ਆਸਟਰੇਲੀਆ ਭੇਜਣ ਦਾ ਝਾਂਸਾ ਦੇ ਕੇ ਠੱਗੇ 3.80 ਲੱਖ

Saturday, Nov 02, 2019 - 07:29 PM (IST)

ਆਸਟਰੇਲੀਆ ਭੇਜਣ ਦਾ ਝਾਂਸਾ ਦੇ ਕੇ ਠੱਗੇ 3.80 ਲੱਖ

ਮੋਗਾ,(ਆਜ਼ਾਦ)– ਮੋਗਾ ਦੇ ਇਮੀਗ੍ਰੇਸ਼ਨ ਸੰਚਾਲਕ ਵੱਲੋਂ ਸਟੱਡੀ ਬੇਸ 'ਤੇ ਆਸਟਰੇਲੀਆ ਭੇਜਣ ਦਾ ਝਾਂਸਾ ਦੇ ਕੇ ਕਿਰਨਪ੍ਰੀਤ ਕੌਰ ਨਿਵਾਸੀ ਬਠਿੰਡਾ ਨਾਲ 3 ਲੱਖ 80 ਹਜ਼ਾਰ ਰੁਪਏ ਦੀ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਂਚ ਤੋਂ ਬਾਅਦ ਇਮੀਗ੍ਰੇਸ਼ਨ ਸੰਚਾਲਕ ਸਮੇਤ ਦੋ ਵਿਰੁੱਧ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਪੁਲਸ ਨੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਕਿਰਨਪ੍ਰੀਤ ਕੌਰ ਪੁੱਤਰੀ ਬਲਵਿੰਦਰ ਸਿੰਘ ਨਿਵਾਸੀ ਬਠਿੰਡਾ ਨੇ ਕਿਹਾ ਕਿ ਉਹ ਬਠਿੰਡਾ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਸਟਾਫ ਨਰਸ ਦੀ ਨੌਕਰੀ ਕਰਦੀ ਹੈ। ਉਸ ਨੇ ਪੀ. ਟੀ. ਈ. ਦਾ ਕੋਰਸ ਪਾਸ ਕੀਤਾ ਹੈ ਅਤੇ ਉਹ ਵਿਦੇਸ਼ ਜਾਣ ਦੀ ਚਾਹਵਾਨ ਸੀ। ਉਸ ਨੂੰ ਪਤਾ ਲੱਗਾ ਕਿ ਮੋਗਾ ਦੇ ਓ. ਈ. ਸੀ. ਸੀ. ਇਮੀਗ੍ਰੇਸ਼ਨ ਸੰਚਾਲਕ ਵਿਦੇਸ਼ ਭੇਜਣ ਦਾ ਕੰਮ ਕਰਦੇ ਹਨ, ਜਿਸ 'ਤੇ ਮੈਂ ਨਵੰਬਰ 2017 'ਚ ਆਪਣੇ ਪਿਤਾ ਨਾਲ ਮੈਨੇਜਰ ਸੁਖਦੇਵ ਸਿੰਘ ਨੂੰ ਆ ਕੇ ਮਿਲੀ ਤਾਂ ਉਨ੍ਹਾਂ ਨਾਲ ਗੱਲਬਾਤ ਕਰਨ ਦੇ ਬਾਅਦ ਉਨ੍ਹਾਂ ਨੂੰ 15 ਹਜ਼ਾਰ ਰੁਪਏ ਆਫਰ ਲੈਟਰ ਲਈ ਦੇ ਦਿੱਤੇ। ਕਰੀਬ ਤਿੰਨ ਮਹੀਨੇ ਬਾਅਦ ਆਫਰ ਲੈਟਰ ਆਉਣ 'ਤੇ ਸੁਖਦੇਵ ਸਿੰਘ ਨੇ ਫੰਡ ਸ਼ੋਅ ਕਰਨ ਲਈ ਦੋ ਲੱਖ ਰੁਪਏ ਨਕਦ ਲੈ ਲਏ ਅਤੇ ਮੇਰਾ ਲੁਧਿਆਣਾ ਤੋਂ ਮੈਡੀਕਲ ਵੀ ਕਰਵਾ ਦਿੱਤਾ। ਉਪਰੰਤ ਕਾਲਜ ਦੀ ਫੀਸ 23 ਜਨਵਰੀ 2018 ਨੂੰ 8 ਲੱਖ 25 ਹਜ਼ਾਰ 59 ਰੁਪਏ, ਜੋ 16080 ਡਾਲਰ ਬਣਦੇ ਹਨ, ਜਮ੍ਹਾ ਕਰਵਾ ਦਿੱਤੀ ਗਈ। ਉਪਰੰਤ ਸੁਖਦੇਵ ਸਿੰਘ ਦੇ ਕਹਿਣ 'ਤੇ 1 ਲੱਖ 80 ਹਜ਼ਾਰ ਰੁਪਏ ਬੀਮਾ ਅਤੇ ਅੰਬੈਸੀ ਫੀਸ ਦੇ ਜਮ੍ਹਾ ਕਰਵਾਏ ਗਏ, ਜਦੋਂ 6-7 ਮਹੀਨੇ ਬੀਤਣ ਤੋਂ ਬਾਅਦ ਵੀਜ਼ਾ ਨਹੀਂ ਆਇਆ ਤਾਂ ਅਸੀਂ ਆ ਕੇ ਪੁੱਛਿਆ ਅਤੇ ਕਿਹਾ ਕਿ ਜੇਕਰ ਕੰਮ ਨਹੀਂ ਹੋ ਸਕਦਾ ਤਾਂ ਮੇਰੀ ਫਾਈਲ ਵਾਪਸ ਕਰਵਾ ਦਿਉ। ਉਪਰੰਤ 19 ਅਕਤੂਬਰ, 2018 ਨੂੰ ਸਾਡੇ ਵੱਲੋਂ ਜਮ੍ਹਾ ਕਰਵਾਈ ਗਈ ਫੀਸ ਦੇ ਪੈਸੇ ਵੀ ਮੇਰੇ ਖਾਤੇ 'ਚ ਵਾਪਸ ਆ ਗਏ, ਜਦੋਂ ਅਸੀਂ ਉਸ ਕੋਲੋਂ ਬਾਕੀ ਫੰਡਾਂ ਅਤੇ ਬੀਮੇ ਦੇ ਪੈਸਿਆਂ ਬਾਰੇ ਪੁੱਛਿਆਂ ਤਾਂ ਉਹ ਟਾਲ-ਮਟੋਲ ਕਰਨ ਲੱਗ ਪਿਆ, ਮੈਨੂੰ ਬਾਅਦ 'ਚ ਪਤਾ ਲੱਗਾ ਕਿ ਅੰਬੈਸੀ ਵੱਲੋਂ 5 ਫਰਵਰੀ, 2018 ਨੂੰ ਮੇਰਾ ਵੀਜ਼ਾ ਰਿਫਿਊਜ਼ ਕਰ ਦਿੱਤਾ ਗਿਆ ਸੀ ਪਰ ਇਸ ਬਾਰੇ ਸਾਨੂੰ ਦੱਸਿਆ ਨਹੀਂ ਗਿਆ। ਇਸ ਤਰ੍ਹਾਂ ਸੁਖਦੇਵ ਸਿੰਘ ਅਤੇ ਕੰਪਨੀ ਦੇ ਸੰਚਾਲਕ ਪ੍ਰਭ ਸਿਮਰਨ ਸਿੰਘ ਨਿਵਾਸੀ ਗੁਰੂ ਅੰਗਦ ਦੇਵ ਕਾਲੋਨੀ ਲੁਧਿਆਣਾ ਨੇ ਮਿਲੀਭੁਗਤ ਕਰ ਕੇ ਮੇਰੇ ਨਾਲ ਠੱਗੀ ਕੀਤੀ ਹੈ।


author

Bharat Thapa

Content Editor

Related News