ਪਿੰਡ ਭਾਗਸਰ ਤੋਂ ਦਿੱਲੀ ਰੋਸ ਧਰਨੇ ਵਿਚ ਜਾਣ ਲਈ ਕਿਸਾਨਾਂ ਦਾ 21ਵਾਂ ਜਥਾ ਹੋਇਆ ਰਵਾਨਾ

12/23/2020 12:22:37 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ): ਇਸ ਖੇਤਰ ਦੇ ਪਿੰਡ ਭਾਗਸਰ ਦੇ ਕਿਸਾਨਾਂ ’ਚ ਦਿੱਲੀ ਵਿਖੇ ਲਗਾਏ ਗਏ ਰੋਸ ਧਰਨੇ ’ਚ ਸ਼ਾਮਲ ਹੋਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਹੁਣ ਤੱਕ ਦਰਜਨਾਂ ਕਿਸਾਨ ਇਸ ਸੰਘਰਸ਼ ’ਚ ਆਪਣਾ ਯੋਗਦਾਨ ਪਾਉਣ ਲਈ ਕਿਸਾਨਾਂ ਦਾ ਸਾਥ ਦੇਣ ਲਈ ਦਿੱਲੀ ਪੁੱਜੇ ਹਨ। ਜਿਸ ਦਿਨ ਦਿੱਲੀ ਜਾਣ ਦਾ ਫੈਸਲਾ ਕਿਸਾਨ ਜਥੇਬੰਦੀਆਂ ਵਲੋਂ ਕੀਤਾ ਗਿਆ ਸੀ, ਉਸੇ ਦਿਨ ਤੋਂ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਗਰੁੱਪ ਦੀ ਅਗਵਾਈ ਹੇਠ ਉਕਤ ਪਿੰਡ ਤੋਂ ਕਿਸਾਨਾਂ ਦੇ ਜਥੇ ਦਿੱਲੀ ਜਾ ਰਹੇ ਹਨ।

ਬੀਤੀ ਸ਼ਾਮ ਕਿਸਾਨਾਂ ਦਾ 21ਵਾਂ ਜਥਾ ਪਿੰਡ ਭਾਗਸਰ ਤੋਂ ਦਿੱਲੀ ਜਾਣ ਲਈ ਰਵਾਨਾ ਹੋਇਆ। ਇਸ ਜਥੇ ’ਚ ਡਾਕਟਰ ਗੁਰਮੀਤ ਸਿੰਘ, ਕਨਵਰ ਦੀਪ ਸਿੰਘ, ਅਰਸ਼ ਬਰਾੜ, ਕੇਵਲ ਸਿੰਘ, ਨਰ ਸਿੰਘ, ਦਿਨੇਸ਼, ਬੱਬੀ, ਲਾਭ ਸਿੰਘ ਤੇ ਸੋਨੂ ਆਦਿ ਮੌਜੂਦ ਸਨ। ਇਸੇ ਦੌਰਾਨ ਯੂਨੀਅਨ ਦੇ ਇਕਾਈ ਪ੍ਰਧਾਨ ਹਰਫੂਲ ਸਿੰਘ, ਸੀਨੀਅਰ ਆਗੂ ਗੁਰਾਦਿੱਤਾ ਸਿੰਘ ਤੇ ਕਾਮਰੇਡ ਜਗਦੇਵ ਸਿੰਘ ਨੇ ਕਿਹਾ ਕਿ ਸਮੁੱਚੇ ਪਿੰਡ ਵਾਸੀ ਇਸ ਕਿਸਾਨੀ ਸੰਘਰਸ਼ ਵਿੱਚ ਹਰ ਪੱਖੋਂ ਬਹੁਤ ਜਿਆਦਾ ਯੋਗਦਾਨ ਪਾ ਰਹੇ ਹਨ। ਪਿੰਡ ਦੇ ਨੌਜਵਾਨਾਂ ਵਿੱਚ ਵੀ ਪੂਰਾ ਜੋਸ਼ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਖੇ ਕਿਸਾਨਾਂ ਦੇ ਸੰਘਰਸ਼ ਨੂੰ ਚੱਲਦਿਆਂ ਲਗਭਗ ਇਕ ਮਹੀਨਾ ਬੀਤਣ ਵਾਲਾ ਹੈ ਤੇ ਆਪਣੇ ਹੱਕ ਲੈਣ ਲਈ ਕਿਸਾਨ ਪੂਰਾ ਟਿੱਲ ਵਾਲਾ ਜੋਰ ਲਗਾ ਰਹੇ ਹਨ। ਜਿੰਨਾ ਚਿਰ ਕੇਂਦਰ ਸਰਕਾਰ ਖੇਤੀ ਵਿਰੋਧੀ ਬਿੱਲਾਂ ਨੂੰ ਰੱਦ ਨਹੀਂ ਕਰਦੀ, ਉਹਨਾਂ ਚਿਰ ਕਿਸਾਨ ਦਿੱਲੀਓਂ ਮੁੜਨ ਵਾਲੇ ਨਹੀਂ ਹਨ।


Shyna

Content Editor

Related News