ਬੁੱਢਾ ਨਾਲਾ ਪੁਲ ਢਹਿਣ ਕਾਰਨ ਲੋਡ ਟਿੱਪਰ ਪਲਟਿਆ

Monday, Dec 24, 2018 - 05:38 AM (IST)

ਬੁੱਢਾ ਨਾਲਾ ਪੁਲ ਢਹਿਣ ਕਾਰਨ ਲੋਡ ਟਿੱਪਰ ਪਲਟਿਆ

ਲੁਧਿਆਣਾ, (ਜ. ਬ.)– ਸਮਰਾਲਾ ਚੌਕ ਤੋਂ ਜਲੰਧਰ ਵੱਲ  ਨੂੰ ਜਾਣ ਸਮੇਂ ਨੈਸ਼ਨਲ ਹਾਈਵੇ ਮਾਰਗ ’ਤੇ ਤਾਜਪੁਰ ਚੌਕ ਬੁੱਢੇ ਨਾਲੇ ’ਤੇ ਰੇਤ ਨਾਲ ਭਰੇ ਹੋਏ ਗਲਤ ਸਾਈਡ ਚਲ ਰਹੇ ਟਿੱਪਰ ਦੇ ਗੁਜ਼ਰਦੇ ਸਮੇਂ ਪੁਲ ਦਾ ਵੱਡਾ ਹਿੱਸਾ ਢਹਿ ਜਾਣ ਨਾਲ ਰੇਤ ਨਾਲ ਭਰਿਆ ਟਿੱਪਰ ਹੇਠਾਂ ਜਾ ਡਿੱਗਾ। ਪੁਲ ਢਹਿ ਜਾਣ ਕਾਰਨ ਹਾਈਵੇ ’ਤੇ ਹਫੜਾ-ਦਫੜੀ ਮਚ ਗਈ। ਟਿਪਰ ਚਾਲਕ ਦੇ ਅੰਦਰ ਫਸਣ ’ਤੇ ਰਾਹਗੀਰਾਂ ਨੇ ਬਿਨਾਂ ਸਮਾਂ ਖਰਾਬ ਕਰਦੇ ਹੋਏ ਬਚਾਅ ਕੰਮ ਸ਼ੁਰੂ ਕੀਤਾ ਤੇ ਟਿੱਪਰ ਚਾਲਕ ਗੁਰਪ੍ਰੀਤ ਸਿੰਘ  ਨੂੰ ਬਾਹਰ ਕੱਢ ਲਿਆ ਤੇ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ। ਹਾਈਵੇ ’ਤੇ ਹਾਦਸੇ ਮਗਰੋਂ ਬੁਰੀ ਤਰ੍ਹਾਂ ਟਰੈਫਿਕ ਜਾਮ ਲੱਗ ਗਿਆ। ਹਾਦਸੇ ਦੀ ਸੂਚਨਾ ਮਿਲਦਿਅਾਂ ਹੀ ਏ. ਸੀ. ਪੀ. ਟਰੈਫਿਕ ਗੁਰਦੇਵ ਸਿੰਘ ਪੁਲਸ ਮੁਲਾਜ਼ਮਾਂ ਤੇ ਅਫਸਰਾਂ ਨਾਲ ਪਹੁੰਚੇ ਤੇ ਮੌਕਾ ਦੇਖ ਕੇ ਤੁਰੰਤ ਹੀ ਮੁਲਾਜ਼ਮਾਂ ਨੂੰ ਮੋਰਚਾ ਸੰਭਾਲਣ ਲਈ ਕਿਹਾ। ਪੁਲਸ ਟਿੱਪਰ ਚਾਲਕ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਕਿਧਰੇ ਗੈਰ-ਕਾਨੂੰਨੀ ਢੰਗ ਨਾਲ ਤਾਂ ਰੇਤ ਦਾ ਕਾਰੋਬਾਰ ਨਹੀਂ ਕੀਤਾ ਜਾ ਰਿਹਾ ਸੀ। ਟਿੱਪਰ ਚਾਲਕ  ਨੇ ਪੁਲਸ ਨੂੰ ਕਿਹਾ ਕਿ ਸਮਰਾਲਾ ਚੌਕ ਪਾਸੇ ਹੈਵੀ ਗੱਡੀਆਂ ’ਤੇ ਲੱਗੀ ਰੋਕ ਨੂੰ ਲੈ ਕੇ ਉਸ ਨੇ ਟਿੱਪਰ ਗਲਤ ਦਿਸ਼ਾ ਤੋਂ ਲੈ ਕੇ ਜਾਣਾ ਚਾਹਿਆ, ਜਿਵੇਂ ਹੀ ਬੁੱਢੇ ਨਾਲੇ ਪੁਲ ਉਪਰੋਂ  ਗੁਜ਼ਰਨ ਲੱਗਾ ਤਾਂ ਪੁਲ  ਨਾਲ ਵਾਲਾ ਹਿੱਸਾ ਟੁੱਟ ਕੇ ਢਹਿ ਗਿਆ ਤੇ ਟਿੱਪਰ ਹੇਠਾਂ ਜਾ ਕੇ ਡਿੱਗਾ ਤੇ ਪਲਟ ਗਿਆ। ਐੱਸ. ਆਈ. ਬਲਜੀਤ ਸਿੰਘ ਨੇ ਕਿਹਾ ਕਿ ਜੋ ਵੀ ਕਾਨੂੰਨ ਮੁਤਾਬਕ ਕਾਰਵਾਈ ਬਣੇਗੀ, ਕੀਤੀ ਜਾਵੇਗੀ।
ਸੂਤਰਾਂ ਮੁਤਾਬਕ ਜੋ ਚਾਲਕ ਟਿੱਪਰ ਚਲਾ ਰਿਹਾ ਸੀ ਦੀ ਥਾਂ ਕਿਸੇ ਦੂਸਰੇ ਚਾਲਕ ਨੂੰ ਪੁਲਸ ਸਾਹਮਣੇ ਪੇਸ਼ ਕਰ ਦਿੱਤਾ ਗਿਆ। ਦੂਸਰੇ ਪਾਸੇ ਸੂਤਰਾਂ ਮੁਤਾਬਕ ਰੇਤ ਕਾਰੋਬਾਰ ’ਚ ਇਕ ਪੱਤਰਕਾਰ ਦਾ ਨਾਂ ਵੀ ਆ ਰਿਹਾ ਹੈ (ਜਗ ਬਾਣੀ ਦਾ ਨਹੀਂ) ਜੋ ਕਿ ਮੀਡੀਆ ਵਾਲਿਆਂ ਨੂੰ ਕਵਰਿੰਗ ਕਰਨ ਤੋਂ ਰੋਕ ਰਿਹਾ ਸੀ, ਨਾਲੇ ਰਿਕਾਰਡਿੰਗ ਤੇ ਫੋਟੋਆਂ ਡਿਲੀਟ ਕਰਨ ਨੂੰ ਕਹਿ ਰਿਹਾ ਸੀ, ਉਸ ਦੀ ਮੀਡੀਆ ਵਾਲਿਆਂ ਨਾਲ ਗਰਮਾ ਗਰਮੀ ਵੀ ਹੋਈ। ਪੁਲਸ ਨੇ ਮਾਮਲਾ ਸ਼ਾਂਤ ਕੀਤਾ। ਮੌਕਾ ਪਾ ਕੇ ਉਹ ਪੱਤਰਕਾਰ ਉਥੋਂ ਖਿਸਕ ਗਿਆ। 
ਜਗ ਬਾਣੀ ਵਲੋਂ ਪੁਲ ਦੀ ਖਸਤਾ ਹਾਲਤ ਨੂੰ ਲੈ ਕੇ ਪਹਿਲਾਂ ਹੀ ਖਤਰੇ ਬਾਬਤ ਸੁਚੇਤ ਕੀਤਾ ਗਿਆ ਸੀ। ਆਖੀਰ ਉਹ ਹੀ ਹੋਇਆ, ਜਿਸ ਦਾ ਡਰ ਸੀ। 
 


Related News