ਬਾਪੂ ਤੇਰੇ ਕਰਕੇ ਮੈਂ ਪੈਰਾਂ 'ਤੇ ਖਲੋ ਗਿਆ

Friday, May 08, 2020 - 11:22 AM (IST)

ਬਾਪੂ ਤੇਰੇ ਕਰਕੇ ਮੈਂ ਪੈਰਾਂ 'ਤੇ ਖਲੋ ਗਿਆ

ਅਲੀ ਰਾਜਪੁਰਾ
94176 79302

ਐੱਫ.ਐੱਮ.ਪਟਿਆਲਾ ਰੇਡੀਓ ਵਲੋਂ 21 ਅਕਤੂਬਰ 2016 ਨੂੰ ਮੇਰੀ ਜ਼ਿੰਦਗੀ ਅਤੇ ਸਾਹਿਤਕ ਸਫ਼ਰ ਬਾਰੇ ਪ੍ਰਸਾਰਿਤ ਹੋਈ ਇੰਟਰਵਿਊ ਅਸੀਂ ਸਾਰੇ ਪਰਿਵਾਰ ਨੇ ਬੈਠ ਕੇ ਸੁਣੀ। ਇਹ ਪ੍ਰੋਗਰਾਮ ਮੁੱਕਣ ਮਗਰੋਂ ਮੇਰਾ ਬਾਪੂ ਇਕ ਦਮ ਬੋਲਿਆ "ਮੈਨੂੰ ਨਹੀਂ ਸੀ ਪਤਾ ਤੂੰ ਪੁੱਤ! ਐਂਨੀ ਅੱਗੇ ਨਿਕਲ ਜਾਵੇਗਾ। ਮੈਨੂੰ ਬਹੁਤ ਮਾਣ ਹੁੰਦੈ, ਜਦੋਂ ਮੈਂ ਤੇਰੀਆਂ ਗੱਲਾਂ ਲੋਕਾਂ ਦੀ ਜ਼ੁਬਾਨ ਤੋਂ ਸੁਣਦੈ ਹਾਂ…ਜਦੋਂ ਤੇਰੀ ਕੋਈ ਗੱਲ ਕਰਦੈ ਤਾਂ ਮੇਰਾ ਮਾਣ ਨਾਲ ਸਿਰ ਉੱਚਾ ਹੋ ਜਾਂਦਾ ਏ। "ਮੈਨੂੰ ਕਈ ਵਾਰ ਦੁੱਖ ਵੀ ਹੁੰਦਾ ਕਿ ਮੈਂ ਤੇਰਾ ਪਿਓ ਹੋ ਕੇ ਵੀ ਤੇਰੇ ਲਈ ਕੁਝ ਨਹੀਂ ਕਰ ਸਕਿਆ, ਜੋ ਮੈਨੂੰ ਇਕ ਪਿਤਾ ਹੋਣ ਦੇ ਨਾਤੇ ਕਰਨਾ ਚਾਹੀਦਾ ਸੀ। ਪੜ੍ਹਾ ਤੈਨੂੰ ਤੇਰੇ ਨਾਨਕਿਆਂ ਨੇ ਦਿੱਤਾ…ਪੈਰਾਂ ਸਿਰ ਤੂੰ ਲੋਕਾਂ ਦੇ ਲੜ੍ਹ ਲੱਗ ਕੇ ਹੋ ਗਿਆ ਏ…। ਮੈਨੂੰ ਪਤੈ ਤੇਰਾ ਚੰਚਲ ਮਨ ਉਦੋਂ ਖੁੱਲੇ ਅਸਮਾਨ 'ਤੇ ਉਡਾਰੀਆਂ ਲਗਾਉਣ ਨੂੰ ਕਾਹਲਾ ਸੀ ਪਰ ਮੈਨੂੰ ਡਰ ਸੀ ਕਿ ਪੁੱਤ ਕਿੱਧਰੇ ਤੂੰ ਵਕਤ ਦੀ ਹਨੇਰੀ 'ਚ ਨਾ ਰੁਲ਼ ਜਾਵੇਂ, ਕਿਉਂਕਿ ਗਾਉਣ ਵਾਲਿਆਂ ’ਤੇ ਲੇਖਕਾਂ ਦਾ ਭਵਿੱਖ ਧੁੰਦਲਾ ਹੁੰਦਾ ਏ, ਮੈਂ ਸੁਣਿਆ ਸੀ । ਪੁੱਤ! ਤੂੰ ਸਾਰੀਆਂ ਕਹਾਵਤਾਂ ਝੁੱਠੀਆਂ ਪਾ ਦਿੱਤੀਆਂ। ਮਿਹਨਤ ਦੇ ਗੱਡੇ 'ਤੇ ਲੱਦ ਲਿਆ ਆਪਣੇ ਨਾਲ ਟਕਰਾਈ ਔਕੜ ਤੇ ਮੁਸੀਬਤ ਨੂੰ। ਅੱਜ ਤੂੰ ਲੇਖਕ ਵੀ ਬਣ ਗਿਆ…ਤੇਰੀਆਂ ਇੰਨੀਆਂ ਕਿਤਾਬਾਂ ਵੀ ਛਪਲੀਆਂ…ਰੇਡੀਓ, ਟੈਲੀਵਿਜ਼ਨ 'ਤੇ ਤੇਰੇ ਗੀਤ ਵੀ ਵੱਜਦੇ ਆ"।

ਇਨ੍ਹਾਂ ਗੱਲਾਂ ਨੂੰ ਸੁਣ ਕੇ ਸਾਡਾ ਸਾਰਿਆਂ ਦਾ ਮਨ ਭਰ ਆਇਆ। ਬਾਪੂ ਲਗਾਤਾਰ ਬੋਲ ਰਿਹਾ ਸੀ। ਜਿਵੇਂ ਮੇਰੇ ਉਹ ਗਿੱਲੇ-ਸ਼ਿਕਵੇ, ਉਲਾਭਿਆਂ ਨੂੰ ਯਾਦ ਕਰਕੇ ਅੱਜ ਅਫ਼ਸੋਸ ਜ਼ਾਹਿਰ ਕਰ ਰਿਹਾ ਹੋਵੇ।

ਬਾਪੂ ਦਾ ਧਿਆਨ ਤੋੜਨ ਲਈ ਮੈਂ ਨਵੀਂ ਗੱਲ ਦਾ ਸਿਰਾ ਫੜ ਲਿਆ, ਕਿਉਂਕਿ ਮਹੀਨੇ ਕੁ ਤੀਕ ਮੇਰਾ ਵਿਆਹ ਹੋਣ ਕਰਕੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਮੈਂ ਕਿਹਾ "ਬਾਪੂ ਜੀ ਕੱਲ੍ਹ ਨੂੰ ਤੁਹਾਡੇ ਕੋਟ-ਪੈਂਟ ਦੀ ਸਿਲਾਈ ਵਾਲਾ ਕੰਮ ਵੀ ਆਪਾਂ ਨਿਬੇੜ ਦਈਏ ਨਾਲੇ ਬਰਾਤ ਲਈ ਗੱਡੀਆਂ ਵੀ ਬੁੱਕ ਕਰ ਆਵਾਂਗੇ"।

PunjabKesari

ਅਗਲੇ ਦਿਨ ਮੈਂ ਗੱਡੀਆਂ ਦੀ ਸਾਈ ਦੇਣ ਗਿਆ। ਸੁੱਚਾ ਸਿੰਘ ਮੇਰੇ ਨਾਲ ਸੀ, ਅਸੀਂ ਅਜੇ ਚਾਹ ਦੀ ਘੁੱਟ ਭਰਨ ਲਈ ਗਿਲਾਸ ਹੱਥ ਹੀ ਫੜੇ ਸਨ ਤਾਂ ਬਾਪੂ ਦੀ ਡਿਊਟੀ ਤੋਂ ਨਾਲ ਦੇ ਮੁਲਾਜ਼ਮ ਦਾ ਫੋਨ ਆਇਆ, 'ਅਲੀ! ਤੇਰਾ ਬਾਪੂ ਖਾਣਾ ਖਾ ਕੇ ਸੁੱਤਾ ਸੀ, ਹੁਣ ਜਾਗ ਨਹੀਂ ਰਿਹਾ। ਮੈਂ ਤੇ ਸੁੱਚਾ ਸਿੰਘ ਗਿਲਾਸ ਥਾਂਏ ਰੱਖ ਕੇ ਖੜੇ ਹੋਏ ਤੇ ਚੰਦ ਮਿੰਟਾਂ 'ਚ ਹੀ ਬਾਪੂ ਕੋਲ ਜਾ ਪਹੁੰਚੇ ਜਦ ਮੈਂ ਜਾ ਕਿ ਦੇਖਿਆ ਤਾਂ ਬਾਪੂ ਮੰਜੇ ਉੱਤੇ ਪਿਆ ਸੀ, ਬਾਪੂ ਨੂੰ ਹਲੂਣਿਆ ਤਾਂ ਬਾਪੂ ਸ਼ਾਂਤ ਸੀ, ਅੱਖਾਂ ਦੀ ਪਲਕਾਂ ਖੋਲੀਆਂ ਤਾਂ ਚੁੱਪ ਸਨ। ਬਾਪੂ ਦੇ ਦੋਵੇਂ ਹੱਥ ਖੋਲੇ। ਜਦੋਂ ਮੈਂ ਬਾਪੂ ਦੇ ਮੱਥੇ ਨੂੰ ਹੱਥ ਲਾਇਆ ਤਾਂ ਮੱਥਾ ਬਰਫ ਵਾਂਗ ਠੰਡਾ ਸੀ, ਫੇਰ ਮੈਂ ਬਾਪੂ ਦੀ ਛਾਤੀ ਨੂੰ ਕੰਨ ਲਾਇਆ ਤਾਂ ਮੇਰੀ ਚੀਕ ਨਿਕਲ ਗਈ। ਮੇਰੇ ਪੈਰਾਂ ਥੱਲਿਓ ਜ਼ਮੀਨ ਖਿਸਕ ਗਈ।ਮੈਂ ਤੇ ਸੁੱਚਾ ਸਿੰਘ ਕਾਹਲੀ-ਕਾਹਲੀ ਰੋਂਦੇ ਕੁਰਲਾਉਂਦੇ ਬਾਪੂ ਨੂੰ ਹਸਪਤਾਲ ਲੈ ਗਏ। ਹਸਪਤਾਲ ਦੇ ਡਾਕਟਰਾਂ ਨੇ ਬਾਹਰੋਂ ਹੀ ਚੈੱਕਅੱਪ ਕਰਨ ਉਪਰੰਤ ਦੱਸ ਦਿੱਤਾ ਕਿ ਸਾਹਾਂ ਦਾ ਭੌਰ ਉਡਾਰੀ ਮਾਰ ਚੁੱਕਿਆ ਏ।

ਮਾਂ ਨੂੰ ਵੀ ਦੱਸਣੋਂ ਡਰਦੇ ਸੀ ਕਿ ਕਿੱਧਰੇ ਬੀਬੀ ਨੂੰ ਵੀ ਕੁਝ ਹੋ ਨਾ ਜਾਵੇ। ਉਹ ਵੀ ਦਿਲ ਦੀ ਮਰੀਜ਼ ਸੀ। ਖੈਰ ਮਈਅਤ ਦੀਆਂ ਸਾਰੀਆਂ ਰਸਮਾਂ ਹੋਈਆਂ। ਵਿਆਹ ਵੇਲੇ ਜਦੋਂ ਵੀ ਕੋਈ ਸ਼ਗਨ ਹੋਣਾਂ ਮੇਰਾ ਬਾਪੂ ਨੂੰ ਯਾਦ ਕਰਕੇ ਮਨ ਭਰ ਆਉਣਾ। ਸਾਰੇ ਸਮਝਾਉਂਦੇ ਪਰ ਮੇਰੇ ਦਿਲ ਵਿਚਲੇ ਦਰਦ ਨੂੰ ਸਿਰਫ ਮੈਂ ਹੀ ਜਾਣਦਾ ਸੀ। ਵਿਆਹ ਮਗਰੋਂ ਘਰਦਿਆਂ ਨੇ ਸਲਾਹ ਮਸ਼ਵਰਾ ਕਰਕੇ ਬਾਪੂ ਦੀ ਨੌਕਰੀ ਮੈਂਨੂੰ ਦਿਵਾਉਣ ਲਈ ਹਾਮੀ ਭਰ ਦਿੱਤੀ। ਕਾਗਜ਼ਾਂ ਨੂੰ ਡੀਪਾਰਟਮੈਂਟ ਵਿਚ ਜਮ੍ਹਾਂ ਕਰਵਾਉਣ ਮਗਰੋਂ ਕਈ ਮਹੀਨੇ ਬੀਤ ਗਏ ਕਹਿਣ ਨੂੰ ਤਰਸ ਦੇ ਅਧਾਰ 'ਤੇ ਸੀ ਪਰ ਕੋਈ ਤਰਸ ਕਰਦਾ ਨਜ਼ਰ ਨਹੀਂ ਆਇਆ। ਉਨ੍ਹਾਂ ਦਿਨਾਂ 'ਚ ਪੰਜਾਬ ਸਰਕਾਰ ਵਲੋਂ ਮੇਰੀਆਂ ਸਾਹਿਤਕ ਪ੍ਰਾਪਤੀਆਂ ਕਰਕੇ 'ਸਟੇਟ ਅਵਾਰਡ' ਦੇਣ ਦਾ ਫੈਸਲਾ ਲੈ ਲਿਆ। ਕੁਦਰਤ ਨੇ ਨਵੀਂ ਖੇਡ ਖੇਡੀ, ਜਿਸ ਦਿਨ ਬਾਪੂ ਨੇ ਰਿਟਾਇਰ ਹੋਣਾ ਸੀ ਮੈਂ ਉਸੇ ਦਿਨ ਆਪਣੀ ਜੂਆਇਨਿੰਗ ਰਿਪੋਰਟ ਪੇਸ਼ ਕੀਤੀ।

PunjabKesari

ਜਦੋਂ ਮੈਂ ਦਫਤਰ ਦਾਖਲ ਹੋ ਕੇ ਹਾਜ਼ਰੀ ਲਾਉਂਦਾ…ਤਾਂ ਮੇਰੇ ਕੰਨਾਂ 'ਚ ਬਾਪੂ ਦੀਆਂ ਉਹ ਗੱਲਾਂ ਗੁੰਜਣ ਲੱਗਦੀਆਂ ਹਨ ਤੇ ਮੇਰੀਆਂ ਅੱਖਾਂ 'ਚ ਹੰਝੂ ਵਹਿ ਤੁਰਦੇ ਹਨ। ਜਿਹੜੀਆਂ ਗੱਲਾਂ ਬਾਪੂ ਨੇ ਤੁਰ ਜਾਣ ਤੋਂ ਪਹਿਲੀ ਰਾਤ ਇੰਟਰਵਿਊ ਸੁਣਨ ਮਗਰੋਂ ਕਹੀਆਂ ਸਨ। ਅੱਜ ਸੋਚਦਾ ਹਾਂ ਕਿ ਬਾਪੂ ਆਪ ਭਾਵੇਂ ਵਾਟਰਸਪਲਾਈ ਵਿਭਾਗ ਵਿਚ ਕੀ-ਮੈਨਸੀ ਸੀ ਪਰ ਬਾਪੂ ਨੇ ਆਪਣੀ ਜ਼ਿੰਦਗੀ ਦੇ ਕੇ ਮੈਂਨੂੰ ਕੁਰਸੀ 'ਤੇ ਬੈਠਣ ਲਈ ਜੋਗਾ ਕਰ ਦਿੱਤਾ, ਬੇਸ਼ੱਕ ਮੇਰੀ ਸਾਹਿਤਕ ਪ੍ਰਾਪਤੀਆਂ ਨੇ ਵੀ ਵੱਡਾ ਰੋਲ ਅਦਾ ਕੀਤਾ ਪਰ ਇਸ ਪਿੱਛੇ ਵੀ ਜੜ੍ਹ ਬਾਪੂ ਹੀ ਬਣਿਆ ਜਿਸਦਾ ਮੈਂ ਪਹਿਲਾਂ ਹੀ ਕਰਜ਼ਦਾਰ ਸਾਂ ਤੇ ਬਾਪੂ ਜਾਂਦਾ-ਜਾਂਦਾ ਆਹ ਨਾ ਉਤਰੇ ਜਾਣ ਵਾਲ਼ੇ ਕਰਜ਼ ਦਾ ਗੱਡਾ ਆਹ ਕੇ ਮੇਰੇ ਸਿਰ ਲੱਦ ਗਿਆ। ਖੈਰ ! ਇਹ ਸੱਚ ਹੈ ਕਿ ਬਾਪੂ ਦਾ ਕਰਜ਼ ਮੈਂ ਚਾਹ ਵੀ ਕਦੇ ਨਹੀਂ ਲਾਹ ਨਾ ਸਕਾਂ।

ਬਾਪੂ ਨੂੰ ਦੁਨੀਆਂ ਤੋਂ ਰੁਖ਼ਸਤ ਹੋਇਆ ਅਜੇ ਤੇਰਾਂ ਈ ਮਹੀਨੇ ਹੋਏ ਸਨ ਕਿ ਬੀਬੀ (ਮਾਂ) ਵੀ ਅਲਵਿਦਾ ਆਖ ਗਈ, ਜਿਸ ਮਾਂ ਦੀਆ ਦੁਆਵਾਂ/ਅਸੀਸਾਂ ਨੇ ਮੈਨੂੰ ਇਸ ਮੁਕਾਮ ’ਤੇ ਪੁਚਾਇਆ, ਜਿਹੜੀ ਕਿ ਮੇਰੇ ਲਈ ਮੀਲ ਪੱਥਰ ਸੀ, ਉਸਤਾਦ ਤੇ ਸਲਾਹੀਆ ਸੀ ਮੇਰਾ, ਉਸ ਮਾਂ ਦੇ ਵਿਛੋੜੇ ਨੇ ਮੈਨੂੰ ਬਿਲਕੁਲ ਹੀ ਤੋੜ ਕੇ ਧਰ ਦਿੱਤਾ। ਦੁਨੀਆ ਸੁੰਨਮ ਸੁੰਨੀ ਹੋ ਗਈ। ਆਪੇ ਰੋ ਹੱਸ ਪੈਦਾ ਹਾਂ। ਅੱਜ ਜਦੋਂ ਰਾਜਪੁਰਿਓਂ ਆਪਣੇ ਨਾਨਕੇ ਪਿੰਡ ਨੰਡਿਆਲ਼ੀ (ਮੋਹਾਲੀ) ਨੂੰ ਜਾ ਰਿਹਾ ਸੀ ਤਾਂ ਮੇਰੀ ਗੱਡੀ ਦੇ ਐੱਫ. ਐੱਮ.ਰੇਡੀਓ 'ਤੇ ਗੀਤ ਵੱਜਣ ਲੱਗਿਆ," ਬਾਪੂ ਤੇਰੇ ਕਰਕੇ ਮੈਂ ਪੈਰਾਂ 'ਤੇ ਖਲੋ ਗਿਆ,

ਤੂੰ ਸਾਇਕਲਾਂ 'ਤੇ ਕੱਟੀ ਮੈਂ ਗੱਡੀ ਜੋਗਾ ਹੋ ਗਿਆ"। ਮੇਰੀਆਂ ਅੱਖਾਂ  ਭਰ ਆਈਆਂ ਤੇ ਮੈ ਨਾਲ਼-ਨਾਲ ਗਾਉਣ ਲੱਗਿਆ।

PunjabKesari


author

rajwinder kaur

Content Editor

Related News