ਜਣੇਪੇ ਦੌਰਾਨ ਮਾਂ ਅਤੇ ਨਵਜਨਮੇ ਬੱਚੇ ਦੀ ਮੌਤ, ਪਰਿਵਾਰ ਵਲੋਂ ਸਿਹਤ ਕੇਂਦਰ ਦੇ ਸਟਾਫ਼ 'ਤੇ ਗੰਭੀਰ ਦੋਸ਼

Friday, Jan 01, 2021 - 11:09 AM (IST)

ਜਣੇਪੇ ਦੌਰਾਨ ਮਾਂ ਅਤੇ ਨਵਜਨਮੇ ਬੱਚੇ ਦੀ ਮੌਤ, ਪਰਿਵਾਰ ਵਲੋਂ ਸਿਹਤ ਕੇਂਦਰ ਦੇ ਸਟਾਫ਼ 'ਤੇ ਗੰਭੀਰ ਦੋਸ਼

ਲੰਬੀ/ਮਲੋਟ (ਜੁਨੇਜਾ): ਲੰਘੀ ਰਾਤ ਨੂੰ ਲੰਬੀ ਦੇ ਮੁੱਢਲੇ ਸਿਹਤ ਕੇਂਦਰ ਵਿਚ ਜਣੇਪੇ ਦੌਰਾਨ ਮਾਂ ਅਤੇ ਬੱਚੇ ਦੀ ਮੌਤ ਹੋ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਰਿਸ਼ਤੇਦਾਰ ਅਤੇ ਪਿੰਡ ਵਾਸੀ ਹਸਪਤਾਲ ਵਿਚ ਇਕੱਤਰ ਹੋ ਗਏ। ਪਰਿਵਾਰ ਵੱਲੋਂ ਇਨਾਂ ਮੌਤਾਂ ਲਈ ਲੰਬੀ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ ਨੂੰ ਜ਼ਿੰਮੇਵਾਰ ਦੱਸਿਆ ਹੈ।ਇਸ ਸਬੰਧੀ ਰਾਜ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਚੰਨੂੰ ਨੇ ਦੱਸਿਆ ਕਿ ਉਸਦੀ ਪਤਨੀ ਜਸਵਿੰਦਰ ਕੌਰ (21 ਸਾਲ) ਦੇ ਬੱਚੇ ਹੋਣ ਵਾਲਾ ਸੀ । ਇਸ ਲਈ 29 ਦਸੰਬਰ ਨੂੰ ਰਾਤ 10 ਵਜੇ ਉਨ੍ਹਾਂ ਲੰਬੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਪਰਿਵਾਰ ਦਾ ਦੋਸ਼ ਹੈ ਕਿ ਜਸਵਿੰਦਰ ਕੌਰ ਤਡ਼ਫਦੀ ਰਹੀ ਜਿਸ ਕਰਕੇ ਉਨ੍ਹਾਂ ਵਾਰ-ਵਾਰ ਡਾਕਟਰਾਂ ਨੂੰ ਕਿਹਾ ਕਿ ਜੇਕਰ ਹਾਲਤ ਖਰਾਬ ਹੈ ਤਾਂ ਉਨ੍ਹਾਂ ਨੂੰ ਬਾਹਰ ਰੈਫਰ ਕਰ ਦਿਓ ਪਰ ਕਿਸੇ ਨੇ ਇਕ ਨਹੀਂ ਸੁਣੀ। ਪਰਿਵਾਰ ਦਾ ਦੋਸ਼ ਹੈ ਕਿ ਮਹਿਲਾ ਡਾਕਟਰ ਵੀ ਹਾਜ਼ਰ ਨਹੀਂ ਸੀ ਅਤੇ ਨਰਸਾਂ ਨੇ ਸਫਾਈ ਕਰਨ ਵਾਲੀਆਂ ਔਰਤਾਂ ਦੀ ਮਦਦ ਨਾਲ ਜਬਰਦਸਤੀ ਡਲਿਵਰੀ ਕਰਵਾਉਣ ਦੀ ਕੋਸ਼ਿਸ਼ ਕੀਤੀ ਜਿਸ ਕਰਕੇ ਜਸਵਿੰਦਰ ਕੌਰ ਅਤੇ ਬੱਚੇ ਦੀ ਮੌਤ ਹੋ ਗਈ। ਇਸ ਸਬੰਧੀ ਡਾਕਟਰਾਂ ਨੇ ਉਨ੍ਹਾਂ ਨੂੰ ਰਾਤ 9 ਵਜੇ ਦੱਸਿਆ। ਪਰਿਵਾਰ ਦਾ ਇਹ ਵੀ ਦੋਸ਼ ਹੈ ਮ੍ਰਿਤਕ ਮਾਂ ਬੱਚੇ ਦੀਆਂ ਲਾਸ਼ਾਂ ਨੂੰ ਸਟਾਫ ਨੇ ਲਾਵਾਰਿਸਾਂ ਵਾਂਗੂ ਬਾਹਰ ਕੱਢੇ ਕੇ ਸੁੱਟ ਦਿੱਤਾ। ਪਰਿਵਾਰ ਨੇ ਇਸ ਮਾਮਲੇ ’ਤੇ ਜ਼ਿੰਮੇਵਾਰ ਡਾਕਟਰਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।

ਇਸ ਮਾਮਲੇ ਸਬੰਧੀ ਜਦੋਂ ਸਿਹਤ ਕੇਂਦਰ ਦੀ ਗਾਇਨੇਕੋਲੋਜਿਸਟ ਡਾ. ਸੋਨੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਡਿਊਟੀ ਤਿੰਨ ਵਜੇ ਤੱਕ ਸੀ। ਪਰਿਵਾਰ ਦੇ ਤਡ਼ਪਨ ਦੇ ਦੋਸ਼ਾਂ ਸਬੰਧੀ ਉਨ੍ਹਾਂ ਕਿਹਾ ਕਿ ਇਹ ਕੁਦਰਤੀ ਪ੍ਰਕ੍ਰਿਆ ਹੈ ਅਤੇ ਕਿਸੇ ਤਰ੍ਹਾਂ ਦੀ ਕੋਈ ਖਤਰੇ ਵਾਲੀ ਗੱਲ ਨਹੀਂ ਸੀ। ਡਲਿਵਰੀ ਹਮੇਸ਼ਾਂ ਨਰਸਾਂ ਕਰਾਉਂਦੀਆਂ ਹਨ ਅਤੇ ਕਿਸੇ ਤਰ੍ਹਾਂ ਦੀ ਕੰਪਲੀਕੇਸੀ ਵਿਚ ਉਹ ਡਿਊਟੀ ਤੋਂ ਬਾਅਦ ਵੀ ਹਾਜ਼ਰ ਹੋ ਜਾਂਦੀ ਹੈ। ਇਹ ਨਾਰਮਲ ਡਲਿਵਰੀ ਸੀ ਅਤੇ ਬੱਚੇ ਦੀ ਜਨਮ ਤੋਂ ਬਾਅਦ ਧਕਡ਼ਨ ਬੰਦ ਹੋ ਗਈ। ਉਧਰ ਮਾਂ ਦੇ ਬਲੱਡ ਪ੍ਰੈਸ਼ਰ ਅਚਾਨਕ ਘਟਣਾ ਸ਼ੁਰੂ ਹੋਇਆ ਅਤੇ ਘਟਦਾ ਗਿਆ ਜਿਸ ਕਰਕੇ ਉਸਦੀ ਮੌਤ ਹੋ ਗਈ। ਇਹ ਦੋਨੇ ਮੌਤਾਂ ਕੁਦਰਤੀ ਹਨ।

ਐੱਸ. ਐੱਮ. ਓ. ਨੇ ਨਹੀਂ ਚੁੱਕਿਆ ਫੋਨ- ਇਸ ਮਾਮਲੇ ਵਿਚ ਪੱਤਰਕਾਰਾਂ ਵੱਲੋਂ ਜਦੋਂ ਐੱਸ. ਐੱਮ. ਓ. ਜਗਦੀਪ ਚਾਵਲਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਹਮੇਸ਼ਾਂ ਵਾਂਗ ਫੋਨ ਨਹੀਂ ਚੁੱਕਿਆ। ਇੱਥੇ ਇਹ ਵੀ ਸਵਾਲ ਉੱਠਦਾ ਹੈ ਕਿ ਐੱਸ. ਐੱਮ. ਓ. ਖੁਦ ਸਰਜਨ ਹੈ ਜੇਕਰ ਅਜਿਹੀ ਕੋਈ ਮੁਸ਼ਕਿਲ ਆ ਵੀ ਗਈ ਤਾਂ ਉਹ ਮੌਕੇ ’ਤੇ ਹਾਜ਼ਰ ਹੁੰਦਾ ਤਾਂ ਸ਼ਾਇਦ ਮਾਂ ਬੱਚੇ ਵਿਚੋਂ ਕਿਸੇ ਦੀ ਜਾਨ ਬਚ ਜਾਂਦੀ।

ਪੁਲਸ ਕਾਰਵਾਈ ਸ਼ੁਰੂ- ਇਸ ਮਾਮਲੇ ਸਬੰਧੀ ਲੰਬੀ ਦੇ ਮੁੱਖ ਅਫਸਰ ਚੰਦਰ ਸ਼ੇਖਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਰਿਵਾਰ ਵੱਲੋਂ ਦਿੱਤੇ ਬਿਆਨਾਂ ਅਨੁਸਾਰ 304 ਏ. ਦੀ ਕਾਰਵਾਈ ਬਣਦੀ ਹੈ ਜਿਸ ਦੀ ਰਪਟ ਪਾ ਦਿੱਤੀ ਹੈ । ਬਾਕੀ ਦੋਨਾਂ ਮ੍ਰਿਤਕਾਂ ਦਾ ਪੋਸਟ ਮਾਰਟਮ ਕਰਾਉਣ ਲਈ ਲਾਸ਼ਾਂ ਫਰੀਦਕੋਟ ਮੈਡੀਕਲ ਕਾਲਜ ਭੇਜ ਦਿੱਤੀਆਂ ਹਨ। ਇਸ ਸਬੰਧੀ ਮਾਨਯੋਗ ਸੁਪਰੀਮ ਕੋਰਟ ਦੀਆਂ ਗਾਇਡ ਲਾਈਨਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।


author

Shyna

Content Editor

Related News