ਹਥਿਆਰ ਦੀ ਨੋਕ ''ਤੇ ਲੋਕਾਂ ਨਾਲ ਲੁੱਟਾਂ-ਖੋਹਾਂ ਕਰਨ ਵਾਲੇ 2 ਕਾਬੂ, ਦਾਤਰ, ਚੋਰੀ ਦੇ ਵਾਹਨ ਤੇ ਮੋਬਾਈਲ ਬਰਾਮਦ
Monday, May 11, 2026 - 05:56 PM (IST)
ਲੁਧਿਆਣਾ (ਰਾਜ)- ਚੌਂਕੀ ਐਲਡੀਕੋ, ਏ.ਐਸ.ਆਈ.ਮੇਜਰ ਸਿੰਘ ਅਤੇ ਪੁਲਿਸ ਪਾਰਟੀ ਵੱਲੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਪਾਰਟੀ ਜਦੋਂ ਮੇਨ ਜੀ.ਟੀ. ਰੋਡ ਬੈਕ ਸਾਈਡ ਮੈਟਰੋ ਸਟੋਰ ਨੇੜੇ ਗਸ਼ਤ ਦੌਰਾਨ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸੁਮਿਤ ਕੁਮਾਰ ਅਤੇ ਰੋਹਿਤ ਨਾਮਕ ਵਿਅਕਤੀ ਚੋਰੀਸ਼ੁਦਾ ਮੋਟਰਸਾਈਕਲ ’ਤੇ ਸਵਾਰ ਹੋ ਕੇ ਖੋਹ ਕੀਤੇ ਮੋਬਾਇਲ ਫੋਨ ਅਤੇ ਚੋਰੀਸ਼ੁਦਾ ਵਾਹਨ ਵੇਚਣ ਲਈ ਆ ਰਹੇ ਹਨ। ਪੁਲਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਦੋਹਾਂ ਨੂੰ ਕਾਬੂ ਕੀਤਾ ਗਿਆ।
ਤਲਾਸ਼ੀ ਦੌਰਾਨ ਦੋਸ਼ੀਆਂ ਪਾਸੋਂ 06 ਮੋਬਾਇਲ ਫੋਨ, ਇੱਕ ਦਾਤਰ ਅਤੇ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਹੋਇਆ। ਪੁੱਛਗਿੱਛ ਦੌਰਾਨ ਦੋਸ਼ੀਆਂ ਦੀ ਨਿਸ਼ਾਨਦੇਹੀ ’ਤੇ ਇੱਕ ਹੋਰ ਚੋਰੀਸ਼ੁਦਾ ਮੋਟਰਸਾਈਕਲ ਅਤੇ ਇੱਕ ਐਕਟਿਵਾ ਵੀ ਬਰਾਮਦ ਕੀਤੀ ਗਈ।
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਦੋਸ਼ੀਆਂ ਵੱਲੋਂ ਮਿਤੀ 7 ਮਈ ਨੂੰ ਥਾਣਾ ਦਰੇਸੀ ਇਲਾਕੇ ਵਿੱਚ ਇਕ ਹੋਜ਼ਰੀ ਕਾਰੋਬਾਰੀ ਪਾਸੋਂ ਮੋਬਾਇਲ ਫੋਨ ਖੋਹਿਆ ਗਿਆ ਸੀ। ਇਸ ਸਬੰਧੀ ਦਰਜ ਮੁਕੱਦਮੇ ਵਿੱਚ ਲੋੜੀਂਦਾ ਮੋਬਾਇਲ ਫੋਨ ਵੀ ਦੋਸ਼ੀਆਂ ਪਾਸੋਂ ਬਰਾਮਦ ਕਰ ਲਿਆ ਗਿਆ ਹੈ।
ਇਸ ਸਬੰਧੀ ਥਾਣਾ ਸਲੇਮ ਟਾਬਰੀ ਵਿਖੇ ਮੁਕੱਦਮਾ ਨੰਬਰ 74 ਮਿਤੀ 9 ਮਈ 2026 ਅਧੀਨ ਧਾਰਾਵਾਂ 304, 303(2), 3(5), 317(2) BNS ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ।
