲਾਂਟ ‘ਬੀ ਲਾਲ ਸਟੀਲ ਸ਼੍ਰੇਡਿੰਗ ਪ੍ਰਾਈਵੇਟ ਲਿਮਿਟੇਡ’ ਵਿਚ 25 ਅਪ੍ਰੈਲ ਨੂੰ ਲੱਗੀ ਭਿਆਨਕ ਅੱਗ ਦੌਰਾਨ ਬੁਰੀ ਤਰ੍ਹਾਂ ਝੁਲਸੀ ਇਕ 21 ਸਾਲਾ ਲੜਕੀ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਮੌਤ ਤੋਂ ਬਾਅਦ ਪੂਰਾ ਮਾਮਲਾ ਮੁੜ ਚਰਚਾ ਵਿੱਚ ਆ ਗਿਆ ਹੈ ਅਤੇ ਹੁਣ ਫੈਕਟਰੀ ਪ੍ਰਬੰਧਨ, ਸੁਰੱਖਿਆ ਪ੍ਰਬੰਧਾਂ ਅਤੇ ਪ੍ਰਸ਼ਾਸਨਿਕ ਕਾਰਵਾਈ ‘ਤੇ ਵੀ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ।

ਮ੍ਰਿਤਕ ਲੜਕੀ ਦੀ ਪਛਾਣ ਅੰਜਲੀ ਪੁੱਤਰੀ ਅਸ਼ਵਨੀ ਕੁਮਾਰ, ਵਾਸੀ ਪਲਾਟ ਨੰਬਰ 28/ਬੀ, ਇੰਡਸਟਰੀ ਏਰੀਆ (ਏ), ਘੋੜਾ ਕਲੋਨੀ, ਮਿਲਰ ਗੰਜ, ਲੁਧਿਆਣਾ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੰਜਲੀ 25 ਅਪ੍ਰੈਲ ਨੂੰ ਫੈਕਟਰੀ ਵਿੱਚ ਲੱਗੀ ਅੱਗ ਦੌਰਾਨ ਗੰਭੀਰ ਰੂਪ ਵਿਚ ਝੁਲਸ ਗਈ ਸੀ ਅਤੇ ਉਸ ਦਾ ਇਲਾਜ ਚੱਲ ਰਿਹਾ ਸੀ, ਪਰ ਆਖ਼ਰਕਾਰ ਉਸਨੇ ਜਿੰਦਗੀ ਅਤੇ ਮੌਤ ਨਾਲ ਜੁਝਦੇ ਹੋਏ ਦਮ ਤੋੜ ਦਿੱਤਾ।

ਦੋਰਾਹਾ ਪੁਲਸ ਨੂੰ ਦਿੱਤੀ ਜਾਣਕਾਰੀ ਵਿਚ ਮ੍ਰਿਤਕਾ ਦੇ ਰਿਸ਼ਤੇਦਾਰ ਜੈਵਿੰਦ ਪੁੱਤਰ ਪ੍ਰਿਥਵੀ ਵਾਸੀ ਪਲਾਟ ਨੰਬਰ 28/ਬੀ, ਇੰਡਸਟਰੀ ਏਰੀਆ (ਏ), ਘੋੜਾ ਕਲੋਨੀ, ਮਿਲਰ ਗੰਜ, ਲੁਧਿਆਣਾ ਨੇ ਦੱਸਿਆ ਕਿ ਅੰਜਲੀ ਦੀ ਮੌਤ ਅੱਗ ਵਿਚ ਝੁਲਸਣ ਕਾਰਨ ਹੋਈ ਹੈ। ਇਸ ਸਬੰਧੀ ਦੋਰਾਹਾ ਥਾਣਾ ਦੇ ਏ.ਐੱਸ.ਆਈ. ਸੌਦਾਗਰ ਸਿੰਘ ਵੱਲੋਂ ਡੀਡੀਆਰ ਨੰਬਰ 18 ਮਿਤੀ 10.05.2026 ਦਰਜ ਕਰਦੇ ਹੋਏ ਇਸ ਘਟਨਾ ਨੂੰ ਕੁਦਰਤੀ ਅਤੇ ਅਚਾਨਕ ਵਾਪਰਿਆ ਹਾਦਸਾ ਦੱਸਿਆ ਗਿਆ ਹੈ। ਪੁਲਸ ਅਧਿਕਾਰੀ ਅਨੁਸਾਰ ਪਰਿਵਾਰ ਵੱਲੋਂ ਕਿਸੇ ਵੀ ਵਿਅਕਤੀ ਜਾਂ ਫੈਕਟਰੀ ਪ੍ਰਬੰਧਨ ਖਿਲਾਫ ਕਾਨੂੰਨੀ ਕਾਰਵਾਈ ਨਾ ਕਰਨ ਦੀ ਗੱਲ ਕਹੀ ਗਈ ਹੈ।

ਬਿਨਾਂ ਪੋਸਟਮਾਰਟਮ ਲਾਸ਼ ਪਰਿਵਾਰ ਹਵਾਲੇ

ਦੋਰਾਹਾ ਪੁਲਸ ਦੇ ਏ.ਐੱਸ.ਆਈ. ਸੌਦਾਗਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਲਾਸ਼ ਨੂੰ ਲੋੜੀਂਦੀ ਕਾਨੂੰਨੀ ਕਾਰਵਾਈ ਪੂਰੀ ਕਰਨ ਉਪਰੰਤ ਬਿਨਾਂ ਪੋਸਟਮਾਰਟਮ ਕਰਵਾਏ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪਰਿਵਾਰ ਵੱਲੋਂ ਕੋਈ ਕਾਰਵਾਈ ਨਾ ਕਰਨ ਦੀ ਇੱਛਾ ਜਤਾਈ ਗਈ ਸੀ। ਉਨ੍ਹਾਂ ਦੱਸਿਆ ਕਿ ਫੈਕਟਰੀ ਵਿਚ ਅਚਾਨਕ ਅੱਗ ਲੱਗਣ ਅਤੇ ਭੜਕਾ ਪੈਣ ਕਾਰਨ ਇਹ ਹਾਦਸਾ ਵਾਪਰਿਆ ਸੀ, ਜਿਸ ਵਿੱਚ ਅੰਜਲੀ ਸਮੇਤ ਦੋ ਜਾਂ ਇਸ ਤੋਂ ਵੱਧ ਕਰਮਚਾਰੀ ਜਖ਼ਮੀ ਹੋਏ ਸਨ। ਹਾਲਾਂਕਿ ਇਸ ਪੂਰੇ ਮਾਮਲੇ ਦੌਰਾਨ ਪੁਲਸ ਵੱਲੋਂ ਜਾਣਕਾਰੀ ਨੂੰ ਸੀਮਿਤ ਰੱਖਣ ਦੇ ਦੋਸ਼ ਵੀ ਸਾਹਮਣੇ ਆ ਰਹੇ ਹਨ।

ਅੱਧਾ ਦਰਜਨ ਤੋਂ ਵੱਧ ਮੁਲਾਜ਼ਮ ਹੋਏ ਸੀ ਜ਼ਖ਼ਮੀ 

ਜ਼ਿਕਰਯੋਗ ਹੈ ਕਿ 25 ਅਪ੍ਰੈਲ ਨੂੰ ਇਸ ਫੈਕਟਰੀ ਵਿਚ ਲੱਗੀ ਭਿਆਨਕ ਅੱਗ ਦੌਰਾਨ ਅੱਧ ਦਰਜਨ ਤੋਂ ਵੱਧ ਔਰਤ ਕਰਮਚਾਰੀਆਂ ਜਖ਼ਮੀ ਹੋਈਆਂ ਸਨ ਅਤੇ ਫੈਕਟਰੀ ਅੰਦਰ ਲਗਾਤਾਰ ਧਮਾਕਿਆਂ ਕਾਰਨ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ। ਉਸ ਸਮੇਂ ਪ੍ਰਸ਼ਾਸਨ ਵੱਲੋਂ ਕੋਈ ਜਾਨੀ ਨੁਕਸਾਨ ਨਾ ਹੋਣ ਦੀ ਗੱਲ ਕਹੀ ਗਈ ਸੀ, ਪਰ ਹੁਣ ਅੰਜਲੀ ਦੀ ਮੌਤ ਤੋਂ ਬਾਅਦ ਇਹ ਹਾਦਸਾ ਹੋਰ ਵੀ ਗੰਭੀਰ ਰੂਪ ਧਾਰ ਚੁੱਕਾ ਹੈ।

ਕੀ ਕਹਿੰਦੇ ਹਨ ਡੀ.ਐੱਸ.ਪੀ. ਪਾਇਲ

ਇਸ ਸਬੰਧੀ ਡੀ.ਐੱਸ.ਪੀ. ਪਾਇਲ ਹਰਮਨਪ੍ਰੀਤ ਸਿੰਘ ਚੀਮਾ ਨੇ ਕਿਹਾ ਕਿ ਮ੍ਰਿਤਕਾ ਦੇ ਪਰਿਵਾਰ ਵੱਲੋਂ ਲਿਖਤੀ ਰੂਪ ਵਿਚ ਪੁਲਸ ਨੂੰ ਦੱਸਿਆ ਗਿਆ ਸੀ ਕਿ ਉਹ ਕਿਸੇ ਖਿਲਾਫ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ, ਕਿਉਂਕਿ ਲੜਕੀ ਦਾ ਇਲਾਜ ਫੈਕਟਰੀ ਪ੍ਰਬੰਧਕਾਂ ਵੱਲੋਂ ਕਰਵਾਇਆ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਪਰਿਵਾਰ ਨੇ ਐੱਸ.ਡੀ.ਐੱਮ. ਪਾਇਲ ਨੂੰ ਵੀ ਪੋਸਟਮਾਰਟਮ ਨਾ ਕਰਵਾਉਣ ਸਬੰਧੀ ਲਿਖਤੀ ਬੇਨਤੀ ਦਿੱਤੀ ਸੀ, ਜਿਸ ਤੋਂ ਬਾਅਦ ਐੱਸ.ਡੀ.ਐੱਮ. ਦਫ਼ਤਰ ਵੱਲੋਂ ਦਰਖ਼ਾਸਤ ਪੁਲਸ ਨੂੰ ਮਾਰਕ ਕੀਤੀ ਗਈ। ਪੁਲਸ ਨੇ ਕਾਨੂੰਨੀ ਪ੍ਰਕਿਰਿਆ ਪੂਰੀ ਕਰਦੇ ਹੋਏ ਲਾਸ਼ ਬਿਨਾ ਪੋਸਟਮਾਰਟਮ ਕਰਵਾਏ ਪਰਿਵਾਰ ਦੇ ਹਵਾਲੇ ਕਰ ਦਿੱਤੀ। ਡੀ.ਐੱਸ.ਪੀ. ਨੇ ਕਿਹਾ ਕਿ ਮਾਮਲੇ ਸਬੰਧੀ ਲੋੜੀਂਦੀ ਰਿਕਾਰਡ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।

ਉੱਚ ਪੱਧਰੀ ਜਾਂਚ ਦੀ ਮੰਗ: ਗੁਰਦੀਪ ਸਿੰਘ ਕਾਲੀ ਪਾਇਲ 

ਇਸ ਸਬੰਧੀ ਡਾ. ਅੰਬੇਡਕਰ ਨਵਯੁਕਤ ਦਲ ਪੰਜਾਬ ਦੇ ਪ੍ਰਧਾਨ ਅਤੇ ਪ੍ਰਸਿੱਧ ਆਰਟੀਆਈ ਐਕਟੀਵਿਸਟ ਗੁਰਦੀਪ ਸਿੰਘ ਕਾਲੀ ਪਾਇਲ ਨੇ ਕਿਹਾ ਕਿ ਇਸ ਹਾਦਸੇ ਵਿੱਚ ਗਰੀਬ ਪਰਿਵਾਰ ਦਾ ਵੱਡਾ ਨੁਕਸਾਨ ਹੋਇਆ ਹੈ ਅਤੇ ਪੁਲਸ ਪ੍ਰਸ਼ਾਸ਼ਨ ਵੱਲੋਂ ਪੂਰੇ ਮਾਮਲੇ ‘ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਫੈਕਟਰੀ ਵਿੱਚ ਕਰੀਬ 160 ਵਰਕਰ ਕੰਮ ਕਰਦੇ ਦੱਸੇ ਜਾ ਰਹੇ ਹਨ, ਪਰ ਅਸਲ ਗਿਣਤੀ ਅਤੇ ਸੁਰੱਖਿਆ ਪ੍ਰਬੰਧਾਂ ਬਾਰੇ ਸਪਸ਼ਟ ਜਾਣਕਾਰੀ ਸਾਹਮਣੇ ਨਹੀਂ ਲਿਆਂਦੀ ਜਾ ਰਹੀ। ਉਨ੍ਹਾਂ ਕਿਹਾ ਕਿ ਉਹ ਜਲਦ ਹੀ ਐਸਡੀਐਮ ਪਾਇਲ ਨਾਲ ਮੁਲਾਕਾਤ ਕਰਕੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਨਗੇ। ਇਸ ਤੋਂ ਇਲਾਵਾ ਹਾਈਕੋਰਟ ਵਿੱਚ ਕਾਨੂੰਨੀ ਰਾਹ ਅਪਣਾਉਣ ਲਈ ਵਕੀਲਾਂ ਨਾਲ ਸਲਾਹ-ਮਸ਼ਵਰਾ ਵੀ ਕੀਤਾ ਜਾਵੇਗਾ।


author

Anmol Tagra

Content Editor

Related News