ਸੜਕ ਹਾਦਸੇ ਨੇ ਖੋਹਿਆ ਘਰ ਦਾ ਸਹਾਰਾ: ਕੰਮ ਤੋਂ ਪਰਤ ਰਹੇ ਸਾਈਕਲ ਸਵਾਰ ਨੂੰ ਅਣਪਛਾਤੇ ਵਾਹਨ ਨੇ ਦਰੜਿਆ
Thursday, May 14, 2026 - 07:10 PM (IST)
ਲੁਧਿਆਣਾ (ਰਾਜ): ਜੀ.ਟੀ. ਰੋਡ 'ਤੇ ਰਫਤਾਰ ਦੇ ਕਹਿਰ ਇਕ ਹੱਸਦੇ-ਖੇਡਦੇ ਪਰਿਵਾਰ ਨੂੰ ਤਬਾਹ ਕਰ ਦਿੱਤਾ। ਕੰਮ ਤੋਂ ਛੁੱਟੀ ਕਰਕੇ ਆਪਣੇ ਘਰ ਵੱਲ ਜਾ ਰਹੇ ਇਕ ਵਿਅਕਤੀ ਨੂੰ ਅਣਪਛਾਤੇ ਵਾਹਨ ਨੇ ਇੰਨੀ ਜ਼ੋਰਦਾਰ ਟੱਕਰ ਮਾਰੀ ਕਿ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸਾ ਇੰਨਾ ਦਰਦਨਾਕ ਸੀ ਕਿ ਪੀੜਤ ਨੂੰ ਇਲਾਜ ਮਿਲਣ ਤੋਂ ਪਹਿਲਾਂ ਹੀ ਉਸ ਨੇ ਦਮ ਤੋੜ ਦਿੱਤਾ।
ਫਿਲਹਾਲ ਥਾਣਾ ਸਾਹਨੇਵਾਲ ਦੀ ਪੁਲਸ ਨੇ ਅਣਪਛਾਤੇ ਵਾਹਨ ਚਾਲਕ ਖਿਲਾਫ ਕੇਸ ਦਰਜ ਕਰ ਲਿਆ ਹੈ। ਮ੍ਰਿਤਕ ਦੀ ਪਤਨੀ ਸੰਗੀਤਾ ਨੇ ਦੱਸਿਆ ਕਿ ਉਸ ਦੇ ਪਤੀ ਰਾਮ ਤਿਲਕ ਬੀਤੀ 12 ਮਈ ਦੀ ਸ਼ਾਮ ਕਰੀਬ 7:00 ਵਜੇ ਆਪਣੇ ਕੰਮ ਤੋਂ ਸਾਈਕਲ 'ਤੇ ਸਵਾਰ ਹੋ ਕੇ ਘਰ ਲਈ ਨਿਕਲੇ ਸਨ। ਪਰਿਵਾਰ ਰਾਤ ਭਰ ਉਨ੍ਹਾਂ ਦਾ ਇੰਤਜ਼ਾਰ ਕਰਦਾ ਰਿਹਾ, ਪਰ ਉਹ ਘਰ ਨਹੀਂ ਪਹੁੰਚੇ। ਅਗਲੇ ਦਿਨ 13 ਮਈ ਨੂੰ ਪਰਿਵਾਰ ਨੂੰ ਸੂਚਨਾ ਮਿਲੀ ਕਿ ਰਾਮ ਤਿਲਕ ਦਾ ਗਿਆਸਪੁਰਾ ਸਥਿਤ ਕਿਆ (Kia) ਗੱਡੀਆਂ ਦੇ ਸ਼ੋਅਰੂਮ ਦੇ ਸਾਹਮਣੇ ਜੀ.ਟੀ. ਰੋਡ 'ਤੇ ਐਕਸੀਡੈਂਟ ਹੋ ਗਿਆ ਹੈ।
