ਫਗਵਾੜਾ ਦਾ ਮੁੱਖ ਸਰਕਾਰੀ ਸਿਵਲ ਹਸਪਤਾਲ ਮੁੜ ਬਣਿਆ ਕੁੱਟਮਾਰ ਦਾ ਖੁੱਲ੍ਹਾ ਅਖਾੜਾ

Monday, Nov 17, 2025 - 11:54 PM (IST)

ਫਗਵਾੜਾ ਦਾ ਮੁੱਖ ਸਰਕਾਰੀ ਸਿਵਲ ਹਸਪਤਾਲ ਮੁੜ ਬਣਿਆ ਕੁੱਟਮਾਰ ਦਾ ਖੁੱਲ੍ਹਾ ਅਖਾੜਾ

ਫਗਵਾੜਾ (ਜਲੋਟਾ) - ਫਗਵਾੜਾ ਦਾ ਮੁੱਖ ਸਰਕਾਰੀ ਸਿਵਲ ਹਸਪਤਾਲ ਅੱਜ ਇਕ ਵਾਰ ਫਿਰ ਕੁੱਟਮਾਰ ਦਾ ਉਦੋਂ ਖੁੱਲ੍ਹਾ ਅਖਾੜਾ ਬਣ ਗਿਆ ਜਦੋਂ ਪਿੰਡ ਭੁੱਲਾਰਾਈ ਵਿਖੇ 2 ਧਿਰਾਂ ’ਚ ਆਪਸੀ ਕਿਸੇ ਗੱਲ ਨੂੰ ਲੈ ਕੇ ਹੋਈ ਲੜਾਈ ਅਤੇ ਕੁੱਟਮਾਰ ’ਚ ਜ਼ਖਮੀ ਹੋਏ ਵਿਅਕਤੀਆਂ ਨੂੰ ਇਲਾਜ ਕਰਾਉਣ ਪੁੱਜੀਆਂ ਦੋਵੇਂ ਧਿਰਾਂ ਵੇਖਦੇ ਹੀ ਵੇਖਦੇ ਸਿਵਲ ਹਸਪਤਾਲ ਦੇ ਅੰਦਰ ਮੁੜ ਭਿੜ ਗਈਆਂ। ਹਸਪਤਾਲ ਦੇ ਅੰਦਰ ਦੋਵਾਂ ਧਿਰਾਂ ’ਚ ਹੋਈ ਲੜਾਈ ਕਾਰਨ ਸਾਰੇ ਪਾਸੇ ਹਫੜਾ-ਦਫੜੀ ਮਚ ਗਈ ਅਤੇ ਇਲਾਜ ਕਰਵਾਉਣ ਆਏ ਹੋਏ ਮਰੀਜ਼ਾਂ ’ਚ ਭਾਜੜਾਂ ਪੈ ਗਈਆਂ। ਇਸ ਦੌਰਾਨ ਹਸਪਤਾਲ ਦੇ ਅੰਦਰ ਹਰ ਪਾਸੇ ਮਾਹੌਲ ਬੇਹੱਦ ਤਣਾਅਪੂਰਨ ਹੋ ਗਿਆ।

ਦੱਸਣਯੋਗ ਹੈ ਕਿ ਫਗਵਾੜਾ ਦਾ ਇਹੋ ਸਿਵਲ ਹਸਪਤਾਲ ਕੁਝ ਦਿਨ ਪਹਿਲਾਂ ਵੀ ਇਸੇ ਤਰ੍ਹਾਂ ਕੁੱਟਮਾਰ ਦਾ ਖੁੱਲ੍ਹਾ ਮੈਦਾਨ ਬਣਿਆ ਸੀ ਪਰ ਅਫਸੋਸ ਇਸ ਗੱਲ ਦਾ ਹੈ ਕਿ ਫਗਵਾੜਾ ਪੁਲਸ ਅਤੇ ਪ੍ਰਸ਼ਾਸਨ ਵੱਲੋਂ ਵਾਰ-ਵਾਰ ਸਿਵਲ ਹਸਪਤਾਲ ’ਚ ਹੋ ਰਹੀਆਂ ਲੜਾਈਆਂ ਅਤੇ ਕੁੱਟਮਾਰ ਸਬੰਧੀ ਕਿਸੇ ਵੀ ਤਰ੍ਹਾਂ ਦਾ ਕੋਈ ਸਬਕ ਹੀ ਨਹੀਂ ਲਿਆ ਗਿਆ ਹੈ। ਇਹੋ ਕਾਰਨ ਹੈ ਕਿ ਇੱਥੇ ਮੁੜ ਉਹ ਸਭ ਵਾਪਰਿਆ ਹੈ। ਸਿਵਲ ਹਸਪਤਾਲ ’ਚ ਜਾਰੀ ਝਗੜਿਆਂ ਸਬੰਧੀ ਆਮ ਜਨਤਾ ਨੇ ਮੰਗ ਕੀਤੀ ਹੈ ਕਿ ਫਗਵਾੜਾ ਪੁਲਸ ਇਸ ਦੀ ਸਾਰ ਲਵੇ ਅਤੇ ਲੋਕਹਿੱਤ ’ਚ ਸਖਤ ਪੁਲਸ ਕਾਰਵਾਈ ਪੂਰੀ ਕਰੇ। ਲੋਕਾਂ ਨੇ ਕਿਹਾ ਕਿ ਉਹ ਹਸਪਤਾਲ ’ਚ ਆਪਣਾ ਇਲਾਜ ਕਰਵਾਉਣ ਆਉਂਦੇ ਹਨ ਪਰ ਇੱਥੇ ਹਾਲਾਤ ਬਹੁਤ ਖਰਾਬ ਹਨ।

ਦੋਵਾਂ ਧਿਰਾਂ ਨੇ ਇਕ ਦੂਜੇ ’ਤੇ ਲਾਏ ਦੋਸ਼
ਜਾਣਕਾਰੀ ਅਨੁਸਾਰ ਪਿੰਡ ਭੁੱਲਾਰਾਈ ਵਿਖੇ ਹੋਈ ਲੜਾਈ ’ਚ ਬਲਾਕ ਸਮਿਤੀ ਫਗਵਾੜਾ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਗੁਰਦਿਆਲ ਸਿੰਘ ਭੁੱਲਾਰਾਈ ਸਮੇਤ ਗਗਨਦੀਪ ਵਾਸੀ ਭੁੱਲਾ ਰਾਈ ਅਤੇ ਇਕ ਹੋਰ ਵਿਅਕਤੀ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਜ਼ਖਮੀ ਗੁਰਦਿਆਲ ਸਿੰਘ ਭੁੱਲਰਾਈ ਨੇ ਦੱਸਿਆ ਕਿ ਉਨ੍ਹਾਂ ਦੀ ਪਿੰਡ ਭੁੱਲਾਰਾਈ ਦੇ ਰਹਿਣ ਵਾਲੇ ਡੇਢ ਦਰਜਨ ਤੋਂ ਵੱਧ ਵਿਅਕਤੀਆਂ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੁਲਜ਼ਮਾਂ ਵੱਲੋਂ ਕੁੱਟਮਾਰ ਕਰਦੇ ਹੋਏ ਉਨ੍ਹਾਂ ਦੀ ਪੱਗ ਅਤੇ ਦਾੜ੍ਹੀ ਦੀ ਬੇਅਦਬੀ ਕੀਤੀ ਗਈ ਹੈ।

ਇਸ ਦੌਰਾਨ ਕੁੱਟਮਾਰ ਮਾਮਲੇ ’ਚ ਜ਼ਖਮੀ ਦੂਜੇ ਧਿਰ ਦੇ ਵਿਅਕਤੀਆਂ ਨੇ ਬਲਾਕ ਸਮਿਤੀ ਫਗਵਾੜਾ ਦੇ ਸਾਬਕਾ ਚੇਅਰਮੈਨ ਗੁਰਦਿਆਲ ਸਿੰਘ ਭੁੱਲਰਾਈ ਵੱਲੋਂ ਲਾਏ ਜਾ ਰਹੇ ਸਾਰੇ ਦੋਸ਼ਾਂ ਨੂੰ ਝੂਠ ਅਤੇ ਗਲਤ ਕਰਾਰ ਦਿੰਦੇ ਹੋਏ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਜਦ ਪਿੰਡ ’ਚ ਹੋ ਰਹੇ ਝਗੜੇ ਨੂੰ ਰੋਕਣ ਲਈ ਉਹ ਅੱਗੇ ਵਧੇ ਤਾਂ ਦੂਜੀ ਧਿਰ ਦੇ ਵਿਅਕਤੀਆਂ ਵੱਲੋਂ ਪਿੰਡ ’ਚ ਖੁੱਲ੍ਹੀ ਗੁੰਡਾਗਰਦੀ ਕਰਦੇ ਹੋਏ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ ਹੈ।

ਪੁਲਸ ਕਰ ਰਹੀ ਹੈ ਸਾਰੇ ਮਾਮਲੇ ਦੀ ਜਾਂਚ: ਐੱਸ.ਪੀ. ਮਾਧਵੀ ਸ਼ਰਮਾ
ਮਾਮਲੇ ਸਬੰਧੀ ਗੱਲਬਾਤ ਕਰਦੇ ਹੋਏ ਐੱਸ. ਪੀ. ਫਗਵਾੜਾ ਮਾਧਵੀ ਸ਼ਰਮਾ ਨੇ ਦੱਸਿਆ ਕਿ ਪੁਲਸ ਸਾਰੇ ਮਾਮਲੇ ਦੀ ਬਾਰੀਕੀ ਨਾਲ ਨਿਰਪੱਖ ਜਾਂਚ ਕਰ ਰਹੀ ਹੈ। ਐੱਸ.ਪੀ. ਸ਼ਰਮਾ ਨੇ ਦੱਸਿਆ ਕਿ ਹਾਲੇ ਕਿਸੇ ਵੀ ਪੱਖ ਦੇ ਬਿਆਨ ਪੁਲਸ ਵੱਲੋਂ ਦਰਜ ਨਹੀਂ ਕੀਤੇ ਗਏ ਹਨ ਅਤੇ ਜੋ ਵੀ ਵਿਅਕਤੀ ਜਾਂ ਧਿਰ ਕੁੱਟਮਾਰ ਅਤੇ ਲੜਾਈ ਝਗੜੇ ਕਰਨ ’ਚ ਸ਼ਾਮਲ ਹੋਵੇਗੀ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਪੂਰੀ ਕੀਤੀ ਜਾਵੇਗੀ। ਇਹ ਪੁੱਛੇ ਜਾਣ ’ਤੇ ਕਿ ਫਗਵਾੜਾ ’ਚ ਮੁੱਖ ਸਰਕਾਰੀ ਸਿਵਲ ਹਸਪਤਾਲ ਵਾਰ-ਵਾਰ ਕੁੱਟਮਾਰ ਅਤੇ ਲੜਾਈ-ਝਗੜਿਆਂ ਦਾ ਖੁੱਲ੍ਹਾ ਮੈਦਾਨ ਕਿਉਂ ਬਣ ਰਿਹਾ ਹੈ? ਇਸ ’ਤੇ ਐੱਸ. ਪੀ. ਸ਼ਰਮਾ ਨੇ ਕਿਹਾ ਕਿ ਫਗਵਾੜਾ ਪੁਲਸ ਸਿਵਲ ਹਸਪਤਾਲ ਦੇ ਅੰਦਰ ਮੌਜੂਦ ਪੁਲਸ ਗਾਰਦ ਵਧਾ ਰਹੀ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਪੂਰੀ ਸਖਤੀ ਨਾਲ ਕੀਤੀ ਜਾਵੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਭਵਿੱਖ ’ਚ ਹੁਣ ਸਿਵਲ ਹਸਪਤਾਲ ਫਗਵਾੜਾ ’ਚ ਇਹੋ ਜਿਹਾ ਕੁਝ ਨਹੀਂ ਹੋਣ ਦਿੱਤਾ ਜਾਵੇਗਾ।
 


author

Inder Prajapati

Content Editor

Related News