ਸਰਕਾਰੀ ਹਸਪਤਾਲ ’ਚ ਡਾਕਟਰ ਨਾ ਹੋਣ ਕਾਰਨ ਡੇਂਗੂ ਤੋਂ ਪੀੜਤ ਮਰੀਜ਼ ਪ੍ਰੇਸ਼ਾਨ
Sunday, Nov 04, 2018 - 06:15 AM (IST)

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ, (ਸੁਖਪਾਲ, ਪਵਨ)- ਭਾਵੇਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਡੇਂਗੂ ’ਤੇ ਕੰਟਰੋਲ ਕਰਨ ਲਈ ਕਾਫ਼ੀ ਉਪਰਾਲੇ ਕੀਤੇ ਗਏ ਸਨ। ਕੈਂਪ, ਸੈਮੀਨਾਰ ਅਤੇ ਰੈਲੀਆਂ ਕੱਢ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਕੂਲਰਾਂ, ਟਾਇਰਾਂ ਅਤੇ ਹੋਰ ਥਾਵਾਂ ’ਤੇ ਖਡ਼੍ਹੇ ਪਾਣੀ ਨੂੰ ਬਾਹਰ ਕਢਵਾਇਆ ਗਿਆ ਸੀ। ਮੱਛਰਾਂ ਨੂੰ ਮਾਰਨ ਲਈ ਫੌਗਿੰਗ ਕਰਵਾਈ ਗਈ ਪਰ ਇੰਨੇ ਯਤਨ ਕਰਨ ਦੇ ਬਾਵਜੂਦ ਡੇਂਗੂ ਮੁਡ਼ ਫਿਰ ਸਿਹਤ ਵਿਭਾਗ ’ਤੇ ਭਾਰੀ ਪੈ ਗਿਆ ਲੱਗਦਾ ਹੈ।
ਮਾਲਵੇ ਦੇ ਚਰਚਿਤ ਜ਼ਿਲੇ ਸ੍ਰੀ ਮੁਕਤਸਰ ਸਾਹਿਬ ਅਧੀਨ ਆਉਂਦੇ ਸ਼ਹਿਰਾਂ ਸ੍ਰੀ ਮੁਕਤਸਰ ਸਾਹਿਬ, ਮਲੋਟ ਅਤੇ ਗਿੱਦਡ਼ਬਾਹਾ ਤੋਂ ਇਲਾਵਾ ਪੇਂਡੂ ਖੇਤਰ ਵਿਚ ਵੀ ਡੇਂਗੂ ਆਪਣੇ ਪੈਰ ਪਸਾਰ ਰਿਹਾ ਹੈ ਤੇ ਡੇਂਗੂ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਇਹ ਗਿਣਤੀ ਸੈਂਕਡ਼ਿਆਂ ਤੱਕ ਚਲੀ ਗਈ ਹੈ, ਜਿਸ ਕਾਰਨ ਲੋਕਾਂ ’ਚ ਇਸ ਦਾ ਡਰ ਪੈਦਾ ਹੋ ਰਿਹਾ ਹੈ।
ਜ਼ਿਕਰਯੋਗ ਹੈ ਕਿ ਡੇਂਗੂ ਤੋਂ ਪੀੜਤ ਮਰੀਜ਼ਾਂ ਦਾ ਇਲਾਜ ਕਰਨ ਲਈ ਸਰਕਾਰੀ ਹਸਪਤਾਲ, ਸ੍ਰੀ ਮੁਕਤਸਰ ਸਾਹਿਬ ਵਿਖੇ ਕੋਈ ਵੀ ਡਾਕਟਰ ਨਹੀਂ ਹੈ ਅਤੇ ਮੈਡੀਸਨ ਅਫਸਰ ਦੀ ਅਸਾਮੀ ਖਾਲੀ ਪਈ ਹੈ। ਇਸ ਕਰ ਕੇ ਇਸ ਖੇਤਰ ਦੇ ਮਰੀਜ਼ਾਂ ਨੂੰ ਸਰਕਾਰੀ ਸਿਹਤ ਸਹੂਲਤਾਂ ਨਹੀਂ ਮਿਲ ਰਹੀਆਂ ਅਤੇ ਉਹ ਪ੍ਰਾਈਵੇਟ ਹਸਪਤਾਲਾਂ ਵੱਲ ਰੁਖ਼ ਕਰ ਰਹੇ ਹਨ। ਲੋਕਾਂ ਦੀ ਮੰਗ ਹੈ ਕਿ ਇਸ ਹਸਪਤਾਲ ਵਿਚ ਡਾਕਟਰ ਭੇਜੇ ਜਾਣ।
ਬੀਮਾਰੀਆਂ ਨਾਲ ਲਡ਼ਨ ਵਾਲੇ ਸੈੱਲਾਂ ਦੀ ਘੱਟ ਜਾਂਦੀ ਹੈ ਗਿਣਤੀ
ਜਿਸ ਵਿਅਕਤੀ ਨੂੰ ਡੇਂਗੂ ਦੀ ਬੀਮਾਰੀ ਲੱਗਦੀ ਹੈ, ਉਸ ਦੇ ਸਰੀਰ ਵਿਚ ਬੀਮਾਰੀਆਂ ਨਾਲ ਲਡ਼ਨ ਵਾਲੇ ਸੈੱਲਾਂ ਦੀ ਗਿਣਤੀ ਕਾਫ਼ੀ ਹੱਦ ਤੱਕ ਘੱਟ ਜਾਂਦੀ ਹੈ। ਬੁਖਾਰ ਚਡ਼੍ਹਨ ਨਾਲ ਸਰੀਰ ਬਿਲਕੁਲ ਕਮਜ਼ੋਰ ਹੋ ਜਾਂਦਾ ਹੈ।
ਜ਼ਿਆਦਾਤਰ ਮਰੀਜ਼ ਪ੍ਰਾਈਵੇਟ ਹਸਪਤਾਲਾਂ ’ਚੋਂ ਕਰਵਾ ਨੇ ਇਲਾਜ
ਜ਼ਿਆਦਾਤਰ ਡੇਂਗੂ ਤੋਂ ਪੀਡ਼ਤ ਮਰੀਜ਼ ਪ੍ਰਾਈਵੇਟ ਹਸਪਤਾਲਾਂ ’ਚੋਂ ਹੀ ਆਪਣਾ ਇਲਾਜ ਕਰਵਾ ਰਹੇ ਹਨ ਅਤੇ ਘੱਟ ਮਰੀਜ਼ ਸਰਕਾਰੀ ਹਸਪਤਾਲਾਂ ਵੱਲ ਮੂੰਹ ਕਰਦੇ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਇਕ ਤਾਂ ਸਰਕਾਰੀ ਹਸਪਤਾਲਾਂ ਵਿਚ ਪੂਰੀਅਾਂ ਸਹੂਲਤਾਂ ਨਹੀਂ ਹਨ ਅਤੇ ਦੂਜਾ ਇਨ੍ਹਾਂ ਵਿਚ ਡਾਕਟਰਾਂ ਘਾਟ ਹੈ।
ਗੁਰੂ ਨਾਨਕ ਹਸਪਤਾਲ ’ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 100 ਤੱਕ ਪੁੱਜੀ
ਬਠਿੰਡਾ ਰੋਡ ’ਤੇ ਪੈਂਦੇ ਗੁਰੂ ਨਾਨਕ ਹਸਪਤਾਲ ਵਿਚ ਡੇਂਗੂ ਨਾਲ ਸਬੰਧਤ ਮਰੀਜ਼ਾਂ ਦੀ ਗਿਣਤੀ 100 ਦੇ ਕਰੀਬ ਤੱਕ ਪੁੱਜ ਚੁੱਕੀ ਹੈ। ਹਸਪਤਾਲ ਦੇ ਡਾਕਟਰ ਮਦਨ ਮੋਹਨ ਬਾਂਸਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵੇਲੇ ਡੇਂਗੂ ਤੋਂ ਪੀੜਤ 12 ਮਰੀਜ਼ ਉਨ੍ਹਾਂ ਕੋਲ ਦਾਖਲ ਹਨ ਅਤੇ ਇਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਅਕਤੂਬਰ ਦੇ ਮਹੀਨੇ ਵਿਚ ਉਨ੍ਹਾਂ ਕੋਲ 33 ਮਰੀਜ਼ ਆਏ ਸਨ। ਉਨ੍ਹਾਂ ਦੱਸਿਆ ਕਿ ਉਂਝ ਤਾਂ ਦਵਾਈਆਂ ਨਾਲ ਸਾਰੇ ਹੀ ਮਰੀਜ਼ ਠੀਕ ਹੋ ਗਏ ਹਨ ਪਰ ਅਜੇ ਮਰੀਜ਼ ਹੋਰ ਆ ਰਹੇ ਹਨ।
ਕੀ ਕਰ ਰਿਹੈ ਸਿਹਤ ਵਿਭਾਗ
ਸਿਹਤ ਵਿਭਾਗ ਦੇ ਜ਼ਿਲਾ ਪ੍ਰੋਗਰਾਮ ਅਫ਼ਸਰ ਡਾ. ਵਿਕਰਮ ਅਸੀਜਾ, ਸਿਹਤ ਇੰਸਪੈਕਟਰ ਭਗਵਾਨ ਦਾਸ ਅਤੇ ਲਾਲ ਚੰਦ ਨੇ ਦੱਸਿਆ ਕਿ ਲੋਕਾਂ ਨੂੰ ਜੁਲਾਈ ਮਹੀਨੇ ਤੋਂ ਲੈ ਕੇ ਹੀ ਘਰ-ਘਰ ਜਾ ਕੇ ਟੀਮਾਂ ਵੱਲੋਂ ਡੇਂਗੂ ਤੋਂ ਜਾਗਰੂਕ ਕੀਤਾ ਗਿਆ ਹੈ। ਦਵਾਈਆਂ ਦਾ ਛਿਡ਼ਕਾਅ ਕੀਤਾ ਗਿਆ ਹੈ ਅਤੇ ਜਿੱਥੇ ਕਿਤੇ ਵੀ ਮੱਛਰ ਦਾ ਲਾਰਵਾ ਮਿਲਿਆ ਹੈ, ਉਸ ਨੂੰ ਨਸ਼ਟ ਕੀਤਾ ਗਿਆ ਸੀ। ਸਰਕਾਰੀ ਹਸਪਤਾਲ ਵਿਚ ਡੇਂਗੂ ਦੇ ਮੁਫ਼ਤ ਟੈਸਟ ਕੀਤੇ ਜਾਂਦੇ ਹਨ ਅਤੇ ਬਣਦੀ ਫੀਸ ਲੈ ਕੇ ਸੈੱਲ ਵੀ ਮੁਹੱਈਆ ਕਰਵਾਏ ਜਾਂਦੇ ਹਨ। ਵਿਭਾਗ ਵੱਲੋਂ ਨਗਰ ਕੌਂਸਲ ਨੂੰ ਸਮੇਂ-ਸਮੇਂ ’ਤੇ ਸੂਚਨਾ ਦਿੱਤੀ ਜਾਂਦੀ ਰਹਿੰਦੀ ਹੈ ਅਤੇ ਜਿੱਥੇ ਕਿਤੇ ਪਾਣੀ ਖਡ਼੍ਹਾ ਹੁੰਦਾ ਹੈ, ਕਮੇਟੀ ਵੱਲੋਂ ਚਲਾਨ ਕੱਟੇ ਜਾਂਦੇ ਹਨ। ਫੌਗਿੰਗ ਕਰਨ ਲਈ ਵੀ ਕਮੇਟੀ ਨੂੰ ਕਿਹਾ ਜਾਂਦਾ ਹੈ।
ਸਿਹਤ ਵਿਭਾਗ ਹਰ ਰੋਜ਼ ਭੇਜਦਾ ਹੈ ਉੱਚ ਅਧਿਕਾਰੀਆਂ ਨੂੰ ਸੂਚਨਾ
ਜਾਣਕਾਰੀ ਅਨੁਸਾਰ ਜ਼ਿਲੇ ’ਚ ਡੇਂਗੂ ਤੋਂ ਪੀੜਤ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਨੂੰ ਮੁੱਖ ਰੱਖਦਿਆਂ ਸਿਹਤ ਵਿਭਾਗ ਵੱਲੋਂ ਹਰ ਰੋਜ਼ ਸ਼ਾਮ ਤੱਕ ਇਸ ਬੀਮਾਰੀ ਨਾਲ ਸਬੰਧਤ ਮਰੀਜ਼ਾਂ ਦੀ ਜਾਣਕਾਰੀ ਲੈ ਕੇ ਇਕ ਰਿਪੋਰਟ ਤਿਆਰ ਕੀਤੀ ਜਾਂਦੀ ਹੈ ਅਤੇ ਫਿਰ ਅੱਗੇ ਇਹ ਸੂਚਨਾ ਰੋਜ਼ਾਨਾ ਉੱਚ ਅਧਿਕਾਰੀਆਂ ਤੱਕ ਪੁੱਜਦੀ ਕੀਤੀ ਜਾਂਦੀ ਹੈ।
ਜ਼ਿਲੇ ’ਚ 275 ਕੇਸ ਆਏ ਸਾਹਮਣੇ : ਸਿਵਲ ਸਰਜਨ
ਸਿਵਲ ਸਰਜਨ ਡਾ. ਸੁਖਪਾਲ ਸਿੰਘ ਬਰਾਡ਼ ਨਾਲ ਜਦੋਂ ਡੇਂਗੂ ਦੇ ਕੇਸਾਂ ਬਾਰੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲੇ ’ਚ 275 ਦੇ ਕਰੀਬ ਅਜਿਹੇ ਕੇਸ ਸਾਹਮਣੇ ਆਏ ਹਨ। ਉਨ੍ਹਾਂ ਮੰਨਿਆ ਕਿ ਇਹ ਗਿਣਤੀ ਹੋਰ ਵੱਧ ਸਕਦੀ ਹੈ। ਸਿਵਲ ਸਰਜਨ ਨੇ ਕਿਹਾ ਕਿ ਇਸ ਸਬੰਧੀ ਸਿਹਤ ਵਿਭਾਗ ਨੇ ਪੂਰੇ ਪ੍ਰਬੰਧ ਕੀਤੇ ਹੋਏ ਹਨ।