ਹਵਾਲਾਤੀ ਤੋਂ 1.63 ਲੱਖ ਰਿਸ਼ਵਤ ਵਸੂਲੀ ਮਾਮਲੇ ’ਚ ਉਪ ਜੇਲ੍ਹ ਸੁਪਰਡੈਂਟ ਸਮੇਤ ਤਿੰਨ ਨਾਮਜ਼ਦ

10/04/2021 1:29:06 PM

ਫਰੀਦਕੋਟ (ਜਗਤਾਰ): ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ’ਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਦੇ ਕੋਲ ਮੋਬਾਇਲ ਅਤੇ ਨਸ਼ਾ ਪਹੁੰਚਣ ਦੇ ਪਿੱਛੇ ਆਖ਼ਿਰਕਾਰ ਜੇਲ੍ਹ ਅਧਿਕਾਰੀਆਂ ਦੀ ਸ਼ਮੂਲੀਅਤ ਸਾਹਮਣੇ ਆ ਹੀ ਗਈ ਹੈ। ਥਾਣਾ ਕੋਤਵਾਲੀ ਪੁਲਸ ਨੇ ਪੌਣੇ ਦੋ ਸਾਲ ਪਹਿਲਾਂ ਜਨਵਰੀ 2020 ਵਿੱਚ ਫਰੀਦਕੋਟ ਜੇਲ੍ਹ ’ਚ ਬੰਦ ਇੱਕ ਹਵਾਲਾਤੀ ਨੇ ਜੇਲ੍ਹ ਅਧਿਕਾਰੀਆਂ ’ਤੇ ਪੈਸੇ ਲੈ ਕੇ ਮੋਬਾਇਲ ਅਤੇ ਨਸ਼ਾ ਉਪਲੱਬਧ ਕਰਵਾਏ ਜਾਣ ਦੇ ਗੰਭੀਰ ਇਲਜ਼ਾਮ ਲਗਾਉਂਦੇ ਇੱਕ ਵੀਡੀਓ ਬਣਾ ਕੇ ਵਾਇਰਲ ਕੀਤੀ ਸੀ। ਜਿਸ ਦਾ ਨੋਟਿਸ ਲੈਂਦੇ ਹੋਏ ਰਾਜ ਦੇ ਜੇਲ੍ਹ ਵਿਭਾਗ ਨੇ ਜ਼ਿਲ੍ਹਾ ਪੁਲਸ ਨੂੰ ਪੂਰੇ ਮਾਮਲੇ ਦੀ ਪੜਤਾਲ ਕਰਕੇ ਕਾਰਵਾਈ ਕਰਨ ਲਈ ਕਿਹਾ ਸੀ। ਇਸ ਸ਼ਿਕਾਇਤ ’ਤੇ ਲੰਮੀ ਪੜਤਾਲ ਦੇ ਬਾਅਦ ਹੁਣ ਪੁਲਸ ਨੇ ਵੀਡੀਓ ਵਾਇਰਲ ਕਰਣ ਵਾਲੇ ਹਵਾਲਾਤੀ ਵਲੋਂ 1ਲੱਖ 63 ਹਜ਼ਾਰ ਦੀ ਰਿਸ਼ਵਤ ਵਸੂਲ ਕਰਨ ਦੇ ਇਲਜ਼ਾਮ ’ਚ ਜੇਲ੍ਹ ਦੇ ਤਤਕਾਲੀਨ ਸਹਾਇਕ ਸੁਪਰਡੈਂਟ ਗੁਰਜੀਤ ਸਿੰਘ ਬਰਾੜ,ਵਾਰੰਟ ਅਫ਼ਸਰ ਤਰਸੇਮ ਪਾਲ ਅਤੇ ਜੇਲ੍ਹ ਵਾਰਡਨ ਗੁਰਤੇਜ ਸਿੰਘ  ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਅਤੇ ਜੇਲ੍ਹ ਐਕਟ ਦੇ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਰੀ ਦਿੰਦੇ ਹੋਏ ਐੱਸ.ਪੀ. ਬਾਲ ਕ੍ਰਿਸ਼ਨ ਸਿੰਗਲਾ ਦੇ ਅਨੁਸਾਰ ਉਨ੍ਹਾਂ ਦੇ ਕੋਲ 30 ਜਨਵਰੀ 2020 ਨੂੰ ਜੇਲ੍ਹ ਵਿਭਾਗ ਦੇ ਪ੍ਰਮੁੱਖ ਸਕੱਤਰ ਆਰ ਵੈਕਟ ਰਤਨਮ ਦੀ ਹਿਦਾਇਤ ’ਤੇ ਵਿਭਾਗ ਦੀ ਜੇਲ੍ਹ ਸ਼ਾਖਾ ਦੇ ਸੁਪਰਡੈਂਟ ਜਗਤਾਰ ਸਿੰਘ ਦੇ ਵੱਲੋਂ ਸ਼ਿਕਾਇਤ ਭੇਜ ਕੇ ਪੂਰੇ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਗਿਆ ਸੀ।ਇਸ ਸ਼ਿਕਾਇਤ ’ਤੇ ਡੀ.ਐਸ.ਪੀ. (ਡੀ) ਜਸਤਿੰਦਰ ਸਿੰਘ  ਧਾਲੀਵਾਲ ਦੇ ਵੱਲੋਂ ਜਾਂਚ ਕੀਤੀ ਗਈ ਅਤੇ ਦੋਸ਼ਾਂ ਦੀ ਪੁਸ਼ਟੀ ਹੋਣ ’ਤੇ ਪੁਲਸ ਨੇ ਥਾਣਾ ਕੋਤਵਾਲੀ ਵਿੱਚ ਉਕਤ ਤਿੰਨਾਂ ਜੇਲ੍ਹ ਅਧਿਕਾਰੀਆਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ।ਫ਼ਿਲਹਾਲ ਇਸ ਕੇਸ ’ਚ ਹੁਣੇ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ ਅਤੇ ਅਗਲੀ ਕਾਰਵਾਈ ਦੀ ਜ਼ਿੰਮੇਵਾਰੀ ਵਰਤਮਾਨ ਡੀ.ਐਸ.ਪੀ. (ਡੀ) ਗੁਰਪ੍ਰਤਾਪ ਸਿੰਘ ਸਹੋਤਾ ਨੂੰ ਸੌਂਪੀ ਗਈ ਹੈ।
 


Shyna

Content Editor

Related News