2 ਕਿੱਲੋ ਅਫੀਮ,14 ਮੋਬਾਇਲ , 22 ਮੋਟਰਸਾਈਕਲਾਂ ਤੇ ਐਕਟਿਵਾ ਸਣੇ 9 ਗ੍ਰਿਫ਼ਤਾਰ

07/20/2021 4:47:02 PM

ਫਿਰੋਜ਼ਪੁਰ (ਕੁਮਾਰ,ਸੰਨੀ ਚੋਪੜਾ): ਜ਼ਿਲ੍ਹਾ ਫਿਰੋਜ਼ਪੁਰ ਵਿੱਚ ਸਮਾਜ ਵਿਰੋਧੀ ਅਨਸਰਾਂ ਦੇ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਥਾਣਾ ਸਿਟੀ ਫਿਰੋਜ਼ਪੁਰ, ਥਾਣਾ ਕੈਂਟ, ਥਾਣਾ ਕੁੱਲਗੜੀ, ਨਾਰਕੋਟਿਕ ਕੰਟਰੋਲ ਸੈੱਲ ਦੀ ਪੁਲਸ ਨੇ 9 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਦੇ ਹੋਏ ਉਨ੍ਹਾਂ ਤੋਂ 2 ਕਿਲੋ ਅਫੀਮ, ਆਉਂਦੇ ਜਾਂਦੇ ਲੋਕਾਂ ਤੋਂ ਖੋਹੇ ਗਏ 14 ਮੋਬਾਇਲ ਫੋਨ ਅਤੇ ਚੋਰੀ ਦੇ 22 ਮੋਟਰਸਾਈਕਲ ਤੇ ਇਕ ਐਕਟਿਵਾ ਸਕੂਟਰ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਦਿੰਦੇ ਹੋਏ ਆਯੋਜਿਤ ਪੱਤਰਕਾਰ ਸੰਮੇਲਨ ਵਿੱਚ ਐੱਸ.ਐੱਸ.ਪੀ. ਫਿਰੋਜ਼ਪੁਰ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਇੰਸਪੈਕਟਰ ਅਭਿਨਵ ਚੌਹਾਨ ਦੀ ਅਗਵਾਈ ਹੇਠ ਥਾਣਾ ਕੁਲਗੜ੍ਹੀ ਦੀ ਪੁਲਸ ਨੇ ਇੰਡੀਕਾ ਕਾਰ ਤੇ ਆਉਂਦੇ ਦੋ ਕਥਿਤ ਤਸਕਰਾਂ ਨੂੰ ਦੋ ਕਿੱਲੋ ਅਫੀਮ ਦੇ ਨਾਲ ਗ੍ਰਿਫ਼ਤਾਰ ਕੀਤਾ ਹੈ।

ਉਨ੍ਹਾਂ ਨੇ ਦੱਸਿਆ ਕਿ ਇੰਸਪੈਕਟਰ ਅਭਿਨਵ ਚੌਹਾਨ ਅਤੇ ਏ.ਐੱਸ.ਆਈ. ਬਲਜਿੰਦਰ ਸਿੰਘ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਗੁਰਪ੍ਰੀਤ ਸਿੰਘ ਪੁੱਤਰ ਮਾਛਾ ਸਿੰਘ ਅਤੇ ਪਰਗਟ ਸਿੰਘ ਦਾ ਪੁੱਤਰ ਮਾਨ ਸਿੰਘ ਅਫੀਮ ਵੇਚਣ ਦੇ ਆਦੀ ਹਨ ਅਤੇ ਆਪਣੀ ਇੰਡੀਕਾ ਕਾਰ ’ਤੇ ਅਫੀਮ ਵੇਚਣ ਨਹੀਂ ਲਈ ਫਲਾਈਓਵਰ ਮੋਗਾ ਰੋਡ ਦੇ ਹੇਠਾਂ ਖੜ੍ਹੇ ਗਾਹਕਾਂ ਦਾ ਇੰਤਜ਼ਾਰ ਕਰ ਰਹੇ ਹਨ। ਇਸ ਗੁਪਤ ਸੂਚਨਾ ਦੇ ਆਧਾਰ ’ਤੇ ਪੁਲਸ ਪਾਰਟੀ ਨੇ ਰੇਡ ਕਰਕੇ ਦੋਵਾਂ ਨਾਮਜ਼ਦ ਵਿਅਕਤੀਆਂ ਨੂੰ ਕਾਬੂ ਕੀਤਾ ਅਤੇ ਤਲਾਸ਼ੀ ਲੈਣ ਤੇ ਉਨ੍ਹਾਂ ਕੋਲੋਂ 2 ਕਿਲੋ ਅਫੀਮ ਬਰਾਮਦ ਹੋਈ। ਐੱਸ.ਐੱਸ.ਪੀ. ਨੇ ਪੱਤਰਕਾਰਾਂ ਨੂੰ ਦੱਸਿਆ ਕਿ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਐੱਸ.ਐੱਚ.ਓ. ਇੰਸਪੈਕਟਰ ਮਨੋਜ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਏ.ਐੱਸ.ਆਈ. ਜਗਰੂਪ ਸਿੰਘ ਦੀ ਅਗਵਾਈ ਹੇਠ ਲੁਟੇਰਾ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਦੇ ਹੋਏ ਉਨ੍ਹਾਂ ਤੋਂ ਵੱਖ-ਵੱਖ ਕੰਪਨੀਆਂ ਦੇ ਲੋਕਾਂ ਤੋਂ ਖੋਹੇ ਹੋਏ 14 ਮੋਬਾਇਲ ਫੋਨ ਅਤੇ ਇੱਕ ਹੀਰੋ ਹਾਂਡਾ ਮੋਟਰਸਾਈਕਲ ਬਰਾਮਦ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਸਿਟੀ ਫਿਰੋਜ਼ਪੁਰ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਲੋਕਾਂ ਤੋਂ ਝਪਟਮਾਰ ਮੋਬਾਇਲ ਫੋਨ ਖੋਹਣ ਵਾਲੇ ਗਿਰੋਹ ਦੇ ਮੈਂਬਰ ਆਕਾਸ਼ ਪੁੱਤਰ ਬਸੰਤ ਵਾਸੀ ਬਸਤੀ ਸ਼ੇਖਾਂ ਵਾਲੀ, ਸੋਨੂੰ ਪੁੱਤਰ ਪੱਪੂ ਬਸਤੀ ਸੁੰਨਵਾਂ ਵਾਲੀ ਅਤੇ ਸਾਜਨ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਬਸਤੀ ਭੱਟੀਆਂ ਵਾਲੀ ਫਿਰੋਜ਼ਪੁਰ ਸ਼ਹਿਰ, ਖੋਹੇ ਹੋਏ ਮੋਬਾਇਲ ਫੋਨ ਵੇਚਣ ਦੇ ਲਈ ਮੱਛੀ ਮੰਡੀ ਸਿਟੀ ਦੇ ਏਰੀਆ ਵਿਚ ਗਾਹਕਾਂ ਦਾ ਇੰਤਜ਼ਾਰ ਕਰ ਰਹੇ ਹਨ। ਪੁਲਸ ਵੱਲੋਂ ਰੇਡ ਕਰਕੇ ਨਾਮਜ਼ਦ ਤਿੰਨਾਂ ਵਿਅਕਤੀਆਂ ਨੂੰ ਇਕ ਸਪਲੈਂਡਰ ਹੀਰੋ ਹਾਂਡਾ ਬਿਨਾਂ ਨੰਬਰੀ ਕਾਲੇ ਰੰਗ ਦੇ ਮੋਟਰਸਾਈਕਲ ਨਾਲ ਕਾਬੂ ਕੀਤਾ ਅਤੇ ਤਲਾਸ਼ੀ ਲੈਣ ਤੇ ਉਨ੍ਹਾਂ ਕੋਲੋਂ ਵੱਖ ਵੱਖ ਕੰਪਨੀਆਂ ਦੇ 14 ਮੋਬਾਇਲ ਫੋਨ ਬਰਾਮਦ ਹੋਏ।

ਐਸ.ਐਸ.ਪੀ. ਫਿਰੋਜ਼ਪੁਰ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਥਾਣਾ ਫਿਰੋਜ਼ਪੁਰ ਛਾਉਣੀ ਦੀ ਪੁਲਸ ਨੇ ਪੀ.ਪੀ.ਐਸ. ਅਧਿਕਾਰੀ ਨਿਖਿਲ ਗਰਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਏ.ਐਸ.ਆਈ. ਸੁਖਦੇਵ ਸਿੰਘ ਇੰਚਾਰਜ ਚੌਂਕੀ ਬਸਤੀ ਟੈਂਕਾਂ ਵਾਲੀ ਅਗਵਾਈ ਹੇਠ ਚੋਰੀ ਦੇ 8 ਮੋਟਰਸਾਈਕਲਾਂ ਅਤੇ ਇੱਕ ਐਕਟਿਵਾ ਸਕੂਟਰ ਦੇ ਨਾਲ ਚੋਰ ਗਰੋਹ ਦੇ ਦੋ ਮੈਂਬਰਾਂ ਵਿਸ਼ਾਲ ਪੁੱਤਰ ਜ਼ੋਰਾ ਵਾਸੀ ਹਾਊਸਿੰਗ ਬੋਰਡ ਕਾਲੋਨੀ ਅਤੇ ਮਨਦੀਪ ਸਿੰਘ ਪੁੱਤਰ ਕੌਰ ਸਿੰਘ ਵਾਸੀ ਪਿੰਡ ਵਕੀਲਾਂ ਵਾਲਾ ਨੂੰ ਗ੍ਰਿਫਤਾਰ ਕੀਤਾ ਹੈ। ਐਸ.ਐਸ.ਪੀ. ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨਾਰਕੋਟਿਕਸ ਕੰਟਰੋਲ ਸੈੱਲ ਫਿਰੋਜ਼ਪੁਰ ਦੀ ਪੁਲਸ ਨੇ ਐਸ.ਐਚ.ਓ. ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਅਤੇ ਏ.ਐਸ.ਆਈ. ਨਰਿੰਦਰਪਾਲ ਸਿੰਘ ਦੀ ਅਗਵਾਈ ਹੇਠ ਮੋਟਰਸਾਈਕਲ ਚੋਰ ਗਰੋਹ ਦੇ ਇਕ ਮੈਂਬਰ ਦੀਪਕ ਪੁੱਤਰ ਹੀਰਾ ਵਾਸੀ ਗੁਰੂਹਰਸਹਾਏ ਨੂੰ ਕਾਬੂ ਕੀਤਾ ਹੈ, ਜਿਸਦੀ ਨਿਸ਼ਾਨਦੇਹੀ ’ਤੇ ਚੋਰੀ ਦੇ 13 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਚੋਰ ਦਾ ਦੂਸਰਾ ਸਾਥੀ ਰਮਨੀ ਵਾਸੀ ਗੁਰੂਹਰਸਹਾਏ ਫਰਾਰ ਹੈ, ਜਿਸਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਵੱਲੋਂ ਛਾਪਾਮਾਰੀ ਕੀਤੀ ਜਾ ਰਹੀ ਹੈ। ਇਸ ਮੌਕੇ ਐਸ.ਪੀ. ਰਤਨ ਸਿੰਘ ਬਰਾੜ ਡੀ.ਐਸ.ਪੀ. ਬਰਿੰਦਰ ਸਿੰਘ ਅਤੇ ਡੀ.ਐਸ.ਪੀ. ਸਤਨਾਮ ਸਿੰਘ ਆਦਿ ਵੀ ਮੌਜੂਦ ਸਨ।


Shyna

Content Editor

Related News