Punjab: ਡੇਂਗੂ ਕਾਰਨ ਘਟੇ ਸੈੱਲ, ਅੱਗਿਓਂ ਹਸਪਤਾਲ ਵਾਲਿਆਂ ਨੇ ਲਾ''ਤਾ ਗਲਤ ਟੀਕਾ! ਹੋਈ ਮੌਤ ਤਾਂ...

Monday, Nov 17, 2025 - 11:59 AM (IST)

Punjab: ਡੇਂਗੂ ਕਾਰਨ ਘਟੇ ਸੈੱਲ, ਅੱਗਿਓਂ ਹਸਪਤਾਲ ਵਾਲਿਆਂ ਨੇ ਲਾ''ਤਾ ਗਲਤ ਟੀਕਾ! ਹੋਈ ਮੌਤ ਤਾਂ...

ਮੁੱਲਾਂਪੁਰ ਦਾਖਾ (ਕਾਲੀਆ)- ਪ੍ਰਾਈਵੇਟ ਹਸਪਤਾਲ ਵਿਚ ਇਲਾਜ ਕਰਵਾਉਣ ਲਈ ਆਏ ਮਰੀਜ਼ ਦੀ ਮੌਤ ਹੋ ਜਾਣ 'ਤੇ ਦੇਤਵਾਲ ਪਿੰਡ ਦੇ ਵਾਸੀਆਂ ਨੇ ਹਸਪਤਾਲ ਦੇ ਪ੍ਰਬੰਧਕਾਂ ਅਤੇ ਸਟਾਫ ਵਿਰੁੱਧ ਰੋਸ ਮੁਜ਼ਾਹਰਾ ਕਰਕੇ ਹੰਗਾਮਾ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਜਗਰਾਓਂ ਰੋਡ 'ਤੇ ਸਥਿਤ ਇਕ ਪ੍ਰਾਈਵੇਟ ਹਸਪਤਾਲ ਵਿਚ ਕਰਨੈਲ ਸਿੰਘ ਪੁੱਤਰ ਬੰਤ ਸਿੰਘ  (47 ਸਾਲ ) ਵਾਸੀ ਪਿੰਡ ਦੇਤਵਾਲ 15 ਨਵੰਬਰ ਨੂੰ 10.30 ਵਜੇ ਦਾਖਲ ਹੋਇਆ ਸੀ ਅਤੇ ਡੇਂਗੂ ਦਾ ਮਰੀਜ਼ ਸੀ। ਉਸ ਦੇ ਸੈੱਲ ਘਟੇ ਹੋਏ ਸਨ ਅਤੇ ਪਹਿਲਾਂ ਮਰੀਜ਼ ਹੁਣ ਠੀਕ ਵੀ ਹੋ ਰਿਹਾ ਸੀ।

ਇਹ ਖ਼ਬਰ ਵੀ ਪੜ੍ਹੋ - ਲੁਧਿਆਣੇ ਨਾਲ ਜੁੜਿਆ ਦਿੱਲੀ ਧਮਾਕੇ ਦਾ ਲਿੰਕ! NIA ਨੇ ਚੱਲਦੇ ਵਿਆਹ 'ਚੋਂ ਚੱਕ ਲਿਆ ਡਾਕਟਰ (ਵੀਡੀਓ)

ਮ੍ਰਿਤਕ ਦੇ ਪਰਿਵਾਰ ਨੇ ਦੋਸ਼ ਲਗਾਇਆ ਕਿ 16 ਨਵੰਬਰ ਨੂੰ ਸ਼ਾਮ 6.30 ਵਜੇ ਹਸਪਤਾਲ ਦੇ ਇਕ ਕੰਪਾਊਂਡਰ ਨੇ ਉਸ ਨੂੰ ਇਕ ਟੀਕਾ ਲਗਾ ਦਿੱਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਕੰਪਾਊਡਰ ਨੇ ਗਲਤ ਟੀਕਾ ਲਗਾਇਆ, ਜਿਸ ਕਾਰਨ ਉਸ ਦੀ ਮੌਤ ਹੋਈ ਹੈ। ਇਸ ਰੋਸ ਨੂੰ ਲੈ ਕੇ ਪਿੰਡ ਦੇਤਵਾਲ ਦੇ ਵਾਸੀਆਂ ਨੇ ਹਸਪਤਾਲ ਦੇ ਡਾਕਟਰਾਂ ਅਤੇ ਕਰਮਚਾਰੀਆਂ ਵਿਰੁੱਧ ਰੋਸ ਮੁਜ਼ਾਹਰਾ ਕਰਕੇ ਪਿੱਟ ਸਿਆਪਾ ਕੀਤਾ ਅਤੇ ਇਨਸਾਫ ਦੀ ਗੁਹਾਰ ਲਗਾਉਂਦਿਆਂ ਪੁਲਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਮ੍ਰਿਤਕ ਦੇ ਬੱਚਿਆਂ ਨੂੰ ਪੂਰਨ ਇਨਸਾਫ ਦਿਵਾਇਆ ਜਾਵੇ ਅਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਈ ਜਾਵੇ। ਧਰਨਾਕਾਰੀਆਂ ਅਜੀਤ ਸਿੰਘ, ਪਰਮਜੀਤ ਸਿੰਘ, ਮ੍ਰਿਤਕ ਦੇ ਭਰਾ ਬਲਵਿੰਦਰ ਸਿੰਘ, ਸਰਪੰਚ ਸਤਵਿੰਦਰ ਸਿੰਘ, ਕੁਲਦੀਪ ਸਿੰਘ, ਇੰਦਰਜੀਤ ਸਿੰਘ, ਜੱਗਾ ਸਿੰਘ, ਅਰਮਾਨ ਸਿੰਘ, ਅਮਨਦੀਪ ਸਿੰਘ, ਚਰਨਜੀਤ ਸਿੰਘ, ਅਮਰੀਕ ਸਿੰਘ ਅਤੇ ਸਾਹਿਲ ਆਦਿ ਨੇ ਦੱਸਿਆ ਕਿ ਮ੍ਰਿਤਕ ਕਰਨੈਲ ਸਿੰਘ ਖੇਤਾਂ ਵਿਚ ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ ਉਸ ਦੀਆਂ ਦੋ ਧੀਆਂ ਜੋ ਕਿ ਵਿਆਹੀਆਂ ਹੋਈਆਂ ਹਨ ਅਤੇ ਇਕ ਲੜਕਾ ਹੈ। ਉਹ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਸੀ।

ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਕੰਪਾਊਡਰ ਧਰਮਿੰਦਰ ਦੀ ਕਿਸੇ ਗੱਲ ਨੂੰ ਲੈ ਕੇ ਮਰੀਜ਼ ਨਾਲ ਪਹਿਲਾਂ ਬਹਿਸ ਹੋਈ ਸੀ ਅਤੇ ਕੰਪਾਊਂਡਰ ਨੇ ਉਸ ਨੂੰ ਸਬਕ ਸਿਖਾਉਣ ਦੀ ਗੱਲ ਆ ਕੇ ਦਵੈਸ ਭਾਵਨਾ ਨਾਲ ਵੱਧ ਡੋਜ਼ ਦਾ ਟੀਕਾ ਲਗਾਇਆ, ਜਿਸ ਕਾਰਨ ਉਸ ਦੀ ਹਾਲਤ ਵਿਗੜ ਗਈ ਅਤੇ ਉਹ ਕੁੱਝ ਪਲਾਂ ਵਿਚ ਹੀ ਦਮ ਤੋੜ ਗਿਆ। ਘਟਨਾ ਸਥਾਨ 'ਤੇ ਥਾਣਾ ਦਾਖਾ ਦੀ ਪੁਲਸ ਵੀ ਪੁੱਜੀ। ਰਾਤ 11.30 ਵਜੇ ਦੇ ਕਰੀਬ ਤਕ ਪਿੰਡ ਵਾਸੀਆਂ ਦਾ ਧਰਨਾ ਤੱਕ ਜਾਰੀ ਸੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਕੇਂਦਰੀ ਏਜੰਸੀ ਦਾ ਵੱਡਾ ਐਕਸ਼ਨ! Modified ਕਾਰ 'ਚੋਂ ਬਰਾਮਦ ਕੀਤਾ 103 ਕਿੱਲੋ ਨਸ਼ਾ

ਪਰਿਵਾਰ ਵੱਲੋਂ ਲਗਾਏ ਗਏ ਦੋਸ਼ ਬੇਬੁਨਿਆਦ- ਡਾ. ਲਵ

ਜਦੋਂ ਇਸ ਸੰਦਰਭ ਵਿਚ ਪ੍ਰਾਈਵੇਟ ਹਸਪਤਾਲ ਦੇ ਡਾ. ਲਵ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਗਲਤ ਟੀਕਾ ਲੱਗਣ ਨਾਲ ਮੌਤ ਹੋਣ ਦੇ ਦੋਸ਼ ਬੇਬੁਨਿਆਦ ਹਨ। ਮਰੀਜ਼ ਦਾ ਲੀਵਰ ਪਹਿਲਾਂ ਹੀ ਸ਼ਰਾਬ ਪੀਣ ਕਾਰਨ ਡੈਮੇਜ ਹੋ ਚੁੱਕਿਆ ਸੀ ਅਤੇ ਉਸ ਦੇ ਸੈੱਲ ਵੀ ਘੱਟ ਚੁੱਕੇ ਸਨ। ਉਨ੍ਹਾਂ ਦੱਸਿਆ ਕਿ ਮਰੀਜ਼ ਦੀ ਹਾਲਤ ਬਾਰੇ ਪਰਿਵਾਰ ਨੂੰ ਪਹਿਲਾਂ ਹੀ ਜਾਣੂੰ ਕਰਵਾ ਦਿੱਤਾ ਗਿਆ ਸੀ।

ਪੁਲਸ ਨੇ ਹਿਰਾਸਤ 'ਚ ਲਿਆ ਕੰਪਾਊਂਡਰ

ਥਾਣਾ ਦਾਖਾ ਦੀ ਪੁਲਸ ਨੇ ਧਰਨਾਕਾਰੀਆਂ ਨੂੰ ਸ਼ਾਂਤ ਕਰਦਿਆਂ ਅਤੇ ਪੂਰਨ ਇਨਸਾਫ ਦਿਵਾਉਣ ਦਾ ਵਿਸ਼ਵਾਸ ਦਿਵਾਉਂਦਿਆਂ ਹਸਪਤਾਲ ਦੇ ਕੰਪਾਊਂਡਰ ਧਰਮਿੰਦਰ ਨੂੰ ਪੁੱਛਗਿੱਛ ਲਈ ਪੁਲਸ ਹਿਰਾਸਤ ਵਿਚ ਲੈ ਲਿਆ ਹੈ। ਜਾਂਚ ਅਧਿਕਾਰੀ ਏ.ਐੱਸ.ਆਈ ਇੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

 


author

Anmol Tagra

Content Editor

Related News