ਜੇਠ-ਜੇਠਾਣੀ ਤੋਂ ਅੱਕੀ ਮਹਿਲਾ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ
Tuesday, May 19, 2026 - 12:53 PM (IST)
ਲੁਧਿਆਣਾ (ਅਨਿਲ): ਥਾਣਾ ਮੇਹਰਬਾਨ ਦੇ ਅਧੀਨ ਆਉਂਦੇ ਪਿੰਡ ਜੀਵਨਪੁਰ ਵਿਚ ਇਕ 32 ਸਾਲਾ ਮਹਿਲਾ ਵੱਲੋਂ ਆਪਣੇ ਜੇਠ ਅਤੇ ਜੇਠਾਣੀ ਤੋਂ ਤੰਗ-ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ ਗਈ। ਮ੍ਰਿਤਕ ਮਹਿਲਾ ਪੂਜਾ ਕੌਰ ਦੇ ਭਰਾ ਗੁਰਮੁਖ ਸਿੰਘ ਚੌਹਾਨ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ 2017 ਵਿਚ ਸੁਰਜਨ ਸਿੰਘ ਨਾਲ ਹੋਇਆ ਸੀ ਅਤੇ ਉਸ ਦਾ ਪਤੀ ਪਿਛਲੇ ਦੋ ਸਾਲਾਂ ਤੋਂ ਵਿਦੇਸ਼ ਵਿਚ ਰਹਿ ਰਿਹਾ ਹੈ। ਉਸ ਨੇ ਦੋਸ਼ ਲਗਾਇਆ ਕਿ ਪੂਜਾ ਨੂੰ ਉਸ ਦੇ ਜੇਠ-ਜੇਠਾਣੀ ਬਹੁਤ ਤੰਗ ਕਰਦੇ ਸਨ।
ਗੁਰਮੁਖ ਸਿੰਘ ਨੇ ਦੱਸਿਆ ਕਿ ਪੂਜਾ ਕੌਰ ਨੇ ਉਸ ਨੂੰ ਫ਼ੋਨ ਕਰਕੇ ਕਿਹਾ ਸੀ ਕਿ ਉਸ ਦਾ ਜੇਠ ਸੁਖਵਿੰਦਰ ਸਿੰਘ ਅਤੇ ਜੇਠਾਣੀ ਬਲਵਿੰਦਰ ਕੌਰ ਉਸ ਨੂੰ ਘਰੋਂ ਕੱਢਣ ਲਈ ਉਸ ਦੀ ਕੁੱਟਮਾਰ ਕਰ ਰਹੇ ਹਨ। ਇਸ ਤੋਂ ਬਾਅਦ ਪੂਜਾ ਕੌਰ ਨੇ ਘਰ ਵਿਚ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਥਾਣਾ ਮੇਹਰਬਾਨ ਦੇ ਇੰਚਾਰਜ ਇੰਸਪੈਕਟਰ ਜਗਦੀਪ ਸਿੰਘ ਗਿੱਲ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕਾ ਦੇ ਭਰਾ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਉਸ ਦੇ ਜੇਠ ਸੁਖਵਿੰਦਰ ਸਿੰਘ, ਜੇਠਾਣੀ ਬਲਵਿੰਦਰ ਕੌਰ ਅਤੇ ਬਲਵਿੰਦਰ ਦੇ ਪਿਤਾ ਬਲਦੇਵ ਸਿੰਘ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਮੁਲਜ਼ਮ ਸੁਖਵਿੰਦਰ ਸਿੰਘ ਅਤੇ ਬਲਦੇਵ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਬਲਵਿੰਦਰ ਕੌਰ ਅਜੇ ਫਰਾਰ ਹੈ ਜਿਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ।
