ਝੁੱਗੀ-ਝੌਂਪੜੀ ਵਾਲੇ 200 ਬੱਚਿਆਂ ਨੂੰ ਤਰਾਸ਼ ਕੇ ਬਣਾਇਆ ‘ਹੀਰੇ’

12/12/2018 1:35:38 AM

ਮੋਗਾ, (ਗੋਪੀ)- ਅਜੋਕੇ ਸਮੇਂ ’ਚ ਹਰ ਇਕ ਇਨਸਾਨ ਦਾ ਸਿੱਖਿਅਤ ਹੋਣਾ ਬੇਹੱਦ ਲਾਜ਼ਮੀ ਹੈ ਕਿਉਂਕਿ ਬਦਲਦੀ ਤਕਨੀਕ ਨਾਲ ਜੇਕਰ ਇਨਸਾਨ ਸਿੱਖਿਆ ਤੋਂ ਵਾਂਝਾ ਹੋਵੇਗਾ ਤਾਂ ਉਹ ਸਮੇਂ ਦੇ ਹਾਣੀ ਬਣਨ ਤੋਂ ਅਸਮਰੱਥ ਹੈ ਅਤੇ ਜੇਕਰ ਇਨਸਾਨ ਸਿੱਖਿਆ ਨਾਲ ਨਿਪੁੰਨ ਹੋਵੇਗਾ ਤਾਂ ਉਹ ਸਿਰਫ ਆਪਣਾ ਭਵਿੱਖ ਹੀ ਨਹੀਂ ਬਲਕਿ ਸਮੁੱਚੇ ਸਮਾਜ ਦੀ ਦਿੱਖ ਸੁਧਾਰਨ ’ਚ ਆਪਣੀ ਅਹਿਮ ਭੂਮਿਕਾ ਨਿਭਾਏਗਾ। ਬੇਸ਼ੱਕ ਸਮੇਂ ਦੀਆਂ ਸਰਕਾਰਾਂ ਵੱਲੋਂ ਸਿੱਖਿਆ ਪੱਧਰ ਨੂੰ ਉੱਪਰ ਚੁੱਕਣ ਲਈ ਨਵੀਆਂ ਸਕੀਮਾਂ ਚਲਾ ਕੇ ਉਪਰਾਲੇ ਕੀਤੇ ਗਏ ਹਨ ਤਾਂ ਕਿ ਦਿਹਾਤੀ ਖੇਤਰ ਦੇ ਨਾਲ-ਨਾਲ ਗਰੀਬੀ ਰੇਖਾ ਹੇਠ ਆਉਣ ਵਾਲੇ ਬੱਚੇ ਵੀ ਆਪਣਾ ਭਵਿੱਖ ਸੰਵਾਰ ਸਕਣ ਪਰ ਮੋਗਾ ਸ਼ਹਿਰ ਦੇ ਝੁੱਗੀਆਂ-ਝੌਂਪਡ਼ੀਆਂ ਵਾਲੇ ਇਲਾਕੇ ’ਚ ਅੱਜ ਤੋਂ 13 ਸਾਲ ਪਹਿਲਾਂ ਮੋਗਾ ਦੇ ਇਕ ਐਡਵੋਕੇਟ ਚੰਦਰ ਭਾਨ ਖੇਡ਼ਾ ਵੱਲੋਂ ਸਥਾਪਿਤ ਕੀਤਾ ਗਿਆ ਵਿਦਰਿੰਗ ਰੋਸਿਜ਼ ਚੈਰੀਟੇਬਲ ਸਕੂਲ ਅੱਜ ਸਮੁੱਚੇ ਸਮਾਜ ਲਈ ਵੱਡੀ ਮਿਸਾਲ ਬਣ ਚੁੱਕਾ ਹੈ। ਆਪਣੇ ਬੇਟੇ ਦੀ ਯਾਦ ’ਚ ਬਜ਼ੁਰਗ ਐਡਵੋਕੇਟ ਖੇਡ਼ਾ ਵੱਲੋਂ 2005 ’ਚ ਵਿਦਿਆਰਥੀਆਂ ਨੂੰ ਸਿੱਖਿਆ ਦਾ ਚਾਨਣ ਵੰਡਣ ਦੇ ਮਕਸਦ ਨਾਲ ਸਥਾਪਿਤ ਕੀਤੇ  ਗਏ ਇਸ ਸਕੂਲ ਰਾਹੀਂ ਹੁਣ ਤੱਕ ਐਡਵੋਕੇਟ ਖੇਡ਼ਾ ਵੱਲੋਂ 200 ਦੇ ਕਰੀਬ ਗਰੀਬ ਬੱਚਿਆਂ ਨੂੰ ਤਰਾਸ਼ ਕੇ ‘ਹੀਰੇ’ ਬਣਾ ਦਿੱਤਾ  ਗਿਆ ਹੈ। ਉਨ੍ਹਾਂ ਵੱਲੋਂ ਆਪਣੇ ਪੱਧਰ ’ਤੇ ਚਲਾਏ ਜਾ ਰਹੇ ਇਸ ਅੰਗਰੇਜ਼ੀ ਮੀਡੀਅਮ ਸਕੂਲ ’ਚੋਂ ਗਰੀਬ ਵਿਦਿਆਰਥੀ ‘ਅਮੀਰ’ ਸਿੱਖਿਆ ਹਾਸਲ ਕਰ ਕੇ ਆਪਣਾ ਜੀਵਨ ਸੁਧਾਰ ਰਹੇ ਹਨ। ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਲਈ ਇਸ ਸਕੂਲ ’ਚ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। 
 ਵਿਦਿਆਰਥੀ ਜਦੋਂ ਇੰਗਲਿਸ਼ ’ਚ ਗੱਲਬਾਤ ਕਰਦੇ ਹਨ ਤਾਂ ਰੂਹ ਖੁਸ਼ ਹੋ ਜਾਂਦੀ ਹੈ; ਤੁਸ਼ਾਰ ਗੋਇਲ
 ਗੱਲਬਾਤ ਕਰਦਿਆਂ ਸਰਬੱਤ ਦਾ ਭਲਾ ਸੋਸਾਇਟੀ ਦੇ ਪ੍ਰਧਾਨ ਨੌਜਵਾਨ ਆਗੂ ਤੁਸ਼ਾਰ ਗੋਇਲ ਨੇ ਕਿਹਾ ਕਿ ਸਕੂਲ ਨੂੰ ਚਲਾਉਣ ਵਾਲੇ ਖੇਡ਼ਾ ਨੇ ਦਾਨ ਦੀ ਦਿਸ਼ਾ ਨੂੰ ਹੀ ਬਦਲ ਕੇ ਰੱਖ ਦਿੱਤਾ ਹੈ ਅਤੇ ਉਨ੍ਹਾਂ ਸਾਬਿਤ ਕੀਤਾ ਹੈ ਕਿ ਅਸਲ ਸੱਚ ’ਚ ਦਾਨ ਕਿਸ ਨੂੰ ਆਖਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਉਹ ਸੋਸਾਇਟੀ ਮੈਂਬਰਾਂ ਨਾਲ ਸਕੂਲ ’ਚ ਜਾਂਦੇ ਹਨ ਤਾਂ ਸਾਹਮਣੇ ਤੋਂ ਵਿਦਿਆਰਥੀਆਂ ਵੱਲੋਂ ਇੰਗਲਿਸ਼ ’ਚ ਗੱਲਬਾਤ ਕੀਤੀ ਜਾਂਦੀ ਹੈ, ਜਿਸ ਨੂੰ ਦੇਖ ਕੇ ਰੂਹ ਖੁਸ਼ ਹੋ ਜਾਂਦੀ ਹੈ ਅਤੇ ਉਹ ਸਭ ਮਹਿਸੂਸ ਕਰਦੇ ਹਨ ਕਿ ਅਸਲ ਦਾਨ ਇਹ ਹੀ ਹੈ। ਉਨ੍ਹਾਂ ਦੱਸਿਆ ਕਿ ਉਹ ਸੋਸਾਇਟੀ ਮੈਂਬਰਾਂ ਅਰਜੁਨ ਕਾਂਸਲ, ਸੁਖਜੀਤ, ਸੌਰਵ ਬਜਾਜ, ਰੋਬਿਨ ਗੋਇਲ, ਸੁਮੀਤ ਬਾਂਸਲ, ਸਾਹਿਲ ਅਰੋਡ਼ਾ, ਰੋਹਿਤ ਖੁਰਾਣਾ, ਨਮੇਸ਼ ਜਿੰਦਲ, ਵਿਕਾਸ ਗੁਪਤਾ, ਵਰੁਣ ਮਿੱਤਲ, ਸੌਰਵ ਬਾਂਸਲ, ਗੌਰਵ ਗੋਇਲ, ਸ਼ਵੇਤ ਗੁਪਤਾ, ਹਨੀ ਗਰਗ, ਡਾ. ਕਨੂੰ ਗੋਇਲ, ਸਾਹਿਲ ਗੋਇਲ, ਡਾ. ਸਿਧਾਰਥ ਗੁਪਤਾ, ਸ਼ੁਭਮ ਗਰਗ, ਮਹੇਸ਼ ਮੰਗਲਾ ਦੇ ਸਹਿਯੋਗ ਨਾਲ ਐਡਵੋਕੇਟ ਚੰਦਰਭਾਨ ਖੇਡ਼ਾ ਦੀ ਪ੍ਰੇਰਨਾ ਸਦਕਾ ਸਕੂਲ ’ਚ ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਭਵਿੱਖ ਸੁਧਾਰਨ ’ਚ ਹਮੇਸ਼ਾ  ਉਹ ਆਪਣਾ ਅਹਿਮ ਯੋਗਦਾਨ ਦੇਣ ਲਈ ਤੱਤਪਰ ਰਹਿਣਗੇ।
20 ਬੱਚਿਆਂ ਨਾਲ ਸ਼ੁਰੂ ਕੀਤਾ ਗਿਆ ਸੀ ਸਕੂਲ 
 ਸਕੂਲ ਨੂੰ ਸਥਾਪਤ ਕਰਨ ਵਾਲੇ ਐਡਵੋਕੇਟ ਚੰਦਰ ਭਾਨ ਖੇਡ਼ਾ ਨੇ ਜਦੋਂ ਪਹਿਲੀ ਦਫ਼ਾ ਸਕੂਲ ਚਲਾਇਆ ਤਾਂ ਉਸ ਵੇਲੇ ਇਸ ਸਕੂਲ ਵਿਚ ਸਿਰਫ 20 ਵਿਦਿਆਰਥੀ ਹੀ ਸਿੱਖਿਆ ਹਾਸਲ ਕਰਨ ਲਈ ਵਿਦਿਆ ਦੇ ਮੰਦਰ ਦੀ ਦਹਿਲੀਜ਼ ’ਤੇ ਆਏ, ਇਸ ਮਗਰੋਂ ਹੌਲੀ-ਹੌਲੀ ਸਕੂਲ ਵਿਚ ਵਿਦਿਆਰਥੀਆਂ ਦੀ ਗਿਣਤੀ ਵੱਧਦੀ ਗਈ ਅਤੇ ਅੱਜ ਇਸ ਸਕੂਲ ਵਿਚ 100 ਦੇ ਲਗਭਗ ਵਿਦਿਆਰਥੀ ਸਿੱਖਿਆ ਹਾਸਲ ਕਰ ਰਹੇ ਹਨ। 
ਸਰਬੱਤ ਦਾ ਭਲਾ ਸੋਸਾਇਟੀ ਨਿਭਾਅ ਰਹੀ ਹੈ ਅਹਿਮ ਭੂਮਿਕਾ
 ਐਡਵੋਕੇਟ ਖੇਡ਼ਾ ਵਲੋਂ ਆਰੰਭੇ  ਗਏ ਇਸ ਨੇਕ ਕਾਰਜ ’ਚ 2014 ਤੋਂ ਲਗਾਤਾਰ ‘ਸਰਬੱਤ ਦਾ ਭਲਾ ਸੋਸਾਇਟੀ’ ਦੇ ਸਮੁੱਚੇ ਅਹੁਦੇਦਾਰ ਤੇ ਮੈਂਬਰ ਅਹਿਮ ਯੋਗਦਾਨ ਪਾ ਰਹੇ ਹਨ।  ਸੋਸਾਇਟੀ ਵੱਲੋਂ ਪ੍ਰਧਾਨ ਤੁਸ਼ਾਰ ਗੋਇਲ ਦੀ ਅਗਵਾਈ ਹੇਠ ਹਰ ਮਹੀਨੇ ਸਕੂਲ ਲਈ 10 ਹਜ਼ਾਰ ਰੁਪਏ ਦੀ ਰਾਸ਼ੀ ਦਾਨ ਦੇ ਕੇ ਸਕੂਲ ਚਲਾਉਣ ਵਿਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਇਸ ਤੋਂ ਇਲਾਵਾ ਹੋਰ ਸਮਾਜ ਸੇਵੀਆਂ ਵੱਲੋਂ ਦਾਨ ਦਿੱਤਾ ਜਾਂਦਾ ਹੈ, ਉਸ ਨੂੰ ਮਿਲਾ ਕੇ ਹੀ  ਖੇਡ਼ਾ ਵੱਲੋਂ  ਸਟਾਫ ਨੂੰ ਤਨਖਾਹਾਂ ਦੇਣ ਲਈ ਖਰਚਾ ਕੱਢਿਆ ਜਾਂਦਾ ਹੈ। 
 


KamalJeet Singh

Content Editor

Related News