ਘਰ ''ਚ ਦਾਖ਼ਲ ਹੋ ਕੇ ਗਰਭਵਤੀ ਜਨਾਨੀ ਤੇ ਪਤੀ ਦੀ ਕੁੱਟਮਾਰ

09/23/2020 3:34:43 PM

ਕੁਹਾੜਾ (ਜਗਰੂਪ) : ਚੌਂਕੀ ਕੰਗਣਵਾਲ ਦੇ ਇਲਾਕੇ 'ਚ ਜਿੱਥੇ ਰੋਜ਼ਾਨਾ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ। ਉੱਥੇ ਹੀ ਇਲਾਕੇ 'ਚ ਗੁੰਡਾਗਰਦੀ ਦਾ ਮਾਹੌਲ ਵੀ ਪੂਰੀ ਚਰਮ ਸੀਮਾ 'ਤੇ ਹੈ। ਬੀਤੀ ਰਾਤ ਵੀ ਮਹਾਂਦੇਵ ਨਗਰ 'ਚ ਕੁਝ ਵਿਅਕਤੀਆਂ ਨੇ ਇਕ ਗਰਭਵਤੀ ਜਨਾਨੀ ਅਤੇ ਉਸ ਦੇ ਪਤੀ ਨਾਲ ਕਥਿਤ ਕੁੱਟਮਾਰ ਕਰਦੇ ਹੋਏ ਦੋਹਾਂ ਨੂੰ ਜ਼ਖਮੀਂ ਕਰ ਦਿੱਤਾ। ਜਦੋਂ ਪੀੜਤ ਪਤੀ ਆਪਣੀ ਪਤਨੀ ਨੂੰ ਸਿਵਲ ਹਸਪਤਾਲ 'ਚ ਜਾਂਚ ਕਰਵਾਉਣ ਦੇ ਬਾਅਦ ਘਰ ਲੈ ਕੇ ਆ ਰਿਹਾ ਸੀ ਤਾਂ ਹਮਲਾਵਰਾਂ ਨੇ ਫਿਰ ਤੋਂ ਉਸ ਨੂੰ ਘੇਰ ਕੇ ਕੁੱਟਮਾਰ ਕੀਤੀ।

ਹੈਰਾਨੀ ਵਾਲੀ ਗੱਲ ਇਹ ਰਹੀ ਕਿ ਚੌਂਕੀ ਕੰਗਣਵਾਲ ਦੇ ਮੁਲਾਜ਼ਮ ਕੁਲਵਿੰਦਰ ਸਿੰਘ ਨੂੰ ਸ਼ਿਕਾਇਤ ਦੇਣ ਦੇ ਬਾਅਦ ਵੀ ਚੌਂਕੀ ਇੰਚਾਰਜ ਜਗਦੀਪ ਸਿੰਘ ਨੂੰ ਮਾਮਲੇ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਸੀ, ਜਦੋਂ ਕਿ ਡਾਕਟਰ ਵੱਲੋਂ ਪੀੜਤ ਵਿਅਕਤੀ ਦੀ 2 ਮਹੀਨੇ ਦੀ ਗਰਭਵਤੀ ਪਤਨੀ ਦੀ ਕੁੱਟਮਾਰ ਕਾਰਨ ਮਿਸਕੈਰੇਜ ਹੋਣ ਦੀ ਗੱਲ ਕਹੀ ਗਈ ਸੀ। ਘਟਨਾ ਬਾਰੇ ਦੱਸਦਿਆਂ ਰੌਸ਼ਨ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਮਹਾਂਦੇਵ ਨਗਰ ਨੇ ਦੱਸਿਆ ਕਿ ਉਹ ਛੋਟਾ ਹਾਥੀ ਚਲਾਉਂਦਾ ਹੈ।

ਕੁਝ ਦਿਨ ਪਹਿਲਾਂ ਉਨ੍ਹਾਂ ਦੇ ਮੁਹੱਲੇ 'ਚ ਲੜਾਈ ਹੋਈ ਸੀ, ਜਿਸ 'ਚ ਇਕ ਪੱਖ ਵੱਲੋਂ ਸ਼ੱਕ ਕੀਤਾ ਜਾ ਰਿਹਾ ਸੀ ਕਿ ਮੈਂ ਉਨ੍ਹਾਂ ਦੀ ਵਿਰੋਧੀ ਧਿਰ ਦੇ ਹੱਕ 'ਚ ਹਾਂ ਪਰ ਅਜਿਹਾ ਕੁਝ ਵੀ ਨਹੀਂ ਸੀ, ਜਿਸ ਕਾਰਨ ਉਨ੍ਹਾਂ ਨੇ 21 ਸਤੰਬਰ ਦੀ ਸ਼ਾਮ ਉਸਦੇ ਘਰ ਦਾਖ਼ਲ ਹੋ ਉਸ ਦੀ ਗਰਭਵਤੀ ਪਤਨੀ ਨਾਲ ਕੁੱਟਮਾਰ ਕੀਤੀ। ਜਦੋਂ ਉਹ ਆਪਣੀ ਪਤਨੀ ਨੂੰ ਹਸਪਤਾਲ ਲੈ ਕੇ ਗਿਆ ਤਾਂ ਡਾਕਟਰ ਨੇ ਮਿਸਕੈਰੇਜ ਹੋਣ ਦੀ ਗੱਲ ਕਹਿ ਵਾਪਸ ਭੇਜ ਦਿੱਤਾ।

ਜਦੋਂ ਉਹ ਆਪਣੀ ਪਤਨੀ ਨੂੰ ਲੈ ਕੇ ਵਾਪਸ ਆ ਰਿਹਾ ਸੀ, ਤਾਂ ਉਕਤ ਹਮਲਾਵਰਾਂ ਨੇ ਫਿਰ ਤੋਂ ਉਨ੍ਹਾਂ ਦੀ ਰਸਤੇ 'ਚ ਰੋਕ ਕੇ ਕੁੱਟਮਾਰ ਕੀਤੀ। ਜਿਸ ਸਬੰਧੀ ਚੌਂਕੀ ਕੰਗਣਵਾਲ ਦੀ ਪੁਲਸ ਨੂੰ ਸ਼ਿਕਾਇਤ ਦਰਜ ਵੀ ਕਰਵਾਈ ਗਈ। ਓਧਰ ਜਦੋਂ ਇਸ ਸਬੰਧੀ ਚੌਂਕੀ ਇੰਚਾਰਜ ਜਗਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਇਸ ਤਰ੍ਹਾਂ ਦੇ ਕਿਸੇ ਵੀ ਮਾਮਲੇ ਸਬੰਧੀ ਜਾਣਕਾਰੀ ਹੋਣ ਤੋਂ ਕੋਰਾ ਇਨਕਾਰ ਕਰ ਦਿੱਤਾ।


Babita

Content Editor

Related News